ਮੁੰਬਈ: ਅਦਾਕਾਰ ਰਜਨੀਕਾਂਤ ਅੱਜ ਆਪਣਾ 73ਵਾਂ ਜਨਮਦਿਨ ਮਨਾ ਰਹੇ ਹਨ। ਧਨੁਸ਼ ਅਤੇ ਕਈ ਮਸ਼ਹੂਰ ਹਸਤੀਆਂ ਅਤੇ ਪ੍ਰਸ਼ੰਸਕਾਂ ਨੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆ ਹਨ। ਕਈ ਮਸ਼ਹੂਰ ਸਿਤਾਰੇ, ਪ੍ਰੋਡਕਸ਼ਨ ਹਾਊਸ ਅਤੇ ਪ੍ਰਸ਼ੰਸਕ ਆਪਣੇ ਸੋਸ਼ਲ ਮੀਡੀਆ ਪੇਜਾਂ 'ਤੇ ਫੋਟੋ ਅਤੇ ਵੀਡੀਓ ਦੇ ਨਾਲ ਰਜਨੀਕਾਂਤ ਨੂੰ ਜਨਮਦਿਨ ਦੀਆਂ ਵਧਾਈਆ ਦੇ ਰਹੇ ਹਨ। ਹਰ ਸਾਲ ਰਜਨੀਕਾਂਤ ਦੇ ਜਨਮਦਿਨ 'ਤੇ ਉਨ੍ਹਾਂ ਦੀ ਹਿੱਟ ਫਿਲਮ ਸਿਨੇਮਾਂ ਘਰਾਂ 'ਚ ਦੁਬਾਰਾ ਰਿਲੀਜ਼ ਹੁੰਦੀ ਹੈ। ਇਸੇ ਤਰ੍ਹਾਂ ਇਸ ਸਾਲ ਵੀ ਉਨ੍ਹਾਂ ਦੀ ਬਲਾਕਬਸਟਰ ਫਿਲਮ 'Muthu' ਹਾਲ ਹੀ ਵਿੱਚ ਦੁਬਾਰਾ ਰਿਲੀਜ਼ ਹੋਈ।
ਅਦਾਕਾਰ ਧਨੁਸ਼ ਨੇ ਰਜਨੀਕਾਂਤ ਨੂੰ ਜਨਮਦਿਨ ਦੀ ਦਿੱਤੀ ਵਧਾਈ:ਅਦਾਕਾਰ ਰਜਨੀਕਾਂਤ ਅੱਜ 73 ਸਾਲ ਦੇ ਹੋ ਗਏ ਹਨ। ਉਨ੍ਹਾਂ ਦੇ ਪ੍ਰਸ਼ੰਸਕ ਅਤੇ ਦੋਸਤ ਉਨ੍ਹਾਂ ਦਾ ਜਨਮਦਿਨ ਮਨਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ। ਅਦਾਕਾਰ ਧਨੁਸ਼ ਉਨ੍ਹਾਂ ਨੂੰ ਜਨਮਦਿਮ ਦੀਆਂ ਸ਼ੁਭਕਾਮਨਾਵਾਂ ਦੇਣ ਵਾਲੇ ਪਹਿਲੇ ਮਸ਼ਹੂਰ ਹਸਤੀਆਂ ਵਿੱਚੋ ਇੱਕ ਹਨ। ਉਨ੍ਹਾਂ ਨੇ ਹੱਥ ਜੋੜ ਕੇ ਲਿਖਿਆ," ਹੈਪੀ ਬਰਥਡੇ ਥਲਾਈਵਾ, ਰਜਨੀਕਾਂਤ।
ਰਜਨੀਕਾਂਤ ਦਾ ਕਰੀਅਰ: ਰਜਨੀਕਾਂਤ ਨੇ 2023 'ਚ ਨੈਲਸਨ ਦਿਲੀਪ ਕੁਮਾਰ ਦੀ 'ਜੇਲਰ' ਆਪਣੇ ਕਰੀਅਰ ਦੀ ਸਭ ਤੋਂ ਵੱਡੀ ਹਿੱਟ ਫਿਲਮ ਬਣਾਈ ਸੀ। ਇਸ ਫਿਲਮ ਨੇ ਬਾਕਸ ਆਫਿਸ 'ਤੇ ਦੁਨੀਆਂ ਭਰ 'ਚ 650 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਸੀ। ਦੂਜੇ ਪਾਸੇ, ਉਨ੍ਹਾਂ ਦੀ ਆਉਣ ਵਾਲੀ ਫਿਲਮ 'ਲਾਲ ਸਲਾਮ' ਰਿਲੀਜ਼ ਹੋਣ ਵਾਲੀ ਹੈ, ਜਿਸ 'ਚ ਉਹ ਇੱਕ ਕੈਮਿਓ ਨਿਭਾ ਰਹੇ ਹਨ। ਇਸ ਫਿਲਮ ਦਾ ਨਿਰਦੇਸ਼ਨ ਉਨ੍ਹਾਂ ਦੀ ਬੇਟੀ ਐਸ਼ਵਰਿਆ ਰਜਨੀਕਾਂਤ ਨੇ ਕੀਤਾ ਹੈ। ਇਸ ਦੌਰਾਨ, ਉਹ 'ਜੈ ਭੀਮ' ਫੇਮ ਨਿਰਦੇਸ਼ਕ ਟੀਜੇ ਗਿਆਨਵੇਲ ਦੇ ਨਾਲ ਆਪਣੀ ਆਉਣ ਵਾਲੀ ਫਿਲਮ 'ਥਲਾਈਵਰ 170' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਇਸ ਤੋਂ ਬਾਅਦ ਉਹ 'ਥਲਾਈਵਰ 171' ਲਈ ਨਿਰਦੇਸ਼ਕ ਲੋਕੇਸ਼ ਕਾਨਾਗਰਾਜ ਨਾਲ ਹੱਥ ਮਿਲਾਉਣਗੇ। ਲੋਕੇਸ਼ ਮੁਤਾਬਕ, ਇਹ ਫਿਲਮ ਲੋਕੇਸ਼ ਸਿਨੇਮੈਟਿਕ ਯੂਨੀਵਰਸ ਦਾ ਹਿੱਸਾ ਨਹੀਂ ਸਗੋਂ ਇਕ ਸਟੈਂਡਅਲੋਨ ਹੈ।
ਫਿਲਮ ਥਲਾਈਵਰ 170 ਦਾ ਟਾਈਟਲ ਅਤੇ ਟੀਜ਼ਰ ਇਸ ਸਮੇਂ ਹੋਵੇਗਾ ਰਿਲੀਜ਼:ਆਪਣੇ ਜਨਮਦਿਨ ਮੌਕੇ ਰਜਨੀਕਾਂਤ ਪ੍ਰਸ਼ੰਸਕਾਂ ਨੂੰ ਵੱਡਾ ਤੋਹਫ਼ਾ ਦੇਣ ਜਾ ਰਹੇ ਹਨ। ਰਜਨੀਕਾਂਤ ਆਪਣੀ ਆਉਣ ਵਾਲੀ ਫਿਲਮ 'ਥਲਾਈਵਰ 170' ਦਾ ਟਾਈਟਲ ਅਤੇ ਟੀਜ਼ਰ ਰਿਲੀਜ਼ ਕਰਨ ਵਾਲੇ ਹਨ। ਲਾਇਕਾ ਪ੍ਰੋਡਕਸ਼ਨ ਨੇ ਦੱਖਣੀ ਸੁਪਰਸਟਾਰ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਸ਼ੁਭਕਾਮਨਾਵਾਂ ਦਿੰਦੇ ਹੋਏ 'ਥਲਾਈਵਰ 170' ਦੇ ਟੀਜ਼ਰ ਅਤੇ ਟਾਈਟਲ ਰਿਲੀਜ਼ ਕਰਨ ਦਾ ਐਲਾਨ ਕੀਤਾ ਹੈ। ਐਲਾਨ ਕਰਦੇ ਹੋਏ ਮੇਕਰਸ ਨੇ ਲਿਖਿਆ, 'ਆਓ ਥਲਾਈਵਰ ਦੇ ਜਨਮਦਿਨ ਦਾ ਜਸ਼ਨ ਸ਼ੁਰੂ ਕਰੀਏ, ਕੱਲ੍ਹ ਸ਼ਾਮ 5 ਵਜੇ ਜਨਮਦਿਨ ਟੀਜ਼ਰ ਵੀਡੀਓ ਦੇ ਨਾਲ। ਫਿਲਮ 'ਥਲਾਈਵਰ 170' 'ਚ ਰਜਨੀਕਾਂਤ ਤੋਂ ਇਲਾਵਾ ਅਮਿਤਾਭ ਬੱਚਨ, ਫਹਾਦ ਫਾਸਿਲ, ਰਾਣਾ ਡੱਗੂਬਾਤੀ, ਮੰਜੂ ਵਾਰੀਅਰ, ਰਿਤਿਕਾ ਵਰਗੇ ਸਿਤਾਰੇ ਹਨ। ਜੈ ਭੀਮ ਫੇਮ ਟੀਜੇ ਗਿਆਨਵੇਲ ਇਸ ਫਿਲਮ ਦਾ ਨਿਰਦੇਸ਼ਨ ਕਰ ਰਹੇ ਹਨ, ਜਦਕਿ ਸੰਗੀਤਕਾਰ ਅਨਿਰੁਧ ਰਵੀਚੰਦਰ ਨੇ ਫਿਲਮ ਨੂੰ ਸੰਗੀਤ ਦਿੱਤਾ ਹੈ। ਇਹ ਫਿਲਮ ਲਾਇਕਾ ਪ੍ਰੋਡਕਸ਼ਨ ਦੇ ਬੈਨਰ ਹੇਠ ਬਣ ਰਹੀ ਹੈ।