ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਵਿਲੱਖਣ ਅਤੇ ਸ਼ਾਨਦਾਰ ਪਹਿਚਾਣ ਸਥਾਪਿਤ ਕਰ ਚੁੱਕੇ ਹਨ ਲੋਕ-ਗਾਇਕ ਹਰਭਜਨ ਮਾਨ, ਜੋ ਮਿਆਰੀ ਅਤੇ ਪੰਜਾਬੀ ਸੱਭਿਆਚਾਰ ਦੀ ਤਰਜ਼ਮਾਨੀ ਕਰਦੀ ਗਾਇਕੀ ਨੂੰ ਹੁਲਾਰਾ ਅਤੇ ਪ੍ਰਫੁੱਲਤਾ ਦੇਣ ਵਿੱਚ ਲਗਾਤਾਰ ਭੂਮਿਕਾ ਨਿਭਾਉਂਦੇ ਆ ਰਹੇ ਹਨ, ਜਿਸ ਸੰਬੰਧੀ ਉਨਾਂ ਵੱਲੋਂ ਜਾਰੀ ਇੰਨਾ ਮਾਣਮੱਤੀਆਂ ਕੋਸ਼ਿਸਾਂ ਦੀ ਲੜੀ ਵਜੋਂ ਹੀ ਸਾਹਮਣੇ ਆਉਣ ਜਾ ਰਹੀ ਹੈ ਉਨਾਂ ਦੀ ਨਵੀਂ ਐਲਬਮ 'ਆਨ ਸ਼ਾਨ', ਜਿਸ ਨੂੰ ਜਲਦ ਹੀ ਵੱਖ-ਵੱਖ ਪਲੇਟਫਾਰਮ ਉਪਰ ਰਿਲੀਜ਼ ਕੀਤਾ ਜਾ ਰਿਹਾ ਹੈ।
ਉਨਾਂ ਦੇ ਆਪਣੇ ਘਰੇਲੂ ਸੰਗੀਤਕ ਲੇਬਲ ਐਚਐਮ ਰਿਕਾਰਡਜ਼ ਅਧੀਨ ਸੰਗੀਤਕ ਮਾਰਕੀਟ ਵਿੱਚ ਜਾਰੀ ਕੀਤੇ ਜਾ ਰਹੇ ਇਸ ਸੰਗੀਤਕ ਐਲਬਮ ਵਿੱਚ ਕੁੱਲ ਚਾਰ ਗਾਣੇ ਸ਼ਾਮਿਲ ਕੀਤੇ ਗਏ ਹਨ, ਜਿੰਨਾਂ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਅਜ਼ੀਮ ਗੀਤਕਾਰਾਂ ਦੇ ਤੌਰ 'ਤੇ ਜਾਂਣੇ ਜਾਂਦੇ ਤਿੰਨ ਵੱਖ-ਵੱਖ ਅਤੇ ਅਜਿਹੇ ਗੀਤਕਾਰਾਂ ਵੱਲੋਂ ਰਚਿਆ ਗਿਆ ਹੈ, ਜਿੰਨਾਂ ਵੱਲੋਂ ਰਚੇ ਬੇਸ਼ੁਮਾਰ ਗੀਤ ਮਕਬੂਲੀਅਤ ਅਤੇ ਸਫਲਤਾ ਦੇ ਕਈ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ।
ਇਸੇ ਐਲਬਮ ਸੰਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਇਸ ਬਿਹਤਰੀਨ ਗਾਇਕ ਨੇ ਦੱਸਿਆ ਕਿ ਉਨਾਂ ਦੀ ਪੁਰਾਣੀ ਸ਼ਾਨਾਮੱਤੀ ਸੰਗੀਤਕ ਰਿਵਾਇਤ ਨੂੰ ਕਾਇਮ ਰੱਖਣ ਜਾ ਰਹੇ ਇਸ ਐਲਬਮ ਵਿਚਲੇ ਗੀਤਾਂ ਵਿੱਚ ਸ਼ਾਮਿਲ ਪਹਿਲਾਂ ਅਤੇ ਉਕਤ ਟਾਈਟਲ ਗੀਤ ਬਾਬੂ ਸਿੰਘ ਮਾਨ ਮਰਾੜਾਂ ਵਾਲਾ ਜੀ ਦੀ ਕਲਮ ਰਚਨਾ ਹੈ, ਜਿਸ ਨੂੰ ਮਿਊਜ਼ਿਕ ਵੀਡੀਓ ਸਮੇਤ ਸਭ ਤੋਂ ਪਹਿਲਾਂ ਰਿਲੀਜ਼ ਕੀਤਾ ਜਾ ਰਿਹਾ ਹੈ।