ਚੰਡੀਗੜ੍ਹ: ਪੰਜਾਬੀ ਸਿਨੇਮਾ ਦੀਆਂ ਕਾਫੀ ਸਮੇਂ ਤੋਂ ਉਡੀਕੀਆਂ ਜਾ ਰਹੀਆਂ ਫਿਲਮਾਂ ਵਿੱਚ ਸ਼ੁਮਾਰ ਕਰਵਾਉਂਦੀ 'ਪਰਿੰਦਾ ਪਾਰ ਗਿਆ' ਦਾ ਟ੍ਰੇਲਰ ਗ੍ਰੈਂਡ ਪੱਧਰ 'ਤੇ ਲਾਂਚ ਕਰ ਦਿੱਤਾ ਗਿਆ ਹੈ, ਜਿਸ ਦਾ ਨਿਰਦੇਸ਼ਨ ਸ਼ਿਤਿਜ ਚੌਧਰੀ ਵੱਲੋਂ ਕੀਤਾ ਗਿਆ ਹੈ।
'ਜੀ ਐਸ ਗੋਗਾ ਪ੍ਰੋਡੋਕਸ਼ਨ' ਅਤੇ 'ਆਰ.ਆਰ.ਜੀ ਮੋਸ਼ਨ ਪਿਕਚਰਜ਼' ਦੇ ਬੈਨਰਜ਼ ਹੇਠ ਨਿਰਮਾਤਾਵਾਂ ਰਵੀ ਢਿੱਲੋਂ, ਜਗਦੀਪ ਰੀਹਲ, ਜਸਵਿੰਦਰ ਤੂਰ, ਗੁਰਪ੍ਰੀਤ ਸਿੰਘ ਗੋਗਾ ਵੱਲੋਂ ਨਿਰਮਿਤ ਕੀਤੀ ਗਈ ਇਸ ਫਿਲਮ ਵਿੱਚ ਲੀਡ ਜੋੜੀ ਵਜੋਂ ਗੁਰਨਾਮ ਭੁੱਲਰ ਅਤੇ ਰੂਪੀ ਗਿੱਲ ਨਜ਼ਰ ਆਉਣਗੇ, ਜਦਕਿ ਇਸ ਫਿਲਮ ਦੇ ਹੋਰਨਾਂ ਕਲਾਕਾਰਾਂ ਵਿੱਚ ਤਨਰੋਜ਼ ਸਿੰਘ, ਲਖਨ ਪਾਲ, ਅਸ਼ੌਕ ਤਾਂਗਰੀ ਆਦਿ ਵੀ ਸ਼ਾਮਿਲ ਹਨ।
ਯੂਨਾਈਟਡ ਕਿੰਗਡਮ ਦੀਆਂ ਮਨਮੋਹਕ ਲੋਕੇਸ਼ਨਜ 'ਤੇ ਸ਼ੂਟ ਕੀਤੀ ਗਈ ਇਸ ਡ੍ਰਾਮੈਟਿਕ ਫਿਲਮ ਦਾ ਕੁਝ ਹਿੱਸਾ ਚੰਡੀਗੜ੍ਹ ਅਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਫਿਲਮਬੱਧ ਕੀਤਾ ਗਿਆ ਹੈ। ਟ੍ਰੇਲਰ ਤੋਂ ਪਤਾ ਲੱਗਦਾ ਹੈ ਕਿ ਫਿਲਮ ਦੀ ਕਹਾਣੀ ਇੱਕ ਗਾਇਕ ਦੇ ਸੰਘਰਸ਼ ਨੂੰ ਬਿਆਨ ਕਰਦੀ ਨਜ਼ਰ ਆਵੇਗੀ।
'ਵਾਈਟ ਹਿੱਲ ਸਟੂਡਿਓਜ਼' ਦੁਆਰਾ ਵਰਲਡ-ਵਾਈਡ ਰਿਲੀਜ਼ ਕੀਤੀ ਜਾ ਰਹੀ ਉਕਤ ਫਿਲਮ ਦੇ ਲੇਖਕ ਥਾਪਰ, ਸਿਨੇਮਾਟੋਗ੍ਰਾਫ਼ਰ ਲਲਿਤ ਸਾਹੂ, ਸੈਮ ਮੱਲੀ ਯੂ.ਕੇ, ਸੰਗੀਤਕਾਰ ਗੌਰਵ ਦੇਵ, ਕਾਰਤਿਕ ਦੇਵ, ਮੈਕਸਰਕੀ, ਡੈਡੀ ਬੀਟਸ, ਰਜਤ ਨਾਗਪਾਲ, ਕਾਰਜਕਾਰੀ ਨਿਰਦੇਸ਼ਕ ਗੌਰਵ ਸਰਾਂ, ਚੀਫ ਅਸਿਸਟੈਂਟ ਡਾਇਰੈਕਟਰ ਸੰਦੀਪ ਮੱਲ੍ਹੀ, ਬੈਕਗਰਾਊਂਡ ਸਕੋਰਰ ਸੰਨੀ ਇੰਦਰ ਹਨ।
ਫਿਲਮ ਦਾ ਖਾਸ ਆਕਰਸ਼ਨ ਮਸ਼ਹੂਰ ਗਾਇਕ ਗੁਰਨਜ਼ਰ ਚੱਠਾ ਵੀ ਹੋਣਗੇ, ਜੋ ਇਸ ਫਿਲਮ ਦੁਆਰਾ ਅਦਾਕਾਰਾ ਇਸ਼ਾ ਸ਼ਰਮਾ ਨਾਲ ਪੰਜਾਬੀ ਸਿਨੇਮਾ ‘ਚ ਬਤੌਰ ਅਦਾਕਾਰ ਸ਼ਾਨਦਾਰ ਡੈਬਿਊ ਕਰਨਗੇ, ਜਿਸ ਦੀ ਵੀ ਇਹ ਪਹਿਲੀ ਪੰਜਾਬੀ ਫਿਲਮ ਹੈ। ਇਸ ਤੋਂ ਇਲਾਵਾ ਬਾਲੀਵੁੱਡ ਅਤੇ ਟੈਲੀਵਿਜ਼ਨ ਖੇਤਰ ਵਿੱਚ ਵਿਲੱਖਣ ਪਹਿਚਾਣ ਸਥਾਪਿਤ ਕਰ ਚੁੱਕੀ ਅਦਾਕਾਰਾ ਡੋਨੀ ਕਪੂਰ ਵੀ ਇਸ ਫਿਲਮ ਨਾਲ ਲੰਮੇਂ ਸਮੇਂ ਬਾਅਦ ਪਾਲੀਵੁੱਡ ਵਿੱਚ ਇੱਕ ਹੋਰ ਨਵੀਂ ਸਿਨੇਮਾ ਪਾਰੀ ਦੀ ਸ਼ੁਰੂਆਤ ਕਰੇਗੀ, ਜੋ ਇਸ ਤੋਂ ਪਹਿਲਾਂ ਸਾਲ 2008 ਵਿੱਚ ਆਈ ਪੰਜਾਬੀ ਫਿਲਮ 'ਰੁਸਤਮ-ਏ-ਹਿੰਦ' ਤੋਂ ਇਲਾਵਾ ਬੱਬੂ ਮਾਨ ਸਟਾਰਰ 'ਰੱਬ ਨੇ ਬਣਾਈਆਂ ਜੋੜੀਆਂ' ਸਮੇਤ 'ਇੱਕ ਜਿੰਦ ਇੱਕ ਜਾਨ', 'ਆਈ ਐਮ ਸਿੰਘ', 'ਖੂਨ ਦਾ ਦਾਜ' ਆਦਿ ਜਿਹੀਆਂ ਕਈ ਹੋਰ ਵੱਡੀਆਂ ਫਿਲਮਾਂ ਵਿੱਚ ਲੀਡਿੰਗ ਭੂਮਿਕਾਵਾਂ ਨਿਭਾ ਚੁੱਕੀ ਹੈ।
ਉਨ੍ਹਾਂ ਇਸ ਫਿਲਮ ਵਿਚਲੀ ਆਪਣੀ ਭੂਮਿਕਾ ਸੰਬੰਧੀ ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ ਫਿਲਮ ਵਿੱਚ ਗੁਰਨਾਮ ਭੁੱਲਰ ਨਾਲ ਕਾਫ਼ੀ ਮਹੱਤਵਪੂਰਨ ਕਿਰਦਾਰ ਵਿਚ ਹਾਂ, ਜਿਸ ਦੁਆਰਾ ਦਰਸ਼ਕਾਂ ਨੂੰ ਮੇਰੇ ਕੁਝ ਵੱਖਰੇ ਅਦਾਕਾਰੀ ਸੇਡਜ਼ ਵੇਖਣ ਨੂੰ ਮਿਲਣਗੇ। ਉਨ੍ਹਾਂ ਦੱਸਿਆ ਕਿ ਲੰਮੇਂ ਸਮੇਂ ਬਾਅਦ ਆਪਣੀਆਂ ਅਸਲ ਜੜ੍ਹਾਂ ਨਾਲ ਜੁੜੇ ਸਿਨੇਮਾ ਨਾਲ ਜੁੜ੍ਹਨਾ ਅਤੇ ਇਸ ਸਿਨੇਮਾ ਦੇ ਕਈ ਅਹਿਮ ਕਲਾਕਾਰਾਂ ਨਾਲ ਕੰਮ ਕਰਨਾ ਉਨ੍ਹਾਂ ਲਈ ਯਾਦਗਾਰੀ ਤਜ਼ਰਬਾ ਰਿਹਾ ਹੈ।