ਚੰਡੀਗੜ੍ਹ: 29 ਜੂਨ ਨੂੰ ਰਿਲੀਜ਼ ਹੋਈ ਪੰਜਾਬੀ ਫਿਲਮ 'ਕੈਰੀ ਆਨ ਜੱਟਾ 3' ਦੀ ਸਫ਼ਲਤਾ ਦਾ ਆਨੰਦ ਮਾਣ ਰਹੇ ਅਦਾਕਾਰ ਗਿੱਪੀ ਗਰੇਵਾਲ ਦੀ ਪਤਨੀ ਅਤੇ ਨਿਰਮਾਤਾ ਰਵਨੀਤ ਗਰੇਵਾਲ ਦਾ ਅੱਜ ਜਨਮਦਿਨ ਹੈ। ਅਦਾਕਾਰ ਗਿੱਪੀ ਨੇ ਇਸ ਨਾਲ ਸੰਬੰਧਿਤ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ ਅਤੇ ਇੱਕ ਪਿਆਰਾ ਜਿਹਾ ਕੈਪਸ਼ਨ ਵੀ ਲਿਖਿਆ ਹੈ।
ਅਦਾਕਾਰ ਨੇ ਲਿਖਿਆ ਹੈ 'ਜਨਮਦਿਨ ਮੁਬਾਰਕ ਪਿਆਰ, ਤੁਹਾਡਾ ਜਨਮਦਿਨ ਓਨਾ ਹੀ ਖਾਸ ਹੋਵੇ ਜਿੰਨਾ ਤੁਸੀਂ ਮੇਰੇ ਲਈ ਹਰ ਪੱਖੋਂ ਖਾਸ ਹੋ, ਲਵ ਯੂ @ravneetgrewalofficial।' ਇਸ ਦੇ ਨਾਲ ਹੀ ਅਦਾਕਾਰ ਨੇ ਇੱਕ ਰੁਮਾਂਟਿਕ ਵੀਡੀਓ ਵੀ ਸਾਂਝਾ ਕੀਤਾ ਹੈ, ਜਿਸ ਵਿੱਚ ਅਦਾਕਾਰ ਅਤੇ ਉਸ ਦੀ ਪਤਨੀ ਰਵਨੀਤ ਕੌਰ ਦੇ ਇੱਕਠੇ ਪਲ਼ ਦਿਖਾਏ ਗਏ ਹਨ। ਵੀਡੀਓ ਦੇ ਪਿੱਛੇ ਗਿੱਪੀ ਗਰੇਵਾਲ ਦੀ ਆਵਾਜ਼ ਵਿੱਚ ਹੀ ਗੀਤ ਚੱਲ ਰਿਹਾ ਹੈ।
ਹੁਣ ਇਸ ਵੀਡੀਓ ਨੂੰ ਦੇਖ ਕੇ ਪ੍ਰਸ਼ੰਸਕ ਕਈ ਤਰ੍ਹਾਂ ਦੇ ਕਮੈਂਟ ਕਰ ਰਹੇ ਹਨ, ਪ੍ਰਸ਼ੰਸਕਾਂ ਤੋਂ ਇਲਾਵਾ ਕਈ ਦਿੱਗਜ ਸਿਤਾਰੇ ਵੀ ਵਧਾਈ ਸੰਦੇਸ਼ ਭੇਜ ਰਹੇ ਹਨ, ਜਿਸ ਵਿੱਚ ਹਿਨਾ ਖਾਨ, ਸੀਮਾ ਕੌਸ਼ਲ ਅਤੇ ਹੋਰ ਮੰਝੇ ਹੋਏ ਕਲਾਕਾਰ ਸ਼ਾਮਿਲ ਹਨ।
ਦੱਸ ਦਈਏ ਕਿ ਰਵਨੀਤ ਸਿਰਫ਼ ਗਿੱਪੀ ਗਰੇਵਾਲ ਦੀ ਜ਼ਿੰਦਗੀ ਹੀ ਨਹੀਂ ਸਗੋਂ ਉਸ ਦੀ ਕਾਰੋਬਾਰੀ ਸਾਥੀ ਵੀ ਹੈ। ਦੋਵੇਂ ਚੰਗੇ ਬੁਰੇ ਪਲ਼ਾਂ ਵਿਚ ਇਕ-ਦੂਜੇ ਨਾਲ ਖੜ੍ਹੇ ਹਨ। ਰਵਨੀਤ ਉਦੋਂ ਉਸ ਦੇ ਨਾਲ ਸੀ ਜਦੋਂ ਗਿੱਪੀ ਗਰੇਵਾਲ ਪੰਜਾਬੀ ਇੰਡਸਟਰੀ ਦਾ ਕੋਈ ਵੱਡਾ ਸਟਾਰ ਨਹੀਂ ਸੀ ਅਤੇ ਉਹ ਅੱਜ ਵੀ ਉਸਦੇ ਨਾਲ ਹੈ ਜਦੋਂ ਉਸਨੂੰ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ।
ਹੁਣ ਰਵਨੀਤ ਕੌਰ ਗਰੇਵਾਲ ਇੱਕ ਮਸ਼ਹੂਰ ਪੰਜਾਬੀ ਨਿਰਮਾਤਾ ਹੈ, ਜਿਸਨੇ ਆਪਣੇ ਪ੍ਰੋਡਕਸ਼ਨ ਹਾਊਸ 'ਹੰਬਲ ਮਿਊਜ਼ਿਕ ਅਤੇ ਹੰਬਲ ਮੋਸ਼ਨ ਪਿਕਚਰਜ਼' ਦੇ ਬੈਨਰ ਹੇਠ ਬਹੁਤ ਸਾਰੀਆਂ ਹਿੱਟ ਪੰਜਾਬੀ ਫਿਲਮਾਂ ਪੇਸ਼ ਕੀਤੀਆਂ ਹਨ, ਉਹ ਇਕਲੌਤੀ ਮਹਿਲਾ ਪੰਜਾਬੀ ਨਿਰਮਾਤਾ ਹੈ।