ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਉੱਚ ਕੋਟੀ ਸਿਤਾਰਿਆਂ ਵਿੱਚ ਆਪਣਾ ਸ਼ੁਮਾਰ ਕਰਵਾ ਰਹੇ ਗਿੱਪੀ ਗਰੇਵਾਲ ਵੱਲੋਂ ਅਪਣੀ ਸੁਪਰ-ਡੁਪਰ ਹਿੱਟ ਅਤੇ ਚਰਚਿਤ 'ਅਰਦਾਸ' ਸੀਰੀਜ਼ ਦੇ ਤੀਸਰੇ ਸੀਕਵਲ ਭਾਗ 'ਅਰਦਾਸ ਸਰਬੱਤ ਦੇ ਭਲੇ ਦੀ' ਦਾ ਐਲਾਨ ਕਰ ਦਿੱਤਾ ਗਿਆ ਹੈ, ਜੋ ਰਸਮੀ ਐਲਾਨ ਅਤੇ ਮਹੂਰਤ ਉਪਰੰਤ ਆਪਣੇ ਸ਼ੂਟਿੰਗ ਪੜਾਅ ਵੱਲ ਵੱਧ ਚੁੱਕੀ ਹੈ।
ਹਿੰਦੀ ਫਿਲਮਾਂ ਦੇ ਨਾਮੀ ਫਿਲਮ ਨਿਰਮਾਣ ਹਾਊਸ 'ਪਨੋਰਮਾ ਸਟੂਡੀਓਜ਼' ਅਤੇ ਗਿੱਪੀ ਗਰੇਵਾਲ ਦੇ ਘਰੇਲੂ ਪ੍ਰੋਡੋਕਸ਼ਨ 'ਹੰਬਲ ਮੋਸ਼ਨ ਪਿਕਚਰਜ਼' ਦੁਆਰਾ ਬਣਾਈ ਜਾ ਰਹੀ ਇਸ ਫਿਲਮ ਦਾ ਨਿਰਦੇਸ਼ਨ ਗਿੱਪੀ ਗਰੇਵਾਲ ਖੁਦ ਕਰਨਗੇ, ਜਦਕਿ ਇਸ ਦੇ ਸਿਨੇਮਾਟੋਗ੍ਰਾਫ਼ਰ ਦੇ ਤੌਰ 'ਤੇ ਜਿੰਮੇਵਾਰੀ ਬਲਜੀਤ ਸਿੰਘ ਦਿਓ ਸੰਭਾਲਣਗੇ, ਜੋ ਇਸ ਤੋਂ ਪਹਿਲਾਂ ਵੀ ਗਿੱਪੀ ਗਰੇਵਾਲ ਦੀਆਂ ਕਈ ਫਿਲਮਾਂ ਨੂੰ ਬਿਹਤਰੀਨ ਮੁਹਾਂਦਰਾ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ।
ਸਾਲ 2016 ਆਈ 'ਅਰਦਾਸ' ਅਤੇ ਸਾਲ 2019 ਵਿੱਚ ਰਿਲੀਜ਼ ਹੋਈ ਪਰਿਵਾਰਕ-ਡਰਾਮਾ 'ਅਰਦਾਸ ਕਰਾਂ' ਅਦਾਕਾਰ ਗਿੱਪੀ ਗਰੇਵਾਲ ਦੀਆਂ ਬਤੌਰ ਨਿਰਦੇਸ਼ਕ ਆਈਆਂ ਉਨਾਂ ਦੀਆਂ ਹੁਣ ਤੱਕ ਦੀਆਂ ਬਿਹਤਰੀਨ ਅਤੇ ਉਮਦਾ ਫਿਲਮਾਂ ਵਿਚ ਸ਼ੁਮਾਰ ਰਹੀਆਂ ਹਨ ਜਿੰਨਾਂ ਨੂੰ ਮਿਲੀ ਸਫਲਤਾ ਅਤੇ ਸਲਾਹੁਤਾ ਉਪਰੰਤ ਇਸ ਨੂੰ ਤੀਸਰੇ ਭਾਗ ਦੇ ਰੂਪ ਵਿਚ ਸਾਹਮਣੇ ਲਿਆਂਦਾ ਜਾ ਰਿਹਾ ਹੈ, ਜਿਸ ਨੂੰ ਇਸ ਵਾਰ ਸਿਨੇਮਾ ਸਿਰਜਨਾ ਦੇ ਹੋਰ ਅਲਹਦਾ ਰੂਪ ਦੇਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਦਾ ਇਜ਼ਹਾਰ ਫਿਲਮ ਦੀ ਸਟਾਰ ਕਾਸਟ ਵਿੱਚ ਪਹਿਲੀ ਵਾਰ ਸ਼ਾਮਿਲ ਕੀਤੇ ਗਏ ਕੁਝ ਨਵੇਂ ਅਤੇ ਪੰਜਾਬੀ ਸਿਨੇਮਾ ਦੇ ਚਰਚਿਤ ਅਤੇ ਸਫਲ ਨਾਂਅ ਵੀ ਭਲੀਭਾਂਤ ਕਰਵਾ ਰਹੇ ਹਨ।
ਮੋਹਾਲੀ-ਖਰੜ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਫਿਲਮਾਈ ਜਾਣ ਵਾਲੀ ਇਸ ਫਿਲਮ ਦੇ ਨਿਰਮਾਤਾ ਕੁਮਾਰ ਮੰਗਤ ਪਾਠਕ, ਸਹਿ ਨਿਰਮਾਤਾ ਭਾਨਾ ਲਾ, ਵਿਨੋਦ ਅਸਵਾਲ, ਕਾਰਜਕਾਰੀ ਨਿਰਮਾਤਾ ਹਰਦੀਪ ਦੁੱਲਟ ਅਤੇ ਗੀਤਕਾਰ ਹੈਪੀ ਰਾਏਕੋਟੀ ਹਨ, ਜਦਕਿ ਇਸ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਗੁਰਪ੍ਰੀਤ ਘੁੱਗੀ, ਪ੍ਰਿੰਸ ਕੰਵਲਜੀਤ ਸਿੰਘ, ਨਿਰਮਲ ਰਿਸ਼ੀ, ਰਾਣਾ ਜੰਗ ਬਹਾਦਰ, ਰਘੂਬੀਰ ਬੋਲੀ, ਜੈਸਮੀਨ ਭਸੀਨ, ਮਲਕੀਤ ਰੌਣੀ ਆਦਿ ਲੀਡਿੰਗ ਕਿਰਦਾਰ ਨਿਭਾ ਰਹੇ ਹਨ, ਜਿੰਨਾਂ ਤੋਂ ਇਲਾਵਾ ਪਾਲੀਵੁੱਡ ਦੇ ਕਈ ਹੋਰ ਮੰਝੇ ਹੋਏ ਕਲਾਕਾਰ ਵੀ ਮਹੱਤਵਪੂਰਨ ਭੂਮਿਕਾਵਾਂ ਵਿਚ ਵਿਖਾਈ ਦੇਣਗੇ।