ਚੰਡੀਗੜ੍ਹ: ਗੀਤਕਾਰ ਅਤੇ ਸੰਗੀਤਕਾਰ ਜਾਨੀ ਮਿਊਜ਼ਿਕ ਇੰਡਸਟਰੀ 'ਤੇ ਦਬਦਬਾ ਬਣਾਉਣ ਤੋਂ ਬਾਅਦ ਪੰਜਾਬੀ ਪ੍ਰੋਡਕਸ਼ਨ 'ਚ ਪੈਰ ਧਰਨ ਲਈ ਤਿਆਰ ਹੋ ਰਹੇ ਹਨ। ਉਸ ਦੀ ਅਤੇ ਅਰਵਿੰਦ ਖਹਿਰਾ ਦੀ ਪਹਿਲੀ ਪੰਜਾਬੀ ਫਿਲਮ 'ਜੱਟ ਨੂੰ ਚੁੜੇਲ ਟੱਕਰੀ' ਹੈ। ਜਿਸ ਵਿੱਚ ਉਹ ਨਿਰਮਾਤਾਵਾਂ ਦੀ ਭੂਮਿਕਾ ਨਿਭਾਉਣ ਲਈ ਤਿਆਰ ਹਨ। ਹੁਣ ਫਿਲਮ ਬਾਰੇ ਤਾਜ਼ਾ ਅਪਡੇਟ ਸਾਹਮਣੇ ਆ ਰਿਹਾ ਹੈ। ਜੀ ਹਾਂ...ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ।
ਇਸ ਬਾਰੇ ਜਾਣਕਾਰੀ ਸਿਤਾਰਿਆਂ ਨੇ ਆਪਣੇ ਇੰਸਟਾਗ੍ਰਾਮ ਉਤੇ ਸਾਂਝੀ ਕੀਤੀ ਅਤੇ ਲਿਖਿਆ ' ਜੱਟ ਨੂੰ ਚੁੜੇਲ ਟੱਕਰੀ 13 ਅਕਤੂਬਰ 2023, ਨੂੰ ਰਿਲੀਜ਼ ਹੋ ਰਹੀ ਹੈ।' ਇਸ ਦੇ ਨਾਲ ਹੀ ਅਦਾਕਾਰ ਨੇ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ, ਤਸਵੀਰ ਵਿੱਚ ਗਾਇਕ ਜਾਨੀ ਕਾਲੀ ਸ਼ਰਟ ਵਿੱਚ, ਸਰਗੁਣ ਮਹਿਤਾ ਲਾਲ ਸੂਟ ਵਿੱਚ, ਗਿੱਪੀ ਕੁੜਤੇ ਪਜਾਮੇ ਵਿੱਚ ਨਜ਼ਰ ਆ ਰਹੇ ਹਨ।
ਦੱਸ ਦਈਏ ਕਿ ਜੱਟ ਨੂੰ ਚੁੜੇਲ ਟੱਕਰੀ ਦੀ ਸ਼ੂਟਿੰਗ ਆਖਿਰਕਾਰ ਸ਼ੁਰੂ ਹੋ ਗਈ ਹੈ। ਇਸ ਤੋਂ ਪਹਿਲਾਂ ਰਿਲੀਜ਼ ਡੇਟ ਅਤੇ ਫਰਸਟ ਲੁੱਕ ਪੋਸਟਰ ਆ ਚੁੱਕਾ ਹੈ ਅਤੇ ਹੁਣ ਇਹ ਜਾਣਕਾਰੀ ਪ੍ਰਸ਼ੰਸਕਾਂ ਨੂੰ ਹੋਰ ਉਤਸ਼ਾਹਿਤ ਕਰਨ ਲਈ ਕਾਫੀ ਹੈ। ਜੱਟ ਨੂੰ ਚੁੜੇਲ ਟੱਕਰੀ ਵਿੱਚ ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਮੁੱਖ ਭੂਮਿਕਾਵਾਂ ਵਿੱਚ ਹਨ, ਜੋ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਤੋਂ ਬਾਅਦ ਉਹਨਾਂ ਦਾ ਦੂਜਾ ਕੰਮ ਹੋਵੇਗਾ।