ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਸਫਲ ਪਹਿਚਾਣ ਹਾਸਿਲ ਕਰ ਚੁੱਕੇ ਬਹੁ-ਚਰਚਿਤ ਫ਼ਨਕਾਰ ਗੀਤਾ ਜ਼ੈਲਦਾਰ ਅਤੇ ਮਿਸ ਪੂਜਾ ਇੱਕ ਹੋਰ ਗੀਤ '15 ਐਮ ਐਲ' ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਸਨਮੁੱਖ ਹੋਣ ਜਾ ਰਹੇ ਹਨ, ਜਿਸ ਨੂੰ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ 'ਤੇ ਜਾਰੀ ਕੀਤਾ ਜਾ ਰਿਹਾ ਹੈ।
'ਟੀ-ਸੀਰੀਜ਼' ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਟਰੈਕ ਦਾ ਸੰਗੀਤ (Geeta Zaildar And Miss Pooja New Song) ਜੱਸੀ ਐਕਸ ਵੱਲੋਂ ਤਿਆਰ ਕੀਤਾ ਗਿਆ ਹੈ, ਜਦਕਿ ਇਸ ਦੇ ਬੋਲ ਅਰਜਨ ਵਿਰਕ ਨੇ ਲਿਖੇ ਹਨ, ਜੋ ਇਸ ਤੋਂ ਪਹਿਲਾਂ ਵੀ ਕਈ ਹਿੱਟ ਗੀਤਾਂ ਦਾ ਲੇਖਨ ਕਰ ਚੁੱਕੇ ਹਨ।
ਇਸ ਨਵੇਂ ਟਰੈਕ ਸੰਬੰਧੀ ਜਾਣਕਾਰੀ ਦਿੰਦਿਆਂ ਗਾਇਕ ਗੀਤਾ ਜ਼ੈਲਦਾਰ ਨੇ ਦੱਸਿਆ ਕਿ ਪੁਰਾਤਨ ਸਮਿਆਂ ਤੋਂ ਪੰਜਾਬੀ ਸੱਭਿਆਚਾਰ ਅਤੇ ਰੀਤੀ ਰਿਵਾਜ਼ਾਂ ਵਿੱਚ ਜੀਜਾ ਅਤੇ ਸਾਲੀ ਦਾ ਰਿਸ਼ਤਾ ਇੱਕ ਮੋਹ ਭਰੇ ਪ੍ਰਤੀਕ ਵਜੋਂ ਮੰਨਿਆ ਜਾਂਦਾ ਰਿਹਾ ਹੈ, ਜਿੰਨ੍ਹਾਂ ਨਾਲ ਜੁੜੀਆਂ ਕਈ ਆਪਸੀ ਰਸਮਾਂ ਦਾ ਨਿਭਾਅ ਅੱਜ ਤੱਕ ਵਿਆਹਾਂ ਵਿੱਚ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਉਕਤ ਨੋਕ-ਝੋਕ ਭਰੇ ਰਿਸ਼ਤਿਆਂ ਦੀ ਹੀ ਤਰਜ਼ਮਾਨੀ ਕਰਨ ਜਾ ਰਿਹਾ ਹੈ ਉਨ੍ਹਾਂ ਦਾ ਇਹ ਨਵਾਂ ਗੀਤ, ਜਿਸ ਨੂੰ ਉਨ੍ਹਾਂ ਨਾਲ ਮਿਸ ਪੂਜਾ ਵੱਲੋਂ ਬਹੁਤ ਹੀ ਖੁੰਬ ਕੇ ਅਤੇ ਅਤਿ ਸੁਰੀਲੇਪਣ ਅੰਦਾਜ਼ ਵਿੱਚ ਗਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਪੰਜਾਬੀ ਗਾਇਕੀ ਵਿੱਚ ਆਪਣੀ ਵਿਲੱਖਣ ਭੱਲ ਕਾਇਮ ਕਰ ਚੁੱਕੀ ਇਸ ਬਾਕਮਾਲ ਗਾਇਕਾ ਨਾਲ ਉਨ੍ਹਾਂ ਦਾ ਪਹਿਲਾਂ ਵੀ ਸੰਗੀਤਕ ਟਰੈਕ 'ਕਿੱਲਰ ਰਕਾਨ' ਮਾਰਕੀਟ ਵਿੱਚ ਆ ਚੁੱਕਾ ਹੈ, ਜਿਸ ਨੂੰ ਸਰੋਤਿਆਂ ਅਤੇ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ।
ਪੰਜਾਬ ਤੋਂ ਲੈ ਕੇ ਵਿਦੇਸ਼ੀ ਗਲਿਆਰਿਆਂ ਵਿੱਚ ਪੰਜਾਬੀ ਗੀਤ ਅਤੇ ਸੰਗੀਤ ਦੀ ਧੱਕ ਕਾਇਮ ਕਰ ਰਹੇ ਗੀਤਾ ਜ਼ੈਲਦਾਰ ਨੇ ਅਪਣੀਆਂ ਆਗਾਮੀ ਸੰਗੀਤਕ ਯੋਜਨਾਵਾਂ ਅਤੇ ਰੁਝੇਵਿਆਂ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ਅਗਲੇ ਦਿਨ੍ਹੀਂ ਉਨ੍ਹਾਂ ਦਾ ਪੰਜਾਬ-ਭਰ ਨਾਲ ਸੰਬੰਧਤ ਇੱਕ ਵਿਸ਼ੇਸ਼ ਸੰਗੀਤਕ ਕੰਨਸਰਟ ਟੂਰ ਸਿਲਸਿਲਾ ਵੀ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਦੇ ਮੱਦੇਨਜ਼ਰ ਵੱਖ-ਵੱਖ ਸ਼ਹਿਰਾਂ ਵਿੱਚ ਗ੍ਰੈਂਡ ਸੰਗੀਤਕ ਕੰਨਸਰਟ ਕੀਤੇ ਜਾਣਗੇ। ਇਸ ਉਪਰੰਤ ਵੱਖ-ਵੱਖ ਮੁਲਕਾਂ ਵਿੱਚ ਵੀ ਉਨ੍ਹਾਂ ਦੇ ਵੱਡੇ ਸੋਅਜ਼ ਉਲੀਕੇ ਜਾ ਚੁੱਕੇ ਹਨ, ਜਿਸ ਦੀਆਂ ਤਿਆਰੀਆਂ ਇੰਨ੍ਹੀਂ ਦਿਨ੍ਹੀਂ ਜ਼ੋਰਾਂ-ਸ਼ੋਰਾਂ ਨਾਲ ਆਯੋਜਕਾਂ ਵੱਲੋਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ।
ਪੰਜਾਬੀ ਮਿਊਜ਼ਿਕ ਦੇ ਨਾਲ-ਨਾਲ ਪੰਜਾਬੀ ਸਿਨੇਮਾ ਖੇਤਰ ਵਿੱਚ ਵੀ ਨਵੀਂ ਪਾਰੀ ਦਾ ਆਗਾਜ਼ ਕਰਨ ਵੱਲ ਵੱਧ ਚੁੱਕੇ ਇਸ ਉੱਚੀ ਹੇਕ ਅਤੇ ਉਮਦਾ ਗਾਇਕ ਨੇ ਦੱਸਿਆ ਕਿ ਨਿਰਦੇਸ਼ਕ ਮੁਸ਼ਤਾਕ ਪਾਸ਼ਾ ਦੀ 'ਵਿਆਹ 70 ਕਿਲੋਮੀਟਰ' ਵਿੱਚ ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਖਾਸਾ ਪਸੰਦ ਕੀਤਾ ਗਿਆ ਸੀ, ਪਰ ਇਸ ਤੋਂ ਬਾਅਦ ਗਾਇਕੀ ਦੇ ਦੇਸ਼ ਵਿਦੇਸ਼ ਰੁਝੇਵਿਆਂ ਦੇ ਚੱਲਦਿਆਂ ਉਹ ਪੂਰੀ ਤਰ੍ਹਾਂ ਇਸ ਪਾਸੇ ਧਿਆਨ ਕੇਂਦਰਿਤ ਨਹੀਂ ਕਰ ਪਾਏ, ਪਰ ਹੁਣ ਜਲਦੀ ਹੀ ਕੁਝ ਪ੍ਰੋਜੈਕਟਾਂ ਦਾ ਹਿੱਸਾ ਬਣਾਂਗਾ, ਜਿਸ ਸੰਬੰਧੀ ਸਾਹਮਣੇ ਆਏ ਪ੍ਰੋਜੈਕਟਾਂ ਵੱਲ ਪੂਰਨ ਨਜ਼ਰਸਾਨੀ ਕਰ ਰਿਹਾ ਹਾਂ।