ਚੰਡੀਗੜ੍ਹ: ਨਿਰਦੇਸ਼ਕ ਪੰਕਜ ਬੱਤਰਾ ਦੁਆਰਾ ਨਿਰਦੇਸ਼ਿਤ ਪੰਜਾਬੀ ਫਿਲਮ 'ਮਿੱਤਰਾਂ ਦਾ ਨਾਂ ਚੱਲਦਾ' ਆਪਣੇ ਵਿਸ਼ਵ ਡਿਜੀਟਲ ਪ੍ਰੀਮੀਅਰ ਲਈ ਤਿਆਰ ਹੈ। ਗਿੱਪੀ ਗਰੇਵਾਲ, ਸ਼ਵੇਤਾ ਤਿਵਾਰੀ, ਤਾਨੀਆ, ਰਾਜ ਸ਼ੋਕਰ, ਰੇਣੂ ਕੌਸ਼ਲ ਅਤੇ ਅਨੀਤਾ ਦੇਵਗਨ ਸਟਾਰਰ ਫਿਲਮ ਨੂੰ ਬਾਕਸ ਆਫਿਸ 'ਤੇ ਵਧੀਆ ਹੁੰਗਾਰਾ ਮਿਲਿਆ, ਜਿਸ ਤੋਂ ਬਾਅਦ ਫਿਲਮ ਦੇ ਨਿਰਮਾਤਾ ਹੁਣ ਇਸਨੂੰ OTT ਪਲੇਟਫਾਰਮ ZEE5 'ਤੇ ਲਿਆ ਰਹੇ ਹਨ। 'ਮਿੱਤਰਾਂ ਦਾ ਨਾਂ ਚੱਲਦਾ' ਦਾ ਵਰਲਡ ਪ੍ਰੀਮੀਅਰ 14 ਅਪ੍ਰੈਲ ਨੂੰ ZEE5 'ਤੇ ਹੋਵੇਗਾ।
ਤੁਹਾਨੂੰ ਦੱਸ ਦਈਏ ਕਿ ਫਿਲਮ ਦੀ ਕਹਾਣੀ ਤਿੰਨ ਮੁਟਿਆਰਾਂ ਦੇ ਆਲੇ ਦੁਆਲੇ ਘੁੰਮਦੀ ਹੈ ਜੋ ਚੰਡੀਗੜ੍ਹ ਵਿੱਚ ਕੰਮ ਕਰਨ ਲਈ ਆਪਣਾ ਘਰ ਛੱਡ ਕੇ ਪੇਇੰਗ ਗੈਸਟ ਵਜੋਂ ਇਕੱਠੇ ਰਹਿੰਦੀਆਂ ਹਨ। ਕੰਮ 'ਤੇ ਜਿਨਸੀ ਸ਼ੋਸ਼ਣ ਦਾ ਸਾਹਮਣਾ ਕਰਦੇ ਹੋਏ ਉਨ੍ਹਾਂ ਨੂੰ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਨ ਲਈ ਸੰਘਰਸ਼ ਕਰਨ ਦੀ ਜ਼ਰੂਰਤ ਹੈ, ਪਰ ਉਦੋਂ ਉਹ ਕਤਲ ਦੀ ਜਾਂਚ ਵਿੱਚ ਸ਼ੱਕੀ ਹੋ ਜਾਂਦੀਆਂ ਹਨ ਤਾਂ ਸਭ ਕੁਝ ਬਦਲ ਜਾਂਦਾ ਹੈ। ਫਿਲਮ ਦੇ ਮੂਲ ਵਿੱਚ ਇੱਕ ਮਜ਼ਬੂਤ ਸੰਦੇਸ਼ ਹੈ ਅਤੇ ਇਹ ਸਮਾਜ ਦੇ ਪ੍ਰਮੁੱਖ ਮੁੱਦਿਆਂ ਜਿਵੇਂ ਕਿ ਲਿੰਗ ਭੇਦ, ਕੰਮ ਵਾਲੀ ਥਾਂ 'ਤੇ ਔਰਤਾਂ ਨੂੰ ਆਉਂਦੀ ਪਰੇਸ਼ਾਨੀ ਨੂੰ ਉਜਾਗਰ ਕਰਦੀ ਹੈ।
ਨਿਰਦੇਸ਼ਕ ਪੰਕਜ ਬੱਤਰਾ ਨੇ ਫਿਲਮ ਦੇ ਬਾਰੇ ਕਿਹਾ ਕਿ ਮੈਂ ਹਮੇਸ਼ਾ ਸਾਰਥਕ ਪਰ ਮੰਨੋਰੰਜਕ ਕਹਾਣੀਆਂ ਸੁਣਾਉਂਣਾ ਚਾਹੁੰਦਾ ਸੀ ਅਤੇ ਮੈਨੂੰ ਖੁਸ਼ੀ ਹੈ ਕਿ ਮੈਨੂੰ ਆਪਣੀਆਂ ਫਿਲਮਾਂ ਰਾਹੀਂ ਅਜਿਹਾ ਕਰਨ ਦਾ ਮੌਕਾ ਮਿਲਿਆ ਹੈ। ਬਾਕਸ ਆਫਿਸ 'ਤੇ ਚੰਗਾ ਹੁੰਗਾਰਾ ਮਿਲਣ ਤੋਂ ਬਾਅਦ ZEE5 'ਤੇ ਫਿਲਮ ਨੂੰ ਰਿਲੀਜ਼ ਕਰਨ ਜਾ ਰਹੇ ਹਾਂ।