ਚੰਡੀਗੜ੍ਹ: ਬਿੱਗ ਬੌਸ 13 ਫੇਮ ਮਾਹਿਰਾ ਸ਼ਰਮਾ ਜੋ ਆਪਣੇ ਅੰਦਾਜ਼ ਅਤੇ ਤਸਵੀਰਾਂ ਨਾਲ ਆਏ ਦਿਨ ਚਰਚਾ ਵਿੱਚ ਰਹਿੰਦੀ ਹੈ। ਮਾਹਿਰਾ ਪੰਜਾਬੀ ਦੇ ਕਈ ਗੀਤਾਂ ਵਿੱਚ ਵੀ ਨਜ਼ਰ ਆ ਚੁੱਕੀ ਹੈ। ਮਾਹਿਰਾ ਨੇ ਹੁਣ ਆਪਣੇ ਪ੍ਰਸ਼ੰਸਕਾਂ ਨੂੰ ਇੱਕ ਵੱਡੀ ਖੁਸ਼ਖਬਰੀ ਦਿੱਤੀ ਹੈ, ਜੀ ਹਾਂ...ਮਾਹਿਰਾ ਹੁਣ ਸੁਪਰਸਟਾਰ ਰਣਜੀਤ ਬਾਵਾ ਦੇ ਨਾਲ ਫਿਲਮ 'ਲੈਂਬਰਗਿੰਨੀ' ਨਾਲ ਆਪਣੀ ਪੰਜਾਬੀ ਫਿਲਮ ਦੀ ਸ਼ੁਰੂਆਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਨਿਰਮਾਤਾਵਾਂ ਨੇ ਹੁਣ ਫਿਲਮ ਦੀ ਪਹਿਲੀ ਝਲਕ ਅਤੇ ਨਵੀਂ ਰਿਲੀਜ਼ ਡੇਟ ਦਾ ਪਰਦਾਫਾਸ਼ ਕਰਕੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ ਹੈ।
ਮਾਹਿਰਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ 'ਤੇ ਜਾ ਕੇ ਆਪਣੀ ਪੋਸਟ ਰਾਹੀਂ ਪਹਿਲਾਂ ਲੁੱਕ ਪੋਸਟਰ ਸਾਂਝਾ ਕਰਕੇ ਆਪਣੇ ਪ੍ਰਸ਼ੰਸਕਾਂ ਨਾਲ ਖੁਸ਼ਖਬਰੀ ਸਾਂਝੀ ਕੀਤੀ ਹੈ। ਉਹ ਆਪਣੀ ਪੰਜਾਬੀ ਫਿਲਮ ਡੈਬਿਊ ਲਈ ਕਾਫੀ ਘਬਰਾਈ ਹੋਈ ਹੈ ਅਤੇ ਉਤਸ਼ਾਹਿਤ ਵੀ ਹੈ ਕਿਉਂਕਿ ਉਸਨੇ ਕੈਪਸ਼ਨ ਰਾਹੀਂ ਦੱਸਿਆ ਹੈ, “ਬਹੁਤ ਜ਼ਿਆਦਾ ਘਬਰਾਹਟ ਅਤੇ ਖਾਸ ਤੌਰ 'ਤੇ ਉਤਸ਼ਾਹਿਤ #lehmberginni। #lehmberginni 12th May 2023 ਨੂੰ ਸਿਨੇਮਾਘਰਾਂ ਵਿੱਚ।"
'ਲੈਂਬਰਗਿੰਨੀ' ਦਾ ਪਹਿਲਾਂ ਪੋਸਟਰ: 'ਲੈਂਬਰਗਿੰਨੀ' ਦੇ ਪੋਸਟਰ ਬਾਰੇ ਗੱਲ ਕਰੀਏ ਤਾਂ ਇਸ ਵਿੱਚ ਮਾਹਿਰਾ ਸ਼ਰਮਾ ਅਤੇ ਰਣਜੀਤ ਬਾਵਾ ਦਿਖਾਈ ਦੇ ਰਹੇ ਹਨ, ਜੋ ਇੱਕ ਪਾਂਡਾ ਟੈਡੀ ਨੂੰ ਫੜਦੇ ਅਤੇ ਗਲੇ ਲਗਾਉਂਦੇ ਹੋਏ ਦਿਖਾਈ ਦੇ ਰਹੇ ਹਨ। ਉਹ ਦੋਵੇਂ ਪੋਸਟਰ ਵਿੱਚ ਕਾਫ਼ੀ ਪਿਆਰੇ ਅਤੇ ਖੁਸ਼ ਨਜ਼ਰ ਆ ਰਹੇ ਹਨ ਅਤੇ ਪੋਸਟਰ ਸੰਕੇਤ ਦੇ ਰਿਹਾ ਹੈ ਕਿ ਇਹ ਫਿਲਮ ਇੱਕ ਰੁਮਾਂਟਿਕ ਸ਼ੈਲੀ ਦੀ ਫਿਲਮ ਹੋਵੇਗੀ ਜੋ ਇੱਕ ਸੁੰਦਰ ਪ੍ਰੇਮ ਕਹਾਣੀ ਨੂੰ ਦਰਸਾਉਂਦੀ ਹੈ। ਪੋਸਟਰ ਨੇ ਫਿਲਮ ਦੀ ਨਵੀਂ ਰਿਲੀਜ਼ ਡੇਟ ਦਾ ਵੀ ਖੁਲਾਸਾ ਕੀਤਾ ਹੈ ਜੋ ਕਿ 12 ਮਈ 2023 ਹੈ।