ਅੰਮ੍ਰਿਤਸਰ:ਬੀਤੇ ਦਿਨੀਂ ਬਾਲੀਵੁੱਡ ਅਦਾਕਾਰਾ ਸ਼ਿਲਪਾ ਸੈੱਟੀ ਨੇ ਆਪਣੇ ਪਤੀ ਰਾਜ ਕੁੰਦਰਾ ਅਤੇ ਭੈਣ ਸ਼ਮਿਤਾ ਸ਼ੈੱਟੀ ਨਾਲ ਪੰਜਾਬ ਦੇ ਅੰਮ੍ਰਿਤਸਰ ਵਿੱਚ ਦਸਤਕ ਦਿੱਤੀ। ਉਹਨਾਂ ਦਾ ਹਵਾਈ ਅੱਡੇ ਉਤੇ ਫੁੱਲਾਂ ਦੇ ਗੁਲਦਸਤੇ ਨਾਲ ਸੁਆਗਤ ਕੀਤਾ ਗਿਆ। ਤੁਹਾਨੂੰ ਦੱਸ ਦਈਏ ਕਿ ਅਦਾਕਾਰਾ ਪੰਜਾਬ ਵਿੱਚ ਕਿਸੇ ਵਿਸ਼ੇਸ ਪ੍ਰੋਗਰਾਮ ਵਿੱਚ ਸ਼ਿਰਕਤ ਹੋਣ ਲਈ ਆਈ ਸੀ। ਇਸ ਤੋਂ ਬਾਅਦ ਅਦਾਕਾਰਾ ਸ਼ਿਲਪਾ ਸ਼ੈਟੀ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਉਨ੍ਹਾਂ ਵੱਲੋਂ ਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਵੀ ਕੀਤੀ ਗਈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਨਫੌਰਮੈਸ਼ਨ ਦੇ ਦਫ਼ਤਰ ਵਿੱਚ ਸ਼ਿਲਪਾ ਸ਼ੈਟੀ ਨੂੰ ਸਨਮਾਨਿਤ ਵੀ ਕੀਤਾ ਗਿਆ।
ਨਤਮਸਤਕ ਹੋਣ ਤੋਂ ਬਾਅਦ ਸ਼ਿਲਪਾ ਸ਼ੈਟੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਉਹ ਜਦੋਂ ਵੀ ਅੰਮ੍ਰਿਤਸਰ ਵਿੱਚ ਪਹੁੰਚਦੇ ਹਨ, ਸਭ ਤੋਂ ਪਹਿਲਾਂ ਦਰਬਾਰ ਸਾਹਿਬ ਨਤਮਸਤਕ ਹੁੰਦੇ ਹਨ ਅਤੇ ਉਸ ਤੋਂ ਬਾਅਦ ਕੋਈ ਆਪਣਾ ਨਿੱਜੀ ਕੰਮ ਕਰਦੇ ਹਨ। ਤੁਹਾਨੂੰ ਦੱਸ ਦਈਏ ਕਿ ਅਦਾਕਾਰਾ ਨੇ ਅੰਮ੍ਰਿਤਸਰ ਦੇ ਖਾਣ ਪੀਣ ਦੀ ਵੀ ਤਾਰੀਫ਼ ਕੀਤੀ। ਆਪਣੇ ਕੰਮ ਨੂੰ ਲੈ ਕੇ ਅੱਗੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਦੀ ਜੋ ਅਗਲੀ ਫ਼ਿਲਮ 'ਸੁੱਖੀ' ਆ ਰਹੀ ਹੈ, ਉਸ ਵਿੱਚ ਉਨ੍ਹਾਂ ਦਾ ਕਿਰਦਾਰ ਕਾਫੀ ਰੌਚਿਕ ਹੈ। ਕਿਉਂਕਿ ਉਸ ਵਿੱਚ ਉਹ ਇੱਕ ਪੰਜਾਬੀ ਔਰਤ ਦਾ ਕਿਰਦਾਰ ਨਿਭਾਏਗੀ।