ਚੰਡੀਗੜ੍ਹ:ਪੰਜਾਬੀ ਫਿਲਮ ਜਗਤ ਵਿੱਚ ਚਰਚਿਤ ਨਾਂਅ ਵਜੋਂ ਆਪਣਾ ਸ਼ੁਮਾਰ ਕਰਵਾ ਰਹੀ ਅਦਾਕਾਰਾ ਫਿਦਾ ਗਿੱਲ ਤੇਜੀ ਨਾਲ ਉੱਚ ਬੁਲੰਦੀਆਂ ਦਾ ਸਫ਼ਰ ਤੈਅ ਕਰਦੀ ਜਾ ਰਹੀ ਹੈ, ਜਿਸ ਨੂੰ ਰਿਲੀਜ਼ ਹੋਣ ਜਾ ਰਹੀ ਆਉਣ ਅਤੇ ਬਹੁ-ਚਰਚਿਤ ਫਿਲਮ 'ਫੁੱਲ ਮੂਨ' ਦਾ ਅਹਿਮ ਹਿੱਸਾ ਬਣਾਇਆ ਗਿਆ ਹੈ, ਜਿਸ ਦਾ ਨਿਰਦੇਸ਼ਨ ਵਰਿੰਦਰ ਰਾਮਗੜ੍ਹੀਆ ਵੱਲੋਂ ਕੀਤਾ ਗਿਆ ਹੈ।
'ਇਮਪੋਸੀਬਲ ਫਿਲਮਜ਼ ਸਟੂਡੀਓਜ਼' ਦੇ ਬੈਨਰ ਹੇਠ ਬਣਾਈ ਜਾ ਰਹੀ ਇਸ ਫਿਲਮ ਵਿੱਚ ਲੀਡ ਭੂਮਿਕਾ ਧੀਰਜ ਕੁਮਾਰ ਅਤੇ ਜਗਜੀਤ ਸੰਧੂ ਵੱਲੋਂ ਅਦਾ ਕੀਤੀ ਗਈ ਹੈ, ਇਸ ਤੋਂ ਇਲਾਵਾ ਇਸ ਡ੍ਰਾਮੈਟਿਕ ਫਿਲਮ ਵਿੱਚ ਪੰਜਾਬੀ ਸਿਨੇਮਾ ਦੇ ਹੋਰ ਕਈ ਮੰਨੇ ਪ੍ਰਮੰਨੇ ਕਲਾਕਾਰਾਂ ਵੀ ਲੀਡਿੰਗ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ, ਜਿੰਨ੍ਹਾਂ ਵਿੱਚ ਸਿਮਰਨ ਕੌਰ ਸੂਰੀ ਵੀ ਸ਼ਾਮਿਲ ਹੈ। ਇਸ ਕ੍ਰਾਈਮ-ਥ੍ਰਿਲਰ-ਡਰਾਮਾ ਸਟੋਰੀ ਦਾ ਨਿਰਮਾਣ ਗੁਰਵੰਤ ਕੌਰ ਚਾਹਲ ਨੇ ਕੀਤਾ ਹੈ, ਜਦਕਿ ਇਸ ਦੇ ਲਾਈਨ ਨਿਰਮਾਤਾ ਗੈਵੀ ਮਨੋ ਚਾਹਲ, ਸਿਨੇਮਾਟੋਗ੍ਰਾਫਰ ਸੁੱਖ ਕੰਬੋਜ, ਕਾਰਜਕਾਰੀ ਨਿਰਮਾਤਾ ਜੀਤ ਭੰਗੂ, ਸੰਪਾਦਕ ਗੁਰਜੀਤ ਕੰਗ, ਬੈਕਗਰਾਊਂਡ ਮਿਊਜਿਕ ਕਰਤਾ ਮੰਨਾ ਸਿੰਘ ਹਨ।
ਪੰਜਾਬੀ ਫਿਲਮ ਇੰਡਸਟਰੀ ਵਿੱਚ ਬਹੁਤ ਥੋੜੇ ਜਿਹੇ ਸਮੇਂ ਦੌਰਾਨ ਹੀ ਵਿਲੱਖਣ ਪਹਿਚਾਣ ਕਾਇਮ ਕਰਨ ਵਿੱਚ ਸਫ਼ਲ ਰਹੀ ਉਕਤ ਖੂਬਸੂਰਤ ਅਦਾਕਾਰਾ ਨੇ ਆਪਣੇ ਇਸ ਅਹਿਮ ਅਤੇ ਨਵੇਂ ਫਿਲਮ ਪ੍ਰੋਜੈਕਟ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਫਿਲਮ ਦੁਆਰਾ ਸਿਨੇਮਾ ਖਿੱਤੇ ਦੇ ਮੰਝੇ ਹੋਏ ਐਕਟਰਜ਼ ਨਾਲ ਕੰਮ ਕਰਨਾ ਵਾਕਈ ਉਸ ਨੂੰ ਇਕ ਮਾਣ ਵਾਂਗ ਮਹਿਸੂਸ ਹੋ ਰਿਹਾ ਹੈ, ਜਿਸ ਵਿੱਚ ਅਦਾਕਾਰਾ ਦੇ ਤੌਰ 'ਤੇ ਉਹ ਆਪਣਾ ਸੋ ਫੀਸਦੀ ਦੇਣ ਦੀ ਕੋਸ਼ਿਸ਼ ਕਰੇਗੀ।
ਹਾਲ ਹੀ ਜੀ ਪੰਜਾਬੀ 'ਤੇ ਆਨ ਏਅਰ ਹੋਏ ਅਤੇ ਅਪਾਰ ਮਕਬੂਲੀਅਤ ਹਾਸਿਲ ਕਰਨ ਵਾਲੇ ਸੀਰੀਅਲ 'ਕਮਲੀ ਇਸ਼ਕ ਦੀ' ਵਿੱਚ ਜਸ਼ਨ ਕੋਹਲੀ ਦੇ ਨਾਲ ਲੀਡ ਭੂਮਿਕਾ ਨਿਭਾ ਕਾਫ਼ੀ ਸਲਾਹੁਤਾ ਹਾਸਿਲ ਕਰ ਚੁੱਕੀ ਇਹ ਹੋਣਹਾਰ ਅਦਾਕਾਰਾ ਕਈ ਮਿਊਜ਼ਿਕ ਵੀਡੀਓਜ਼ ਵੀ ਆਪਣੀ ਸ਼ਾਨਦਾਰ ਪ੍ਰੋਫੋਰਮੈੱਸ ਦਾ ਲੋਹਾ ਬਾਖੂਬੀ ਮੰਨਵਾ ਚੁੱਕੀ ਹੈ, ਜਿਸ ਨੇ ਦੱਸਿਆ ਕਿ ਉਸ ਵੱਲੋਂ ਹੁਣ ਤੱਕ ਦੇ ਅਦਾਕਾਰੀ ਕਰੀਅਰ ਦੌਰਾਨ ਗਿਣੇ ਚੁਣੇ ਪ੍ਰੋਜੈਕਟਸ ਕਰਨ ਨੂੰ ਪਹਿਲ ਦਿੱਤੀ ਗਈ ਹੈ ਤਾਂ ਕਿ ਉਸ ਦੀ ਅਦਾਕਾਰੀ ਵਿੱਚ ਗੁਣਵੱਤਾ ਅਤੇ ਵੈਰੀਏਸ਼ਨ ਬਣੀ ਰਹੇ ਅਤੇ ਆਉਣ ਵਾਲੇ ਦਿਨ੍ਹਾਂ ਵਿਚ ਵੀ ਉਸ ਦੀ ਸੋਚ ਇਸੇ ਤਰ੍ਹਾਂ ਦੇ ਕਰੀਅਰ ਮਾਪਦੰਢ ਅਪਨਾਉਣ ਦੀ ਰਹੇਗੀ ਤਾਂ ਕਿ ਉਸ ਦੇ ਚਾਹੁੰਣ ਵਾਲਿਆਂ ਅਤੇ ਦਰਸ਼ਕਾਂ ਨੂੰ ਉਸ ਦੀ ਅਦਾਕਾਰੀ ਦੇ ਵੱਖੋਂ-ਵੱਖਰੇ ਸ਼ੇਡਜ਼ ਵੇਖਣ ਨੂੰ ਮਿਲਦੇ ਰਹਿਣ।
ਉਨ੍ਹਾਂ ਦੱਸਿਆ ਕਿ ਬਹੁਤ ਹੀ ਪ੍ਰਭਾਵਸ਼ਾਲੀ ਕਹਾਣੀ ਸਾਰ ਅਧੀਨ ਬਣਾਈ ਜਾਣ ਵਾਲੀ ਉਕਤ ਫਿਲਮ ਵਿੱਚ ਹਰ ਪੱਖ ਉਮਦਾ ਰੱਖਿਆ ਜਾ ਰਿਹਾ ਹੈ, ਫਿਰ ਚਾਹੇ ਉਹ ਨਿਰਦੇਸ਼ਨ ਹੋਵੇ, ਐਕਸ਼ਨ ਜਾਂ ਗੀਤ-ਸੰਗੀਤ ਅਤੇ ਇਹ ਅਲਹਦਾ ਕੰਟੈਂਟ ਪੱਖੋਂ ਵੀ ਪੰਜਾਬੀ ਸਿਨੇਮਾ ਨੂੰ ਨਵੀਆਂ ਸੰਭਾਵਨਾਵਾਂ ਨਾਲ ਅੋਤ-ਪੋਤ ਕਰਨ ਵਿੱਚ ਅਹਿਮ ਯੋਗਦਾਨ ਪਾਵੇਗੀ।