ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿਚ ਅੰਤਰਰਾਸ਼ਟਰੀ ਪਹਿਚਾਣ ਰੱਖਦੇ ਅਤੇ ਮਕਬੂਲੀਅਤ ਹਾਸਿਲ ਕਰ ਚੁੱਕੇ ਬਾਕਮਾਲ ਗਾਇਕ ਚੰਨੀ ਸਿੰਘ ਆਪਣੇ ਵਿਸ਼ੇਸ਼ ਦੌਰੇ ਅਧੀਨ ਅੱਜਕੱਲ੍ਹ ਪੰਜਾਬ ਆਏ ਹੋਏ ਹਨ, ਜੋ ਇਸੇ ਟੂਰ ਅਧੀਨ ਦਾਰਾ ਸਟੂਡਿਓ ਮੋਹਾਲੀ ਵੀ ਪੁੱਜੇ, ਜਿੱਥੇ ਇੱਥੋਂ ਦੇ ਪ੍ਰਬੰਧਕ ਅਤੇ ਐਕਟਰ-ਨਿਰਦੇਸ਼ਕ ਰਤਨ ਔਲਖ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਸਮੇਂ ਆਪਣੇ ਮਨ ਦੇ ਵਿਚਾਰ ਸਾਂਝੇ ਕਰਦਿਆਂ ਗਾਇਕ ਚੰਨੀ ਸਿੰਘ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਦੇ ਲੰਦਨ ਕੀਤੇ ਪੱਕੇ ਵਸੇਬੇ ਕਾਰਣ ਆਪਣੀਆਂ ਅਸਲ ਜੜ੍ਹਾਂ ਨਾਲ ਚਾਹੇ ਉਨ੍ਹਾਂ ਦਾ ਨਿੱਜੀ ਵਾਸਤਾ ਬਹੁਤ ਘੱਟ ਸੰਭਵ ਹੋ ਪਾਇਆ ਹੈ, ਪਰ ਉਨ੍ਹਾਂ ਆਪਣੇ ਗੀਤਾਂ ਅਤੇ ਗਾਇਕੀ ਦੁਆਰਾ ਇੱਥੋਂ ਨਾਲ ਹਮੇਸ਼ਾ ਆਪਣੇ ਆਪ ਨੂੰ ਜੋੜੇ ਰੱਖਿਆ ਹੈ।
ਆਪਣੇ ਹੁਣ ਤੱਕ ਦੇ ਗਾਇਕੀ ਦੌਰਾਨ ਅਰਥਭਰਪੂਰ ਗੀਤ ਗਾ ਚੁੱਕੇ ਗਾਇਕ ਚੰਨੀ ਸਿੰਘ ਦੇ ਕਈ ਗੀਤਾਂ ਨੇ ਸਫ਼ਲਤਾ ਦੇ ਨਵੇਂ ਮੀਲ ਪੱਥਰ ਕਾਇਮ ਕੀਤੇ ਹਨ, ਜਿੰਨ੍ਹਾਂ ਵਿਚ ਆਸ਼ਾ ਭੋਸਲੇ ਨਾਲ ਗਾਇਆ ‘ਮੈਨੂੰ ਚੂੜੀਆਂ ਚੜ੍ਹਾਦੇ ਚੰਨ ਵੇਂ’, ‘ਭਾਬੀਏ ਨੀ ਭਾਈਏ’, ‘ਚੁੰਨੀ ਉੱਡ ਉਡ ਜਾਏ’, ‘ਦਿਲ ਦਿਲ ਦਿਲ’, ‘ਮੱਖਣਾ’, ‘ਜੀ ਨਾ ਲੱਗੇ ਬਿਨ ਤੇਰੇ ਯਾਰਾਂ’, ‘ਵੇਂ ਵਣਜਾਰਿਆਂ’ ਆਦਿ ਸ਼ਾਮਿਲ ਰਹੇ ਹਨ।
ਇਸ ਤੋਂ ਇਲਾਵਾ ਹਿੰਦੀ ਸਿਨੇਮਾ ਦੀਆਂ ‘ਯਲਗਾਰ’ ਆਦਿ ਜਿਹੀਆਂ ਕਈ ਚਰਚਿਤ ਫਿਲਮਾਂ ਵਿਚ ‘ਹੋ ਜਾਤਾ ਹੈ ਕੈਸੇ ਪਿਆਰ’, ‘ਸ਼ਹਿਰ ਮੇਂ ਗਾਂਵ ਮੇਂ’, ‘ਤੇਰੀ ਚੁੰਨੀ ਪੇ ਸਿਤਾਰੇ’ ਆਦਿ ਗੀਤਾਂ ਨਾਲ ਵੀ ਉਨ੍ਹਾਂ ਦੇ ਸੰਗੀਤ ਅਤੇ ਗਾਇਕੀ ਦੀ ਪਈ ਬਾਲੀਵੁੱਡ ਧਮਕ ਨੇ ਉਨ੍ਹਾਂ ਦੇ ਨਾਂਅ ਨੂੰ ਹੋਰ ਚਾਰ ਚੰਨ ਲਾਏ ਹਨ।