ਚੰਡੀਗੜ੍ਹ: ਪੰਜਾਬੀ ਸਾਹਿਤ ਅਤੇ ਸਿਨੇਮਾ ਖੇਤਰ ਵਿਚ ਵਿਸ਼ੇਸ਼ ਸ਼ਖ਼ਸੀਅਤ ਵਜੋਂ ਜਾਣੇ ਜਾਂਦੇ ਮਸ਼ਹੂਰ ਨਾਵਲਕਾਰ, ਨਿਰਮਾਤਾ ਬੂਟਾ ਸਿੰਘ ਸ਼ਾਦ ਦਾ ਬੀਤੀ ਰਾਤ ਉਨ੍ਹਾਂ ਦੇ ਹਰਿਆਣਾ ਸਥਿਤ ਜੱਦੀ ਪਿੰਡ ਕੂੰਮਥਲਾ ਜ਼ਿਲ੍ਹਾ ਸਿਰਸਾ ਵਿਖੇ ਦੇਹਾਂਤ ਹੋ ਗਿਆ, ਜੋ ਪੰਜਾਬੀ ਅਤੇ ਹਿੰਦੀ ਸਿਨੇਮਾ ਦੀਆਂ ਕਈ ਸ਼ਾਨਦਾਰ ਫਿਲਮਾਂ ਨਾਲ ਜੁੜ੍ਹੇ ਰਹੇ ਹਨ।
ਮੂਲ ਰੂਪ ਵਿਚ ਜ਼ਿਲ੍ਹਾਂ ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ ਨਾਲ ਸੰਬੰਧਤ ਅਤੇ ਸਤਿਕਾਰਤ ਸਿਨੇਮਾ ਹਸਤੀ ਦੇ ਤੌਰ 'ਤੇ ਬਾਲੀਵੁੱਡ, ਪਾਲੀਵੁੱਡ ’ਚ ਸ਼ਾਦ ਵੱਲੋਂ ਨਿਰਦੇਸ਼ਿਤ ਕੀਤੀ ਅਤੇ ਰਿਲੀਜ਼ ਹੋਈ ਪੰਜਾਬੀ ਫਿਲਮ ‘ਸੈਦਾ ਜੋਗਣ’ ਅੱਜ ਵੀ ਪੰਜਾਬੀ ਸਿਨੇਮਾ ਦੀਆਂ ਵੱਡੀਆਂ ਅਤੇ ਸਫ਼ਲ ਫਿਲਮਾਂ ਵਿਚ ਗਿਣੀ ਜਾਂਦੀ ਹੈ, ਜਿਸ ਵਿਚ ਵਰਿੰਦਰ ਅਤੇ ਸਤੀਸ਼ ਕੋਲ ਜਿਹੇ ਉਸ ਜ਼ਮਾਨੇ ਦੇ ਟਾਪ ਸਿਤਾਰਿਆਂ ਵੱਲੋਂ ਇਕੱਠਿਆਂ ਕੰਮ ਕੀਤਾ ਗਿਆ ਸੀ।
ਪੰਜਾਬ ਤੋਂ ਲੈ ਕੇ ਮਾਇਆਨਗਰੀ ਮੁੰਬਈ ਤੱਕ ਉਭਰੇ ਬੂਟਾ ਸਿੰਘ ਸ਼ਾਦ ਦੀ ਸਾਹਿਤਕ ਖੇਤਰ ਵਿੱਚ ਵੀ ਪੂਰੀ ਸਰਦਾਰੀ ਰਹੀ ਹੈ, ਜੋ ਜੀਵਨ ਦੇ ਅੰਤਲੇ ਸਾਲਾਂ ਤੱਕ ਆਪਣੀ ਕਰਮਭੂਮੀ ਅਤੇ ਸਾਹਿਤਕ ਸਾਂਝ ਪ੍ਰਤੀ ਯਤਨਸ਼ੀਲ ਰਹੇ। ਸਾਹਿਤਕ ਖੇਤਰ ਵਿਚ ਪ੍ਰਸਿੱਧੀ ਦੇ ਨਵੇਂ ਅਧਿਆਏ ਸਿਰਜਨ ਵਿਚ ਸਫ਼ਲ ਰਿਹਾ ਸੀ, ਉਨ੍ਹਾਂ ਦਾ ਲਿਖਿਆ ਨਾਵਲ ‘ਕੁੱਤਿਆਂ ਵਾਲੇ ਸਰਦਾਰ’, ਜਿਸ ਤੋਂ ਇਲਾਵਾ ਬਹੁਤ ਸਾਰੇ ਨਾਵਲ ਅਤੇ ਕਹਾਣੀਆਂ ਉਨ੍ਹਾਂ ਸਾਹਿਤ ਖੇਤਰ ਦੀ ਝੋਲੀ ਪਾਏ ਹਨ, ਜਿੰਨ੍ਹਾਂ ਵੱਲੋਂ ਸਮੇਂ ਸਮੇਂ ਲਿਖੇ ਜਾਂਦੇ ਰਹੇ ਇੰਨ੍ਹਾਂ ਨਾਵਲਾਂ ਅਤੇ ਕਹਾਣੀਆਂ ਨੂੰ ਪਾਠਕਾਂ ਵੱਲੋਂ ਬਹੁਤ ਹੀ ਪਸੰਦ ਕੀਤਾ ਜਾਂਦਾ ਰਿਹਾ ਹੈ।