ਐਕਸ਼ਨ ਡਾਇਰੈਕਟਰ ਮੋਹਨ ਬੱਗੜ ਨਾਲ ਈਟੀਵੀ ਭਾਰਤ ਦੀ ਗੱਲਬਾਤ ਚੰਡੀਗੜ੍ਹ: ਹਿੰਦੀ ਅਤੇ ਪੰਜਾਬੀ ਸਿਨੇਮਾ ਜਗਤ ਵਿੱਚ ਬਤੌਰ ਐਕਸ਼ਨ ਡਾਇਰੈਕਟਰ, ਨਿਰਮਾਤਾ ਅਤੇ ਅਦਾਕਾਰ ਦੇ ਤੌਰ 'ਤੇ ਵਿਲੱਖਣ ਪਹਿਚਾਣ ਅਤੇ ਸ਼ਾਨਦਾਰ ਵਜ਼ੂਦ ਸਥਾਪਿਤ ਕਰ ਚੁੱਕੇ ਮੋਹਨ ਬੱਗੜ (Mohan Baggad) ਅੱਤ ਫਿਲਮੀ ਰੁਝੇਵਿਆਂ ਚੋਂ ਫੁਰਸਤ ਦਾ ਕੁਝ ਸਮਾਂ ਮਿਲਦਿਆਂ ਹੀ ਆਪਣੇ ਜੱਦੀ ਪਿੰਡ ਆਉਣਾ ਕਦੇ ਨਹੀਂ ਭੁੱਲਦੇ, ਜਿਸ ਦੇ ਮੱਦੇਨਜ਼ਰ ਹੀ ਚੰਡੀਗੜ੍ਹ ਨੇੜ੍ਹਲੇ ਇਲਾਕਿਆਂ ਦੇ ਇੱਕ ਸ਼ੂਟਿੰਗ ਸਿਲਸਿਲੇ ਅਧੀਨ ਪੁੱਜੀ ਇਹ ਅਜ਼ੀਮ ਅਤੇ ਬੇਹਤਰੀਨ ਸਿਨੇਮਾ ਸ਼ਖਸ਼ੀਅਤ ਜਿਲ੍ਹਾਂ ਜਲੰਧਰ ਦੀ ਤਹਿਸੀਲ ਫ਼ਿਲੌਰ ਅਧੀਨ ਆਉਂਦੇ ਪਿੰਡ ਅਕਲਪੁਰ ਪੁੱਜੀ, ਜਿਸ ਦੌਰਾਨ ਉਨ੍ਹਾਂ ਈਟੀਵੀ ਭਾਰਤ ਨਾਲ ਵੀ ਵਿਸ਼ੇਸ਼ ਲਮਹੇ ਅਤੇ ਵਿਚਾਰ ਸਾਂਝੇ ਕੀਤੇ।
ਇਸ ਸਮੇਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਵੀ ਉਨ੍ਹਾਂ ਉਚੇਚੇ ਤੌਰ 'ਤੇ ਮੱਥਾ ਟੇਕਿਆ ਅਤੇ ਵਾਹਿਗੁਰੂ ਪ੍ਰਤੀ ਸ਼ੁਕਰਾਨਾ ਅਦਾ ਕੀਤਾ। ਉਕਤ ਮੌਕੇ ਈਟੀਵੀ ਭਾਰਤ ਨਾਲ ਆਪਣੇ ਮਨ ਦੇ ਵਲਵਲ੍ਹੇ ਸਾਂਝੇ ਕਰਦਿਆਂ ਉਨ੍ਹਾਂ ਦੱਸਿਆ ਕਿ ਫਿਲਮੀ ਰੁਝੇਵਿਆਂ ਵਿਚੋਂ ਜਦ ਵੀ ਕੁਝ ਵਿਹਲ ਮਿਲਦੀ ਹੈ ਤਾਂ ਆਪਣੀ ਜਨਮਭੂਮੀ ਅਤੇ ਜੜ੍ਹਾਂ ਨਾਲ ਜੁੜਨਾ ਜ਼ਰੂਰ ਪਸੰਦ ਕਰਦਾ ਹਾਂ ਅਤੇ ਇਹ ਸਿਲਸਿਲਾ ਹੁਣ ਤੋਂ ਨਹੀਂ ਬਲਕਿ ਸਾਲਾਂ ਪਹਿਲਾਂ ਤੋਂ ਹੀ ਕਾਇਮ ਹੈ।
ਬਾਲੀਵੁੱਡ ਦੇ ਉੱਚਕੋਟੀ ਐਕਸ਼ਨ ਡਾਇਰੈਕਟ ਵਜੋਂ ਜਾਂਣੇ ਜਾਂਦੀ ਇਸ ਸ਼ਾਨਦਾਰ ਸਿਨੇਮਾ ਹਸਤੀ ਦੇ ਕਰੀਅਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਉਨ੍ਹਾਂ ਵੱਲੋਂ ਡਿਜ਼ਾਇਨ ਕੀਤੇ ਐਕਸ਼ਨ ਨੇ ਬੇਸ਼ੁਮਾਰ ਹਿੰਦੀ ਅਤੇ ਪੰਜਾਬੀ ਫਿਲਮਾਂ ਨੂੰ ਪ੍ਰਭਾਵਸ਼ਾਲੀ ਮੁਹਾਂਦਰਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ, ਜਿੰਨ੍ਹਾਂ ਦੀਆਂ ਪ੍ਰਮੁੱਖ ਫਿਲਮਾਂ ਵਿੱਚ 'ਮਾਨ ਗਏ ਉਸਤਾਦ', 'ਜਿੰਦਾ ਦਿਲ', 'ਮਿਸਟਰ ਬੌਂਡ', 'ਮੁਹੱਬਤ ਕੀ ਕਸਮ', 'ਢਾਲ', 'ਸਲਮਾ ਪੇ ਦਿਲ ਆ ਗਿਆ', 'ਇੱਕੇ ਪੇ ਇੱਕਾ', 'ਚਾਂਦ ਕਾ ਟੁਕੜ੍ਹਾ', 'ਪਹਿਲਾ ਪਹਿਲਾ ਪਿਆਰ', 'ਇਨਸਾਨੀਅਤ', 'ਪੁਲਿਸ ਵਾਲਾ', 'ਦਿਲ ਕੀ ਬਾਜੀ', 'ਦੀਦਾਰ', 'ਚਮਤਕਾਰ', 'ਸਾਹਿਬਜਾਦਾ', 'ਰੂਹਾਨੀ ਤਾਕਤ', 'ਜੀਵਨ ਦਾਤਾ', 'ਆਖਰੀ ਚੀਖ', 'ਸਨਮ ਬੇਵਫਾ', 'ਸ਼ਿਕਾਰੀ', 'ਸੁਲਤਾਨੀ ਇਲਾਕਾ', 'ਜੁਰਤ', 'ਸਹਿਜ਼ਾਦਾ', 'ਖੋਜ', 'ਹਮ ਇੰਤਜਾਰ ਕਰੇਂਗੇ', 'ਮੁਜ਼ਰਿਮ', 'ਦਾਤਾ', 'ਕਲਰਕ', 'ਸੋ ਸਾਲ ਬਾਅਦ', 'ਸੁਮੰਦਰ', 'ਨਾਮ' ਤੋਂ ਇਲਾਵਾ ਪੰਜਾਬੀ ਵਿੱਚ 'ਉੱਚੀ ਹਵੇਲੀ', 'ਜਖ਼ਮੀ ਸ਼ੇਰ', 'ਯਾਰ-ਮਾਰ', 'ਪੰਜਾਬੀਆਂ ਦਾ ਕਿੰਗ', 'ਜੱਟ ਜੇਮਜ ਬਾਂਡ' ਆਦਿ ਸ਼ੁਮਾਰ ਰਹੀਆਂ ਹਨ।
ਬਾਲੀਵੁੱਡ ਦੇ ਤਕਰੀਬਨ ਸਾਰੇ ਵੱਡੇ ਸਿਤਾਰਿਆਂ ਚਾਹੇ ਉਹ ਧਰਮਿੰਦਰ ਹੋਵੇ, ਜਤਿੰਦਰ, ਮਨੋਜ ਕੁਮਾਰ, ਰਾਜੇਸ਼ ਖੰਨਾ, ਦਿਲੀਪ ਕੁਮਾਰ ਦੇ ਨਾਲ ਸੰਨੀ ਦਿਓਲ, ਸੰਜੇ ਦੱਤ, ਚੰਕੀ ਪਾਂਡੇ, ਅਕਸ਼ੈ ਕੁਮਾਰ ਨਾਲ ਬੇਹਤਰੀਨ ਐਕਸ਼ਨ ਸੰਯੋਜਨ ਕਰ ਚੁੱਕੇ ਇਹ ਉਮਦਾ ਐਕਸ਼ਨ ਡਾਇਰੈਕਟਰ ਬਤੌਰ ਅਦਾਕਾਰ ਵੀ ਨਵੇਂ ਆਯਾਮ ਸਿਰਜਣ ਵਿੱਚ ਸਫਲ ਰਹੇ ਹਨ, ਜਿੰਨ੍ਹਾਂ ਦੇ ਯਾਦਗਾਰੀ ਅਤੇ ਮੰਝੇ ਹੋਏ ਅਭਿਨੈ ਨਾਲ ਸਜੀਆਂ ਪੰਜਾਬੀ ਫਿਲਮਾਂ ਵਿੱਚ 'ਸਰਪੰਚ', 'ਨਿੰਮੋ', 'ਬਟਵਾਰਾ', 'ਬਲਵੀਰੋ ਭਾਬੀ' ਆਦਿ ਸ਼ਾਮਿਲ ਰਹੀਆਂ ਹਨ।
ਪਿਛਲੇ ਕਰੀਬ ਤਿੰਨ ਦਹਾਕਿਆਂ ਤੋਂ ਬਾਲੀਵੁੱਡ ਅਤੇ ਪੰਜਾਬੀ ਸਿਨੇਮਾ ਖੇਤਰ ਵਿੱਚ ਲਗਾਤਾਰ ਅਤੇ ਸਫਲਤਾਪੂਰਵਕ ਕਾਰਜਸੀਲ ਇਸ ਦਿੱਗਜ ਸਖ਼ਸੀਅਤ ਨੇ ਦੱਸਿਆ ਕਿ ਉਨ੍ਹਾਂ ਦਾ ਪ੍ਰਤਿਭਾਵਾਨ ਅਤੇ ਖੂਬਸੂਰਤ ਬੇਟਾ ਸੋਨੂੰ ਬੱਗੜ ਵੀ ਜਲਦ ਸਿਲਵਰ ਸਕਰੀਨ 'ਤੇ ਸ਼ਾਨਦਾਰ ਦਸਤਕ ਦੇਣ ਜਾ ਰਿਹਾ ਹੈ, ਜਿਸ ਦੀ ਇੰਨ੍ਹੀਂ ਦਿਨ੍ਹੀਂ ਆਨ ਫਲੌਰ ਪਲੇਠੀ ਫਿਲਮ ਦਾ ਐਕਸ਼ਨ ਵੀ ਉਨ੍ਹਾਂ ਵੱਲੋਂ ਕੰਪੋਜ਼ ਕੀਤਾ ਜਾ ਰਿਹਾ ਹੈ।