ਚੰਡੀਗੜ੍ਹ: ਨੀਰੂ ਬਾਜਵਾ ਇੰਨੀਂ ਦਿਨੀਂ ਆਪਣੀ ਫਿਲਮ 'ਕਲੀ ਜੋਟਾ' ਦੀ ਸਫ਼ਲਤਾ ਦਾ ਆਨੰਦ ਮਾਣ ਰਹੀ ਹੈ, ਫਿਲਮ ਨੂੰ ਰਿਲੀਜ਼ ਹੋਈ ਨੂੰ ਅੱਜ ਪੂਰਾ ਮਹੀਨਾ ਹੋ ਗਿਆ ਹੈ, ਫਿਰ ਵੀ ਫਿਲਮ ਸਿਨੇਮਾਘਰਾਂ ਦਾ ਸ਼ਿੰਗਾਰ ਬਣੀ ਹੋਈ ਹੈ ਅਤੇ ਹੁਣ ਅਦਾਕਾਰਾ ਦੀ ਫਿਲਮ 'ਏਸ ਜਹਾਨੋਂ ਦੂਰ ਕਿਤੇ ਚੱਲ ਜਿੰਦੀਏ' ਨੂੰ ਲੈ ਕੇ ਇੱਕ ਵਾਰ ਸੁਰਖ਼ੀਆਂ ਵਿੱਚ ਆ ਗਈ ਹੈ। ਇਹ ਫਿਲਮ ਇਸ ਸਾਲ ਮਾਰਚ ਵਿੱਚ ਰਿਲੀਜ਼ ਹੋ ਜਾਵੇਗੀ।
ਜੀ ਹਾਂ...ਇਸ ਮਾਰਚ ਪੰਜਾਬੀ ਦੀਆਂ ਛੇ ਫਿਲਮਾਂ ਰਿਲੀਜ਼ ਹੋ ਰਹੀਆਂ ਹਨ, ਜਿੰਨ੍ਹਾਂ ਦੇ ਇੱਕ ਇੱਕ ਕਰਕੇ ਟ੍ਰੇਲਰ ਰਿਲੀਜ਼ ਹੋ ਰਹੇ ਹਨ, ਇਸੇ ਤਾਂ ਫਿਲਮ 'ਚੱਲ ਜਿੰਦੀਏ' ਦੇ ਦਿਲਚਸਪ ਟੀਜ਼ਰ ਤੋਂ ਬਾਅਦ ਹੁਣ ਨਿਰਮਾਤਾ ਨੇ ਫਿਲਮ ਦਾ ਜ਼ਬਰਦਸਤ ਟ੍ਰੇਲਰ ਪੇਸ਼ ਕਰ ਦਿੱਤਾ ਹੈ। ਇਸ ਫਿਲਮ ਵਿੱਚ ਕੁਲਵਿੰਦਰ ਬਿੱਲਾ, ਨੀਰੂ ਬਾਜਵਾ, ਅਦਿਤੀ ਸ਼ਰਮਾ, ਗੁਰਪ੍ਰੀਤ ਘੁੱਗੀ, ਜੱਸ ਬਾਜਵਾ ਅਤੇ ਰੁਪਿੰਦਰ ਰੂਪੀ ਮੁੱਖ ਭੂਮਿਕਾਵਾਂ ਵਿੱਚ ਹਨ।
ਕਿਹੋ ਜਿਹਾ ਲੱਗਿਆ ਟ੍ਰੇਲਰ:ਫਿਲਮ ਦਾ ਟ੍ਰੇਲਰ ਪੰਜਾਬੀਆਂ ਦੀ ਆਪਣੀ ਪਛਾਣ ਅਤੇ ਮਾਣ-ਸਨਮਾਨ ਲਈ ਲੜਾਈ ਨੂੰ ਦਰਸਾਉਂਦਾ ਸਮੱਗਰੀ ਭਰਪੂਰ ਡਰਾਮਾ ਵੱਲ ਇਸ਼ਾਰਾ ਕਰਦਾ ਹੈ। ਵਿਦੇਸ਼ ਵਿੱਚ ਰਹਿੰਦੇ ਪੰਜਾਬੀਆਂ ਦੀ ਸਥਿਤੀ ਨੂੰ ਫਿਲਮ ਬਾਖੂਬੀ ਬਿਆਨ ਕਰਦੀ ਰਹਿੰਦੀ ਹੈ। ਫਿਲਮ ਇੱਕ ਪ੍ਰੇਮੀ ਜੋੜੇ, ਵਿਦੇਸ਼ ਵਿੱਚ ਰਹਿੰਦੇ ਇੱਕ ਬਜ਼ੁਰਗ ਮਾਤਾ-ਪਿਤਾ ਅਤੇ ਇੱਕ ਇੱਕਲੀ ਰਹਿੰਦੀ ਔਰਤ ਦੇ ਦਰਦਾਂ ਨੂੰ ਬਿਆਨ ਕਰਦੀ ਹੈ, ਇਹਨਾਂ ਕਿਰਦਾਰਾਂ ਨੂੰ ਕੁਲਵਿੰਦਰ ਬਿੱਲਾ, ਗੁਰਪ੍ਰੀਤ ਘੁੱਗੀ, ਰੁਪਿੰਦਰ ਰੂਪੀ, ਨੀਰੂ ਬਾਜਵਾ ਅਤੇ ਜੱਸ ਬਾਜਵਾ ਨੇ ਨਿਭਾਇਆ ਹੈ।