ਚੰਡੀਗੜ੍ਹ: ਪੰਜਾਬੀ ਦੀ ਦਿੱਗਜ ਅਦਾਕਾਰਾ ਨੀਰੂ ਬਾਜਵਾ ਇੰਨੀਂ ਦਿਨੀਂ ਫਿਲਮ 'ਕਲੀ ਜੋਟਾ' ਦੀ ਅਦਾਕਾਰੀ ਲਈ ਸੁਰਖ਼ੀਆਂ ਵਿੱਚ ਹੈ, ਪ੍ਰਸ਼ੰਸਕਾਂ ਨੇ ਸਰਤਾਜ ਅਤੇ ਨੀਰੂ ਦੀ ਕੈਮਿਸਟਰੀ ਦੀ ਰੱਜ ਕੇ ਪ੍ਰਸ਼ੰਸਾ ਕੀਤੀ ਅਤੇ ਹੁਣ ਅਦਾਕਾਰਾ ਨੇ ਪ੍ਰਸ਼ੰਸਕਾਂ ਨੂੰ ਇੱਕ ਹੋਰ ਖੁਸ਼ਖਬਰੀ ਦਿੱਤੀ ਹੈ...ਜੀ ਹਾਂ ਅਦਾਕਾਰਾ ਨੇ ਆਪਣੀ ਨਵੀਂ ਫਿਲਮ 'ਏਸ ਜਹਾਨੋ ਦੂਰ ਕਿਤੇ ਚੱਲ ਜਿੰਦੀਏ' ਦਾ ਐਲਾਨ ਕੀਤਾ ਹੈ।
ਨੀਰੂ ਬਾਜਵਾ ਅਤੇ ਕੁਲਵਿੰਦਰ ਬਿੱਲਾ ਨੇ ਆਪਣੇ ਇੰਸਟਾਗ੍ਰਾਮ ਉਤੇ ਇਸ ਫਿਲਮ ਦਾ ਐਲਾਨ ਕੀਤਾ ਅਤੇ ਨਾਲ ਹੀ ਇਹ ਵੀ ਦੱਸਿਆ ਕਿ ਫਿਲਮ ਦਾ ਟੀਜ਼ਰ ਅੱਜ (6 ਫਰਵਰੀ) ਸ਼ਾਮ 5 ਵਜੇ ਰਿਲੀਜ਼ ਕਰ ਦਿੱਤਾ ਜਾਵੇਗਾ। ਗਾਇਕ ਅਤੇ ਅਦਾਕਾਰ ਕੁਲਵਿੰਦਰ ਬਿੱਲਾ ਨੇ ਫਿਲਮ ਨਾਲ ਸੰਬੰਧਿਤ ਇੱਕ ਪੋਸਟਰ ਸਾਂਝਾ ਕੀਤਾ ਅਤੇ ਲਿਖਿਆ ' ਕੱਲ ਨੂੰ 5 ਵਜੇ ਆਪਣੀ ਫਿਲਮ 'ਏਸ ਜਹਾਨੋ ਦੂਰ ਕਿਤੇ “ਚੱਲ ਜਿੰਦੀਏ” ਦਾ teaser ਆ ਜਾਣਾ, ਬੱਸ ਇਨ੍ਹਾਂ ਈ ਕਹਾਂਗੇ ਕਿ ਇਹ ਫਿਲਮ ਬਹੁਤ ਕੁਝ ਕਹੇਗੀ। ਪੰਜਾਬੀਆਂ ਦੀ ਫਿਲਮ ਪੰਜਾਬੀ ਤੋਂ ਹੁੰਗਾਰੇ ਦੀ ਆਸ ਕਰਦੀ ਹੈ'।
ਇਸ ਫਿਲਮ ਦੀ ਸਟਾਰ ਕਾਸਟ ਬਾਰੇ ਗੱਲ ਕਰੀਏ ਤਾਂ ਨੀਰੂ ਬਾਜਵਾ, ਕੁਲਵਿੰਦਰ ਬਿੱਲਾ, ਗੁਰਪ੍ਰੀਤ ਘੁੱਗੀ, ਅਦਿਤੀ ਸ਼ਰਮਾ, ਜੱਸ ਬਾਜਵਾ ਅਤੇ ਰੁਪਿੰਦਰ ਰੂਪੀ ਆਦਿ ਹਨ।