ਚੰਡੀਗੜ੍ਹ: ਨਿਰਦੇਸ਼ਕ ਸਿਮਰਨਜੀਤ ਸਿੰਘ ਹੁੰਦਲ ਵੱਲੋਂ ਨਿਰਦੇਸ਼ਿਤ ਕੀਤੀ ਪੰਜਾਬੀ ਫਿਲਮ 'ਮਾਈਨਿੰਗ' ਦੀ ਡਬਿੰਗ ਚੰਡੀਗੜ੍ਹ ਵਿਖੇ ਪੂਰੀ ਕਰ ਲਈ ਗਈ ਹੈ, ਜੋ 28 ਕਿ ਅਪ੍ਰੈਲ ਨੂੰ ਦੇਸ਼, ਵਿਦੇਸ਼ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤੀ ਜਾ ਰਹੀ ਹੈ। 'ਰਨਿੰਗ ਹੋਰਸ ਫ਼ਿਲਮਜ਼' ਅਤੇ 'ਗਲੋਬਲ ਟਿਟਾਨਿਜ਼' ਦੇ ਬੈਨਰ ਹੇਠ ਬਣਾਈ ਗਈ ਇਸ ਫ਼ਿਲਮ ਵਿਚ ਗਾਇਕ-ਅਦਾਕਾਰ ਸਿੰਘਾ, ਰਾਂਝਾ ਵਿਕਰਮ ਸਿੰਘ, ਖੂਬਸੂਰਤ ਅਦਾਕਾਰਾ ਸਾਰਾ ਗੁਰਪਾਲ, ਸਵੀਤਾਜ਼ ਬਰਾੜ, ਪ੍ਰਦੀਪ ਰਾਵਤ ਲੀਡ ਭੂਮਿਕਾਵਾਂ ਅਦਾ ਕਰ ਰਹੇ ਹਨ।
ਫ਼ਿਲਮ ਦਾ ਸੰਗੀਤ ਓਲਾਮਾਨਤੀ ਦੁਆਰਾ ਤਿਆਰ ਕੀਤਾ ਗਿਆ ਹੈ, ਸਿਨੇਮਾਟੋਗ੍ਰਾਫ਼ਰੀ ਸੁਰੇਸ਼ ਬਾਬੂ ਦੀ ਹੈ, ਐਕਸ਼ਨ ਨਿਰਦੇਸ਼ਕ ਕੇ.ਗਣੇਸ਼, ਐਗਜੀਕਿਊਟਿਵ ਨਿਰਮਾਤਾ ਜਤਿਨ ਦਰਾਨਾ ਅਤੇ ਨਿਰਮਾਤਾਵਾਂ ਵਿਚ ਵਿਕਰਮ ਸਿੰਘ, ਉਦੈ ਸਿੰਘ, ਗੁਰੀ ਅਗਰਵਾਲ ਅਤੇ ਸਹਿ ਨਿਰਮਾਤਾ ਕੈਲਾਸ਼ ਚਦਾਨਾ ਸ਼ਾਮਿਲ ਹਨ। ਜੇਕਰ ਇਸ ਫ਼ਿਲਮ ਦੇ ਨਿਰਦੇਸ਼ਕ ਸਿਮਰਨਜੀਤ ਹੁੰਦਲ ਦੇ ਹੁਣ ਤੱਕ ਦੇ ਸਿਨੇਮਾ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਬਤੌਰ ਨਿਰਦੇਸ਼ਕ ਇਹ ਉਨ੍ਹਾਂ ਦੀ ਸੱਤਵੀਂ ਫ਼ਿਲਮ ਹੈ। ਜੋ ਇਸ ਤੋਂ ਪਹਿਲਾਂ ‘ਜੱਟ ਬੁਆਏਜ਼ ਪੁੱਤ ਜੱਟਾਂ ਦੇ’, ‘ਗੰਨਜ਼ ਐਂਡ ਗੋਲ’, ‘ਨਾਨਕਾਂ ਮੇਲ’, ‘ਰੱਬਾ ਰੱਬਾ ਮੀਂਹ ਵਰਸਾ’, ‘ਜਿੱਦੀ ਜੱਟ’, ‘ਕੁਲਚੇ ਛੋਲੇ’ ਆਦਿ ਚਰਚਿਤ ਅਤੇ ਅਰਥਭਰਪੂਰ ਫ਼ਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।
ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਕੰਵਲਪ੍ਰੀਤ ਸਿੰਘ ਦੇ ਗੀਤ 'ਪੰਜਾਬੀ ਬੱਚਿਆਂ ਦੀ ਮਾਂ', ਯਾਸੁਰ ਦੇਸਾਈ ਦੇ ਰਾਂਝਾ ਵਿਕਰਮ ਸਿੰਘ ਸਾਰਾ ਗੁਰਪਾਲ ਸਟਾਰਰ ਗਾਣੇ ‘ਤਾਵੀਜ਼’, ਧੀਰਾ ਗਿੱਲ ਦਾ ‘ਮਿਹਨਤਾ ਦੇ ਫ਼ਲ’ ਅਤੇ ‘ਫ਼ਰਾਰ’ ਆਦਿ ਮਿਊਜ਼ਿਕ ਵੀਡੀਓ ਦਾ ਵੀ ਸਫ਼ਲਤਾਪੂਰਵਕ ਫ਼ਿਲਮਾਂਕਣ ਕੀਤਾ ਜਾ ਚੁੱਕਾ ਹੈ।