ਚੰਡੀਗੜ੍ਹ: ਹਿੰਦੀ ਸਿਨੇਮਾ ਦਾ ਜਾਣਿਆ ਪਛਾਣਿਆਂ ਅਤੇ ਮਾਣਮੱਤਾ ਨਾਂਅ ਬਣ ਚੁੱਕੀ ਪ੍ਰਤਿਭਾਸ਼ਾਲੀ ਅਦਾਕਾਰਾ ਦਿਵਿਆ ਦੱਤਾ ਲੰਮੇਂ ਸਮੇਂ ਬਾਅਦ ਪੰਜਾਬੀ ਸਿਨੇਮਾ ’ਚ ਸ਼ਾਨਦਾਰ ਕਮਬੈਕ ਕਰਨ ਜਾ ਰਹੀ ਹੈ, ਜੋ ਰਿਲੀਜ਼ ਹੋਣ ਜਾ ਰਹੀ ‘ਸ਼ਾਤਰ’ ਵਿਚ ਲੀਡ ਭੂਮਿਕਾ ਵਿਚ ਨਜ਼ਰ ਆਵੇਗੀ।
'ਹੋਲੀ ਬਾਸਿਲ ਫ਼ਿਲਮਜ਼' ਅਤੇ 'ਡਾ.ਮਨਬੀਰ ਸਿਘ ਯੂਐਸਏ' ਦੇ ਬੈਨਰ ਹੇਠ ਬਣੀ ਉਕਤ ਫਿਲਮ ਦੀ ਸਟਾਰਕਾਸਟ ਵਿਚ ਮੁਕਲ ਦੇਵ, ਦੇਵ ਸ਼ਰਮਾ, ਸਮਿੱਕਸ਼ਾ ਭਟਨਾਗਰ, ਦੀਪਰਾਜ ਰਾਣਾ, ਅਮਨ ਧਾਲੀਵਾਲ ਵੀ ਸ਼ਾਮਿਲ ਹਨ, ਜੋ ਇਸ ਵਿਚ ਕਾਫ਼ੀ ਮਹੱਤਵਪੂਰਨ ਕਿਰਦਾਰਾਂ ਵਿਚ ਵਿਖਾਈ ਦੇਣਗੇ।
ਬਾਲੀਵੁੱਡ ਦੇ ਕਈ ਦਿੱਗਜ ਨਿਰਮਾਤਾ-ਨਿਰਦੇਸ਼ਕਾਂ ਨਾਲ ਵੱਡੀਆਂ ਅਤੇ ਮਲਟੀਸਟਾਰਰ ਫਿਲਮਾਂ ਕਰਨ ਦਾ ਸਿਹਰਾ ਹਾਸਿਲ ਕਰ ਚੁੱਕੀ ਅਦਾਕਾਰਾ ਦਿਵਿਆ ਦੱਤਾ ਜਿਆਦਾਤਰ ਫਿਲਮਾਂ ਵਿਚ ਲੀਡ ਐਕਟਰਜ਼ ਬਰਾਬਰ ਆਪਣੀ ਅਦਾਕਾਰੀ ਸਮਰੱਥਾ ਦਾ ਇਜ਼ਹਾਰ ਕਰਵਾਉਣ ਵਿਚ ਸਫ਼ਲ ਰਹੀ ਹੈ।
ਅਮਿਤਾਬ ਬੱਚਨ, ਸ਼ਾਹਰੁਖ ਖ਼ਾਨ, ਹੇਮਾ ਮਾਲਿਨੀ, ਪ੍ਰੀਤੀ ਜਿੰਟਾ, ਰਾਣੀ ਮੁਖਰਜੀ ਤੋਂ ਲੈ ਕੇ ਸਲਮਾਨ ਖ਼ਾਨ ਸਟਾਰਰ ਫਿਲਮਾਂ ਵਿਚ ਬਾਖੂਬੀ ਅਦਾਕਾਰੀ ਲੋਹਾ ਮੰਨਵਾਉਣ ਵਿਚ ਸਫ਼ਲ ਰਹੀ ਇਹ ਪੰਜਾਬੀ ਮੂਲ ਅਦਾਕਾਰਾ ਮੁੜ ਪੰਜਾਬੀ ਸਿਨੇਮਾ ਦਾ ਹਿੱਸਾ ਬਣ ਕਾਫ਼ੀ ਖੁਸ਼ੀ ਅਤੇ ਮਾਣ ਮਹਿਸੂਸ ਕਰ ਰਹੀ ਹੈ।
ਉਨ੍ਹਾਂ ਅਪਣੀ ਇਸ ਨਵੀਂ ਫਿਲਮ ਅਤੇ ਨਿਭਾਏ ਜਾ ਰਹੇ ਕਿਰਦਾਰ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤੋਂ ਪਹਿਲਾਂ ਜਿਸ ਦਾ ਸ਼ਾਨਦਾਰ ਅਹਿਸਾਸ ‘ਟ੍ਰੇਨ ਟੂ ਪਾਕਿਸਤਾਨ’ ਅਤੇ ਸਵ.ਮਨੋਜ ਪੁੰਜ ਦੀ ਗੁਰਦਾਸ ਮਾਨ-ਜੂਹੀ ਚਾਵਲਾ ਨਾਲ ‘ਵਾਰਿਸ ਸ਼ਾਹ’ ਜਿਹੀਆਂ ਉਮਦਾ ਫਿਲਮਾਂ ਨਾਲ ਜੁੜਨ ਵੇਲੇ ਹੋਇਆ, ਉਸੇ ਤਰ੍ਹਾਂ ਦੀ ਫੀਲਿੰਗ ਉਕਤ ਫਿਲਮ ਦਾ ਹਿੱਸਾ ਬਣ ਵੀ ਮਹਿਸੂਸ ਕਰ ਰਹੀ ਹਾਂ, ਕਿਉਂਕਿ ਬਹੁਤ ਹੀ ਪ੍ਰਭਾਵੀ ਕਹਾਣੀਸਾਰ ਅਧੀਨ ਬਣਾਈ ਗਈ ਹੈ ਇਹ ਫਿਲਮ, ਜਿਸ ਦੇ ਇਕ ਇਕ ਕਿਰਦਾਰ ਦੀ ਸਿਰਜਨਾ ਵੀ ਬਹੁਤ ਉਮਦਾ ਅਤੇ ਪ੍ਰਭਾਵੀ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਜਿੱਥੋਂ ਤੱਕ ਲੰਮੇਂ ਸਮੇਂ ਬਾਅਦ ਇਸ ਫਿਲਮ ਦਾ ਹਿੱਸਾ ਬਣਨ ਦੀ ਗੱਲ ਹੈ ਤਾਂ ਇਸ ਦਾ ਕਾਰਨ ਮਨਮਾਫ਼ਿਕ ਭੂਮਿਕਾਵਾਂ ਦਾ ਸਾਹਮਣਾ ਨਾ ਆਉਣਾ ਵੀ ਕਿਹਾ ਜਾ ਸਕਦਾ ਹੈ, ਕਿਉਂਕਿ ਮੇਨ ਸਟਰੀਮ ਫਿਲਮਾਂ ਦਾ ਹਿੱਸਾ ਬਣਨਾ ਕਦੇ ਵੀ ਗਵਾਰਾ ਨਹੀਂ ਕਰਦੀ ਹਾਂ। ਪਰ ਹੁਣ ਇਸ ਗੱਲ ਦੀ ਖੁਸ਼ੀ ਹੈ ਕਿ ਪੰਜਾਬੀ ਸਿਨੇਮਾ ਵਿਚ ਅਲਹਦਾ ਕੰਟੈਂਟ ਅਤੇ ਫਿਲਮੀ ਸੈੱਟਅੱਪ ਨੂੰ ਪਹਿਲ ਦਿੱਤੀ ਜਾਣ ਲੱਗੀ ਹੈ, ਜਿਸ ਦੇ ਮੱਦੇਨਜ਼ਰ ਆਉਣ ਵਾਲੇ ਦਿਨ੍ਹਾਂ ਵਿਚ ਹੋਰ ਪੰਜਾਬੀ ਫਿਲਮਾਂ ਕਰਨਾ ਵੀ ਜ਼ਰੂਰ ਪਸੰਦ ਕਰਾਂਗੀ।