ਚੰਡੀਗੜ੍ਹ: ਸ਼ਾਇਦ ਹੀ ਕੋਈ ਅਜਿਹਾ ਦਿਨ ਹੋਵੇ, ਜਿਸ ਦਿਨ ਪੰਜਾਬੀ ਦੀ ਕਿਸੇ ਨਾ ਕਿਸੇ ਫਿਲਮ ਦਾ ਐਲਾਨ ਨਾ ਹੋਇਆ ਹੋਵੇ, ਆਏ ਦਿਨ ਪੰਜਾਬੀ ਦੀਆਂ ਨਵੀਆਂ ਫਿਲਮਾਂ ਦਾ ਐਲਾਨ, ਰਿਲੀਜ਼ ਮਿਤੀ ਅਤੇ ਟ੍ਰਲੇਰ ਰਿਲੀਜ਼ ਹੁੰਦੇ ਰਹਿੰਦੇ ਹਨ, ਇਸ ਗੱਲ਼ ਤੋਂ ਅੰਦਾਜ਼ਾਂ ਲਾਇਆ ਜਾ ਸਕਦਾ ਹੈ ਕਿ ਸਾਲ 2023 ਯਕੀਨਨ ਪੰਜਾਬੀ ਸਿਨੇਮਾ ਪ੍ਰੇਮੀਆਂ ਲਈ ਕੁੱਝ ਚੰਗੀਆਂ ਯਾਦਾਂ ਛੱਡ ਕੇ ਜਾਵੇਗਾ। ਇਸੇ ਤਰ੍ਹਾਂ ਹੀ ਹੁਣ ਇੱਕ ਹੋਰ ਨਵੀਂ ਫਿਲਮ ਦਾ ਐਲਾਨ ਹੋ ਗਿਆ ਹੈ।
ਜੀ ਹਾਂ...ਪਾਲੀਵੁੱਡ ’ਚ ਵਿਲੱਖਣ ਪਹਿਚਾਣ ਰੱਖਦੇ ਨਿਰਦੇਸ਼ਕ ਰਾਜ ਸਿਨਹਾ ਪੰਜਾਬੀ ਸਿਨੇਮਾਂ ’ਚ ਵੀ ਲਗਾਤਾਰ ਕਾਰਜਸ਼ੀਲ ਹਨ, ਜਿੰਨ੍ਹਾਂ ਵੱਲੋਂ ਆਪਣੀ ਨਵੀਂ ਪੰਜਾਬੀ ਫ਼ਿਲਮ ‘ਉਡੀਕਾਂ ਤੇਰੀਆਂ’ ਦੀ ਰਿਲੀਜ਼ ਮਿਤੀ ਦਾ ਐਲਾਨ ਕਰ ਦਿੱਤਾ ਗਿਆ ਹੈ, ਜੋ 21 ਅਪ੍ਰੈਲ ਨੂੰ ਦੇਸ਼, ਵਿਦੇਸ਼ ਦੇ ਸਿਨੇਮਾਂ ਘਰਾਂ ’ਚ ਰਿਲੀਜ਼ ਕੀਤੀ ਜਾਵੇਗੀ।
‘ਫ਼ਾਦਰ ਐਂਡ ਸੰਨਜ਼ ਫ਼ਿਲਮਜ਼’ ਅਤੇ ‘ਚਿਪਸ ਮਿਊਜ਼ਿਕ ਐਨ ਫ਼ਿਲਮ ਪ੍ਰੋਡੋਕਸ਼ਨ' ਦੇ ਬੈਨਰਜ਼ ਹੇਠ ਨਿਰਮਿਤ ਕੀਤੀ ਗਈ ਇਸ ਫ਼ਿਲਮ ਵਿਚ ਪੁਖਰਾਜ਼ ਭੱਲਾ ਅਤੇ ਗੁੰਜਨ ਕਟੋਚ ਲੀਡ ਭੂਮਿਕਾਵਾਂ ਵਿਚ ਨਜ਼ਰ ਆਉਣਗੇ। ਇਹਨਾਂ ਤੋਂ ਇਲਾਵਾ ਵਿੰਦੂ ਦਾਰਾ ਸਿੰਘ, ਜਸਵਿੰਦਰ ਭੱਲਾ, ਬੀ.ਐਨ ਸ਼ਰਮਾ, ਅਮਰ ਨੂਰੀ, ਸੀਮਾ ਕੌਸ਼ਲ, ਗੁਰਪ੍ਰੀਤ ਘੁੱਗੀ ਅਤੇ ਹਰਬੀ ਸੰਘਾ, ਬਲਵੀਰ ਬੋਪਾਰਾਏ, ਕੁਲਵੀਰ ਸੋਨੀ, ਸੰਤੋਸ਼ ਗਿੱਲ, ਪੁਨੀਤ ਸਿੰਘ, ਜਯੋਤੀ ਅਰੋੜਾ, ਪਰਮਿੰਦਰ ਬਰਨਾਲਾ, ਸੰਦੀਪ ਪਤੀਲਾ, ਸੁਖਬੀਰ ਕੌਰ ਅਤੇ ਹਰਮੀਤ ਸਿੰਘ ਜੰਮੂ ਆਦਿ ਵੀ ਮਹੱਤਵਪੂਰਨ ਕਿਰਦਾਰਾਂ ਵਿਚ ਹਨ।