ਚੰਡੀਗੜ੍ਹ:ਗਾਇਕ-ਅਦਾਕਾਰ ਦਿਲਜੀਤ ਦੁਸਾਂਝ ਨੇ ਕੈਲੀਫੋਰਨੀਆ ਵਿੱਚ ਕੋਚੇਲਾ ਵੈਲੀ ਮਿਊਜ਼ਿਕ ਐਂਡ ਆਰਟਸ ਫੈਸਟੀਵਲ ਵਿੱਚ ਪ੍ਰਦਰਸ਼ਨ ਕਰਕੇ ਇਤਿਹਾਸ ਰਚ ਦਿੱਤਾ ਹੈ। ਵੀਕੈਂਡ ਦੀ ਪਰਫਾਰਮੈਂਸ ਨਾ ਸਿਰਫ ਪੰਜਾਬੀ ਇੰਡਸਟਰੀ ਵਿੱਚ ਸਗੋਂ ਗਲੋਬਲ ਪੱਧਰ 'ਤੇ ਉਸ ਦੇ ਦਬਦਬੇ ਨੂੰ ਦਰਸਾਉਂਦੀ ਹੈ।
ਹੁਣ ਗਾਇਕ ਦੀ ਇਸ ਪ੍ਰਾਪਤੀ ਉਤੇ 'ਛੜਾ' ਨਿਰਦੇਸ਼ਕ ਜਗਦੀਪ ਸਿੱਧੂ ਨੇ ਇੱਕ ਭਾਵੁਕ ਵੀਡੀਓ ਦੇ ਨਾਲ ਨੋਟ ਸਾਂਝਾ ਕੀਤਾ ਹੈ, ਨਿਰਦੇਸ਼ਕ ਨੇ ਲਿਖਿਆ ਹੈ 'ਇਹ ਬਹੁਤ ਭਾਵੁਕ ਹੈ…ਇੱਕ ਬੱਚਾ ਜਿਹਦੇ ਕੋਲ ਚੰਡੀਗੜ੍ਹ ਜਾਣ ਦੇ ਪੇਸੇ ਹੈ ਨੀ ਸੀ … ਇੱਕ ਦੋਸਤ ਤੋਂ 100 ਰੁਪਏ ਫੜ ਕੇ ਆਪਣੇ ਸੁਫ਼ਨੇ ਵਾਲੀ ਬੱਸ ਚੜਦਾ ਏ…ਅਤੇ ਅੱਜ ਪੌੜੀਆਂ ਚੜਦਾ ਚੜਦਾ #ਕੋਚੇਲਾ ਦੀ ਸਟੇਜ 'ਤੇ ਚੜ੍ਹ ਗਿਆ… ਨਫ਼ਰਤ ਬੀਜਣ ਵਾਲੇ ਟਾਈਮ ਟਾਈਮ 'ਤੇ ਰੌਂਲਾ ਪਾਉਂਦੇ ਆ… “ਇਹ ਸਾਡਾ ਨੀ… ਇਹ ਸਾਡਾ ਨੀ…ਪਰ ਉਹ ਬੱਚਾ ਵਾਰ ਵਾਰ ਸਾਡੀ ਸਰਦਾਰੀ ਦੀ ਪੱਗ ਲੈ ਕੇ ਐਸੇ ਸਿਖਰਾਂ 'ਤੇ ਚੜ ਜਾਂਦਾ ਏ...ਕਿ ਥੱਲੇ ਖੜਿਆ ਨੂੰ ਉਹਦੀ ਪੱਗ ਦਾ ਤੁਰਲਾ ਦੱਸ ਦਾ ਏ...ਉਹ ਕਿੰਨ੍ਹਾਂ ਸਾਡਾ ਹੈ...#proud ਨਫ਼ਰਤ ਨਾ ਸੁਣੋ...ਸਰਦਾਰ ਸੁਣੋ…ਇਸ ਕੌਮ ਨੂੰ ਅਤੇ ਇਸ ਦੇਸ਼ ਨੂੰ ਮਾਣ ਆ ਬਾਈ ਤੇਰੇ 'ਤੇ…#firstindia #firstpunjabi।' ਇਸਦੇ ਨਾਲ ਹੀ ਨਿਰਦੇਸ਼ਕ ਨੇ ਗਾਇਕ ਦੀ ਇੱਕ ਵੀਡੀਓ ਨੂੰ ਵੀ ਸਾਂਝਾ ਕੀਤਾ ਹੈ, ਜਿਸ ਵਿੱਚ ਗਾਇਕ ਦਿਲਜੀਤ ਦੁਸਾਂਝ ਨਜ਼ਰ ਆ ਰਹੇ ਹਨ।
ਹੁਣ ਇਸ ਪੋਸਟ ਉਤੇ ਪ੍ਰਸ਼ੰਸਕ ਵੀ ਬਹੁਤ ਖੂਬਸੂਰਤ ਕਮੈਂਟ ਕਰ ਰਹੇ ਹਨ, ਇੱਕ ਨੇ ਲਿਖਿਆ 'ਜੋ ਵੀ ਪੰਜਾਬੀ ਪੰਜਾਬ ਦਾ ਨਾਮ ਰੌਸ਼ਨ ਕਰਦਾ ਉਸਨੂੰ ਸਤਿਕਾਰ ਦੇਣਾ ਚਾਹੀਦਾ ਨਾ ਕਿ ਨਫ਼ਰਤ, ਹਾਰ ਬੰਦਾ ਆਪਣੇ ਆਪ 'ਚ ਸਹੀ ਐ।'