ਚੰਡੀਗੜ੍ਹ:ਪੰਜਾਬੀ ਸਿਨੇਮਾ ਖੇਤਰ ਵਿੱਚ ਇੰਨੀਂ ਦਿਨੀਂ ਨਵੀਆਂ ਫਿਲਮਾਂ ਦੀ ਸ਼ੂਟਿੰਗ, ਰਿਲੀਜ਼ ਅਤੇ ਮਹੂਰਤ ਦਾ ਸਿਲਸਿਲਾ ਜ਼ੋਰਾਂ ਸ਼ੋਰਾਂ ਨਾਲ ਜਾਰੀ ਹੈ, ਜਿਸ ਦੇ ਮੱਦੇਨਜ਼ਰ ਹੀ ਇੱਕ ਹੋਰ ਬਿੱਗ ਸੈਟਅੱਪ ਫਿਲਮ ਦਾ ਆਗਾਜ਼ ਕੀਤਾ ਗਿਆ ਹੈ, ਜਿਸ ਵਿੱਚ ਗਾਇਕ-ਅਦਾਕਾਰ ਨਿੰਜਾ ਅਤੇ ਅਦਾਕਾਰਾ ਸ਼ਰਨ ਕੌਰ ਲੀਡ ਜੋੜੀ ਵਜੋਂ ਨਜ਼ਰ ਆਉਣਗੇ।
'ਟੋਪਨੋਚ ਸਟੂਡਿਓਜ਼' ਅਤੇ 'ਸ਼੍ਰੀ ਨਰੋਤਮ ਜੀ ਸਟੂਡਿਓਜ਼' ਵੱਲੋਂ ਨਿਰਮਿਤ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਮਾਣ ਰਮਨ ਅਗਰਵਾਲ, ਅੰਕਿਤ ਵਿਜਨ, ਨਵਦੀਪ ਨਰੂਲਾ, ਨਵਦੀਪ ਸ਼ਰਮਾ, ਵਿਸ਼ਾਲ ਜੌਹਲ ਕਰ ਰਹੇ ਹਨ, ਜੋ ਇਸ ਤੋਂ ਪਹਿਲਾਂ ਵੀ ਕਈ ਵੱਡੀਆ ਫਿਲਮਾਂ ਸੁਯੰਕਤ ਰੂਪ ਵਿਚ ਬਣਾ ਚੁੱਕੇ ਹਨ, ਜਿੰਨਾਂ ਵਿੱਚ 'ਸਰਗੀ', 'ਕਿਸਮਤ', 'ਕਿਸਮਤ 2', 'ਸਹੁਰਿਆਂ ਦਾ ਪਿੰਡ', 'ਮੁੰਡਾ ਹੀ ਚਾਹੀਦਾ', 'ਮੋਹ' ਆਦਿ ਸ਼ਾਮਿਲ ਰਹੀਆਂ ਹਨ, ਜਿਸ ਤੋਂ ਇਲਾਵਾ ਇੰਨਾਂ ਨਿਰਮਾਤਾਵਾਂ ਦੀ ਗੀਤਾਜ ਬਿੰਦਰਖੀਆ ਅਤੇ ਮੈਂਡੀ ਤੱਖਰ ਸਟਾਰਰ ਇੱਕ ਹੋਰ ਵੱਡੀ ਫਿਲਮ 'ਪਾਰ ਚਨਾ ਦੇ' ਵੀ ਫਲੌਰ 'ਤੇ ਹੈ, ਜੋ ਲੰਦਨ ਦੀਆਂ ਵੱਖ-ਵੱਖ ਲੋਕੇਸ਼ਨਜ਼ ਉਪਰ ਬੜੀ ਤੇਜ਼ੀ ਨਾਲ ਸੰਪੂਰਨਤਾ ਪੜਾਅ ਵੱਲ ਵੱਧ ਰਹੀ ਹੈ।
ਓਧਰ ਜੇਕਰ ਇਸ ਫਿਲਮ ਦੇ ਨਿਰਦੇਸ਼ਕ ਅੰਮ੍ਰਿਤ ਰਾਜ ਚੱਢਾ ਦੇ ਬਤੌਰ ਫਿਲਮਕਾਰ ਹਾਲੀਆ ਕਰੀਅਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਉਨਾਂ ਵੱਲੋਂ ਬਣਾਈਆਂ ਕਈ ਫਿਲਮਾਂ ਸਫਲਤਾ ਅਤੇ ਸਲਾਹੁਤਾ ਹਾਸਿਲ ਕਰਨ ਵਿੱਚ ਸਫ਼ਲ ਰਹੀਆਂ ਹਨ, ਜਿੰਨਾਂ ਵਿੱਚ ਐਮੀ ਵਿਰਕ ਨਾਲ 'ਸਾਹਿਬ ਬਹਾਦਰ', ਰੌਸ਼ਨ ਪ੍ਰਿੰਸ-ਨੀਰੂ ਬਾਜਵਾ-ਰੂਬੀਨਾ ਬਾਜਵਾ ਦੀ 'ਬਿਊਟੀਫੁੱਲ ਬਿੱਲੋ', ਕੁਲਵਿੰਦਰ ਬਿੱਲਾ ਸਟਾਰਰ 'ਪ੍ਰਾਹੁਣਾ' ਆਦਿ ਸ਼ੁਮਾਰ ਰਹੀਆਂ ਹਨ।
ਪੰਜਾਬੀ ਫਿਲਮ ਇੰਡਸਟਰੀ ਵਿੱਚ ਬਹੁਤ ਥੋੜੇ ਜਿਹੇ ਸਮੇਂ ਦੌਰਾਨ ਹੀ ਆਪਣੀ ਵਿਲੱਖਣ ਪਹਿਚਾਣ ਅਤੇ ਚੋਖੀ ਭੱਲ ਸਥਾਪਿਤ ਕਰ ਲੈਣ ਵਾਲੇ ਇਹ ਹੋਣਹਾਰ ਨਿਰਦੇਸ਼ਕ ਪੰਜਾਬੀ ਸਿਨੇਮਾ ਦੇ ਕਈ ਮੰਝੇ ਹੋਏ ਨਿਰਦੇਸ਼ਕਾਂ ਦੇ ਨਾਲ ਐਸੋਸੀਏਟ ਨਿਰਦੇਸ਼ਕ ਵਜੋਂ ਕੰਮ ਕਰ ਚੁੱਕੇ ਹਨ, ਜਿੰਨਾਂ ਵੱਲੋਂ ਇਸੇ ਸਫ਼ਰ ਦੌਰਾਨ ਕੀਤੀਆਂ ਗਈਆਂ ਫਿਲਮਾਂ 'ਚ 'ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ', 'ਵਾਰਿਸ ਸ਼ਾਹ : ਇਸ਼ਕ ਦਾ ਵਾਰਿਸ', 'ਯਾਰੀਆਂ', 'ਡਿਸਕੋ ਸਿੰਘ', 'ਪੰਜਾਬ 1984', 'ਸੁਖਮਨੀ', 'ਚੱਕ ਜਵਾਨਾਂ', 'ਜੱਟ ਐਂਡ ਜੂਲੀਅਟ', 'ਜੱਟ ਐਂਡ ਜੂਲੀਅਟ 2', 'ਅੰਗਰੇਜ਼', 'ਜਿਹਨੇ ਮੇਰਾ ਦਿਲ ਲੁੱਟਿਆ', 'ਯਾਰ ਅਣਮੁੱਲੇ' ਆਦਿ ਸ਼ੁਮਾਰ ਰਹੀਆਂ ਹਨ।
ਉਕਤ ਫਿਲਮ ਮਹੂਰਤ ਦੇ ਨਾਲ ਹੀ ਸ਼ੂਟਿੰਗ ਪੜਾਅ ਵੱਲ ਵੱਧ ਚੁੱਕੀ ਹੈ, ਜਿਸ ਦੇ ਹੋਰਨਾਂ ਕਲਾਕਾਰਾਂ ਅਤੇ ਹੋਰਨਾਂ ਪਹਿਲੂਆਂ ਦਾ ਰਸਮੀ ਖੁਲਾਸਾ ਹਾਲੇ ਨਹੀਂ ਕੀਤਾ ਗਿਆ।