ਚੰਡੀਗੜ੍ਹ: ਬਹੁਤ ਸਮੇਂ ਤੋਂ ਉਡੀਕੀ ਜਾ ਰਹੀ ਪੰਜਾਬੀ ਫਿਲਮ 'ਜੋੜੀ' ਜੋ ਅੱਜ 5 ਮਈ 2023 ਨੂੰ ਰਿਲੀਜ਼ ਹੋਣੀ ਸੀ ਅਤੇ ਜਿਸ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ, ਕੁਝ ਕਾਨੂੰਨੀ ਮੁਸ਼ਕਲਾਂ ਦੇ ਚੱਲਦੇ ਰਿਲੀਜ਼ ਨਹੀਂ ਹੋ ਸਕੀ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅਦਾਲਤ ਨੇ ਦਿੱਗਜ ਗਾਇਕ ਅਮਰ ਸਿੰਘ ਚਮਕੀਲਾ ਦੀ ਪਤਨੀ ਗੁਰਮੇਲ ਕੌਰ ਸਮੇਤ ਜੋੜੀ ਦੀ ਪੂਰੀ ਟੀਮ ਨੂੰ ਸੰਮਨ ਜਾਰੀ ਕੀਤਾ ਹੈ।
ਅਦਾਲਤ ਨੇ 3 ਮਈ 2023 ਨੂੰ ਫਿਲਮ ਦੀ ਰਿਲੀਜ਼ 'ਤੇ ਰੋਕ ਲਗਾ ਦਿੱਤੀ ਸੀ ਅਤੇ ਹੁਣ ਫਿਲਮ ਅੱਜ ਰਿਲੀਜ਼ ਨਾ ਹੋਣ ਕਾਰਨ ਪ੍ਰਸ਼ੰਸਕ ਕਾਫੀ ਪਰੇਸ਼ਾਨ ਹਨ। ਉੱਥੇ ਹੀ ਫਿਲਮ ਦੇ ਮੁੱਖ ਅਦਾਕਾਰ ਦਿਲਜੀਤ ਦੁਸਾਂਝ ਵੀ ਨਿਰਾਸ਼ ਹਨ। ਦਿਲਜੀਤ ਦੁਸਾਂਝ ਨੇ ਆਪਣੇ ਇੰਸਟਾਗ੍ਰਾਮ ਸਟੋਰੀ 'ਤੇ ਆਪਣੇ ਪ੍ਰਸ਼ੰਸਕਾਂ ਤੋਂ ਮੁਆਫੀ ਮੰਗੀ ਜੋ ਰਿਲੀਜ਼ ਦੀ ਉਡੀਕ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਫਿਲਮ ਲਈ ਸਾਰੀ ਟੀਮ ਨੇ ਬਹੁਤ ਹੀ ਮਿਹਨਤ ਨਾਲ ਕੰਮ ਕੀਤਾ ਹੈ ਪਰ ਕੁਝ ਦਿੱਕਤਾਂ ਕਰਕੇ ਫਿਲਮ ਜੋੜੀ ਅੱਜ ਭਾਰਤ ਵਿੱਚ ਰਿਲੀਜ਼ ਨਹੀਂ ਹੋ ਪਾਈ ਹੈ ਅਤੇ ਫਿਰ ਅਦਾਕਾਰ-ਗਾਇਕ ਨੇ ਜੋੜੀ ਦੀ ਉਡੀਕ ਕਰ ਰਹੇ ਆਪਣੇ ਪ੍ਰਸ਼ੰਸਕਾਂ ਤੋਂ ਮੁਆਫੀ ਮੰਗੀ।
ਤੁਹਾਨੂੰ ਦੱਸ ਦਈਏ ਕਿ ਅਦਾਲਤ ਦੇ ਹੁਕਮਾਂ ਦੇ ਬਾਵਜੂਦ ਵੀ ਫਿਲਮ 'ਜੋੜੀ' ਦੀ ਐਡਵਾਂਸ ਬੁਕਿੰਗ ਜਾਰੀ ਹੀ ਸੀ, ਜਿਸ ਕਰਕੇ ਫੈਨਜ਼ ਨੇ ਸੋਚਿਆ ਕਿ ਫਿਲਮ ਰਿਲੀਜ਼ ਹੋਣ ਵਾਲੀ ਹੈ ਪਰ ਦਿਲਜੀਤ ਦੀ ਇਸ ਸਟੋਰੀ ਨੇ ਹੁਣ ਸਭ ਕੁਝ ਸਾਫ਼ ਕਰ ਦਿੱਤਾ ਹੈ ਅਤੇ ਹੁਣ ਇਹ 100% ਪੱਕਾ ਹੈ ਕਿ ਫਿਲਮ ਅਗਲੇ ਐਲਾਨ ਤੱਕ ਸਿਨੇਮਾਘਰਾਂ ਵਿੱਚ ਰਿਲੀਜ਼ ਨਹੀਂ ਹੋਵੇਗੀ।
ਸਿਵਲ ਜੱਜ ਕਰਨਦੀਪ ਕੌਰ ਦੀ ਅਦਾਲਤ ਨੇ ਫਿਲਮ ਦੀ ਪਟੀਸ਼ਨ ਦੀ ਸੁਣਵਾਈ ਤੋਂ ਬਾਅਦ ਟੀਮ ਨੂੰ ਸੰਮਨ ਜਾਰੀ ਕਰਨ ਦੇ ਹੁਕਮ ਜਾਰੀ ਕੀਤੇ ਅਤੇ ਅਗਲੀ ਸੁਣਵਾਈ 8 ਮਈ 2023 ਨੂੰ ਹੋਣੀ ਤੈਅ ਕੀਤੀ ਹੈ, ਜਿਸ ਤੋਂ ਬਾਅਦ ਹੀ ਸਾਨੂੰ ਰਿਲੀਜ਼ ਦੇ ਅਪਡੇਟ ਬਾਰੇ ਪਤਾ ਲੱਗੇਗਾ। ਹੁਣ ਸਭ ਦੀਆਂ ਨਜ਼ਰਾਂ ਅਗਲੇ ਅਪਡੇਟਾਂ 'ਤੇ ਹਨ ਕਿਉਂਕਿ ਪ੍ਰਸ਼ੰਸਕ ਫਿਲਮ ਨੂੰ ਵੱਡੇ ਪਰਦੇ 'ਤੇ ਦੇਖਣ ਲਈ ਇੰਤਜ਼ਾਰ ਨਹੀਂ ਕਰ ਸਕਦੇ ਹਨ।
ਅਦਾਲਤ ਨੇ ਇਹ ਹੁਕਮ ਮਰਹੂਮ ਨਿਰਮਾਤਾ ਗੁਰਦੇਵ ਸਿੰਘ ਰੰਧਾਵਾ ਦੇ ਪੁੱਤਰਾਂ ਇਸ਼ਜੀਤ ਰੰਧਾਵਾ ਅਤੇ ਸੰਜੋਤ ਰੰਧਾਵਾ ਵੱਲੋਂ ਦਾਇਰ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਦਿੱਤਾ। ਪਟੀਸ਼ਨ ਵਿੱਚ ਦਲੀਲ ਦਿੱਤੀ ਗਈ ਸੀ ਕਿ ਚਮਕੀਲਾ ਦੀ ਵਿਧਵਾ ਨੇ 12 ਅਕਤੂਬਰ 2012 ਨੂੰ ਲਿਖਤੀ ਰੂਪ ਵਿੱਚ ਇਸ਼ਜੀਤ ਅਤੇ ਸੰਜੋਤ ਦੇ ਪਿਤਾ ਨੂੰ ਆਪਣੇ ਪਤੀ ਦੀ ਬਾਇਓਪਿਕ ਬਣਾਉਣ ਦਾ ਅਧਿਕਾਰ ਦਿੱਤਾ ਸੀ। ਇਸ ਅਧਿਕਾਰ ਲਈ ਇਸ਼ਜੀਤ ਦੇ ਪਿਤਾ ਨੇ ਗੁਰਮੇਲ ਕੌਰ ਨੂੰ 5 ਲੱਖ ਦੀ ਰਕਮ ਵੀ ਦਿੱਤੀ ਸੀ ਅਤੇ ਬਾਇਓਪਿਕ ਬਣਾਉਣ ਲਈ ਕੋਈ ਸਮਾਂ ਸੀਮਾ ਤੈਅ ਨਹੀਂ ਕੀਤੀ ਗਈ ਸੀ।
ਤੁਹਾਨੂੰ ਦੱਸ ਦਈਏ ਕਿ ਪਿਛਲੇ ਮਹੀਨੇ ਦਿਲਜੀਤ ਸਟਾਰਰ ਇੱਕ ਹੋਰ ਫਿਲਮ ਜਿਸਦਾ ਸਿਰਲੇਖ 'ਚਮਕੀਲਾ' ਸੀ, ਨੂੰ ਵੀ ਕਾਨੂੰਨੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਹੈ। ਮਾਰੇ ਗਏ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਅਤੇ ਉਸ ਦੀ ਦੂਜੀ ਪਤਨੀ ਅਮਰਜੋਤ ਕੌਰ ਦੇ ਜੀਵਨ 'ਤੇ ਆਧਾਰਿਤ ਇਮਤਿਆਜ਼ ਅਲੀ ਦੀ ਫਿਲਮ ਹੈ, ਇਸ ਫਿਲਮ ਵਿੱਚ ਪਰਿਣੀਤੀ ਚੋਪੜਾ ਵੀ ਸੀ। ਇਸ 'ਤੇ ਸਿਵਲ ਜੱਜ ਹਰਸਿਮਰਨਜੀਤ ਸਿੰਘ ਦੀ ਅਦਾਲਤ ਨੇ ਫਿਲਮ ਉਤੇ 21 ਮਾਰਚ ਨੂੰ ਰੋਕ ਲਗਾ ਦਿੱਤੀ ਸੀ।
ਇਹ ਵੀ ਪੜ੍ਹੋ:ਪੰਜਾਬੀ ਗਾਇਕ ਕਾਕਾ ਨੇ ਆਪਣੇ ਘਰ 'ਚ ਬਣਾਈ ਲਾਇਬ੍ਰੇਰੀ ਕੀਤੀ ਲੋਕ-ਅਰਪਣ, ਨੌਜਵਾਨ ਵਰਗ ਨੂੰ ਉਸਾਰੂ ਸੇਧ ਦੇਣ 'ਚ ਨਿਭਾਵੇਗੀ ਅਹਿਮ ਭੂਮਿਕਾ