ਚੰਡੀਗੜ੍ਹ: ਅਦਾਕਾਰ-ਗਾਇਕ ਦਿਲਜੀਤ ਦੁਸਾਂਝ ਇਮਤਿਆਜ਼ ਅਲੀ ਦੀ ਫਿਲਮ 'ਚਮਕੀਲਾ' ਵਿੱਚ ਪਰਿਣੀਤੀ ਚੋਪੜਾ ਨਾਲ ਆਉਣ ਲਈ ਤਿਆਰ ਹਨ। ਇਮਤਿਆਜ਼ ਦੁਆਰਾ ਨਿਰਦੇਸ਼ਤ 'ਚਮਕੀਲਾ' ਦੋ ਪ੍ਰਸਿੱਧ ਪੰਜਾਬੀ ਗਾਇਕ-ਗਾਇਕਾ ਅਮਰਜੋਤ ਕੌਰ ਅਤੇ ਅਮਰ ਸਿੰਘ ਚਮਕੀਲਾ ਦੇ ਆਲੇ ਦੁਆਲੇ ਘੁੰਮਦੀ ਹੈ। ਪਰਿਣੀਤੀ ਜਿੱਥੇ ਅਮਰਜੋਤ ਦਾ ਕਿਰਦਾਰ ਨਿਭਾਏਗੀ, ਉੱਥੇ ਹੀ ਦਿਲਜੀਤ ਚਮਕੀਲਾ ਦਾ ਕਿਰਦਾਰ ਨਿਭਾਏਗਾ। ਅਮਰ ਸਿੰਘ ਚਮਕੀਲਾ ਅਤੇ ਉਨ੍ਹਾਂ ਦੀ ਪਤਨੀ ਅਮਰਜੋਤ ਕੌਰ ਨੂੰ 8 ਮਾਰਚ 1988 ਨੂੰ ਉਨ੍ਹਾਂ ਦੇ ਸੰਗੀਤਕ ਬੈਂਡ ਦੇ ਮੈਂਬਰਾਂ ਸਮੇਤ ਕਤਲ ਕਰ ਦਿੱਤਾ ਗਿਆ ਸੀ।
ਖਬਰਾਂ ਅਨੁਸਾਰ ਦਿਲਜੀਤ ਅਤੇ ਪਰਿਣੀਤੀ ਨੇ ਕਿਰਦਾਰਾਂ ਨੂੰ ਵਿਸਥਾਰ ਨਾਲ ਸਮਝਣ ਲਈ ਕਈ ਵਰਕਸ਼ਾਪਾਂ ਵਿੱਚ ਹਿੱਸਾ ਲਿਆ ਹੈ। ਪ੍ਰੋਜੈਕਟ ਬਾਰੇ ਹੋਰ ਵੇਰਵਿਆਂ ਦੀ ਉਡੀਕ ਹੈ।
ਦੱਸ ਦਈਏ ਕਿ ਪਰਿਣੀਤੀ ਆਪਣੀ ਫਿਲਮ 'ਉਚਾਈ' ਦੀ ਸਫਲਤਾ ਤੋਂ ਖੁਸ਼ ਹੈ, ਜਿਸ ਵਿੱਚ ਅਮਿਤਾਭ ਬੱਚਨ, ਬੋਮਨ ਇਰਾਨੀ, ਨੀਨਾ ਗੁਪਤਾ ਅਤੇ ਅਨੁਪਮ ਖੇਰ ਵੀ ਹਨ।
ਫਿਲਮ ਬਾਰੇ ਸਕਾਰਾਤਮਕ ਸ਼ਬਦ ਮਿਲਣ 'ਤੇ ਪਰਿਣੀਤੀ ਨੇ ਕਿਹਾ "ਉਚਾਈ ਦੀ ਸਫਲਤਾ 'ਤੇ ਮੈਂ ਸੱਚਮੁੱਚ ਬਹੁਤ ਨਿਮਰ ਅਤੇ ਸਨਮਾਨਿਤ ਹਾਂ, ਮੈਂ ਆਪਣੇ ਕਰੀਅਰ ਵਿੱਚ ਬਹੁਤ ਸਾਰੇ ਉਤਰਾਅ-ਚੜ੍ਹਾਅ ਵਿੱਚੋਂ ਲੰਘੀ ਹਾਂ ਪਰ ਇਸ ਤਰ੍ਹਾਂ ਦੀ ਸਫਲਤਾ ਅਤੇ ਦਰਸ਼ਕਾਂ ਦਾ ਇਸ ਤਰ੍ਹਾਂ ਦਾ ਪਿਆਰ। ਤੁਹਾਨੂੰ ਇਹ ਮਹਿਸੂਸ ਹੁੰਦਾ ਹੈ ਕਿ ਦਰਸ਼ਕ ਤੁਹਾਡੇ 'ਤੇ ਵਿਸ਼ਵਾਸ ਕਰਦੇ ਹਨ ਅਤੇ ਤੁਹਾਡੀ ਕਦਰ ਕਰਦੇ ਹਨ। ਦਰਸ਼ਕ ਮੈਨੂੰ ਜੋ ਪਿਆਰ ਦੇ ਰਹੇ ਹਨ, ਇਸ ਦਾ ਜਸ਼ਨ ਮਨਾਉਣ ਲਈ ਮੈਂ ਬਹੁਤ ਜਲਦੀ ਇੱਕ ਵੱਡੀ ਪਾਰਟੀ ਦੇਣ ਜਾ ਰਹੀ ਹਾਂ।"
ਦਿਲਜੀਤ ਨੂੰ ਆਖਰੀ ਵਾਰ ਨੈੱਟਫਲਿਕਸ ਦੇ 'ਜੋਗੀ' ਵਿੱਚ ਦੇਖਿਆ ਗਿਆ ਸੀ, ਜੋ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦਿੱਲੀ ਵਿੱਚ ਸਿੱਖ ਭਾਈਚਾਰੇ ਦੇ ਦੁੱਖ ਦੀ ਪੜਚੋਲ ਕਰਦੀ ਹੈ। ਅਕਤੂਬਰ 1984 ਵਿੱਚ ਰਾਸ਼ਟਰੀ ਰਾਜਧਾਨੀ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਹਿੰਸਾ ਭੜਕ ਗਈ ਜਿਸ ਵਿੱਚ ਪੂਰੇ ਭਾਰਤ ਵਿੱਚ 3,000 ਤੋਂ ਵੱਧ ਸਿੱਖ ਮਾਰੇ ਗਏ। ਉਹ ਪੰਜਾਬੀ ਫਿਲਮ 'ਬਾਬੇ ਭੰਗੜਾ ਪਾਉਂਦੇ ਨੇ' ਵਿੱਚ ਵੀ ਨਜ਼ਰ ਆਏ ਸੀ। ਅਮਰਜੀਤ ਸਿੰਘ ਦੁਆਰਾ ਨਿਰਦੇਸ਼ਿਤ ਇਸ ਫਿਲਮ ਵਿੱਚ ਸਰਗੁਣ ਮਹਿਤਾ ਅਤੇ ਸੋਹੇਲ ਅਹਿਮਦ ਵੀ ਮੁੱਖ ਭੂਮਿਕਾਵਾਂ ਵਿੱਚ ਸਨ।
ਇਹ ਵੀ ਪੜ੍ਹੋ:ਤਾਨੀਆ ਅਤੇ ਸੋਨਮ ਬਾਜਵਾ ਸਟਾਰਰ ਫਿਲਮ 'ਗੋਡੇ ਗੋਡੇ ਚਾਅ' ਦੀ ਸ਼ੂਟਿੰਗ ਸ਼ੁਰੂ