ਦਿੱਲੀ:ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਅਤੇ ਉਨ੍ਹਾਂ ਦੇ ਪਤੀ ਆਨੰਦ ਆਹੂਜਾ ਦੇ ਦਿੱਲੀ ਸਥਿਤ ਘਰ 'ਚ 2.40 ਕਰੋੜ ਰੁਪਏ ਦੀ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਦਿੱਲੀ ਪੁਲਿਸ ਨੇ ਇਸ ਮਾਮਲੇ ਵਿੱਚ ਅਦਾਕਾਰਾ ਦੇ ਘਰ ਦੀ ਨਰਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਨਰਸ ਕੋਲੋਂ ਕਰੋੜਾਂ ਰੁਪਏ ਦੀ ਨਕਦੀ ਅਤੇ ਗਹਿਣੇ ਬਰਾਮਦ ਹੋਏ ਹਨ, ਜੋ ਉਸ ਨੇ ਫਰਵਰੀ 'ਚ ਅਦਾਕਾਰਾ ਦੇ ਘਰੋਂ ਚੋਰੀ ਕੀਤੇ ਸਨ। ਦੋਸ਼ੀ ਅਪਰਨਾ ਰੂਥ ਵਿਲਸਨ ਅਦਾਕਾਰਾ ਸੋਨਮ ਕਪੂਰ ਦੀ ਨਾਨੀ ਦੀ ਦੇਖਭਾਲ ਕਰਦੀ ਸੀ। ਇਸ ਦੇ ਨਾਲ ਹੀ ਵਿਲਸਨ ਦਾ ਪਤੀ ਨਰੇਸ਼ ਕੁਮਾਰ ਸਾਗਰ ਸ਼ਕੂਰਪੁਰ ਸਥਿਤ ਇੱਕ ਪ੍ਰਾਈਵੇਟ ਕੰਪਨੀ ਵਿੱਚ ਅਕਾਊਂਟੈਂਟ ਵਜੋਂ ਕੰਮ ਕਰਦਾ ਹੈ।
ਦੱਸ ਦਈਏ ਕਿ ਘਰ 'ਚ ਚੋਰੀ ਦਾ ਖੁਲਾਸਾ ਉਦੋਂ ਹੋਇਆ ਜਦੋਂ ਸੋਨਮ ਕਪੂਰ ਦੀ ਦਾਦੀ ਸਰਲਾ ਆਹੂਜਾ ਨੇ ਘਰ 'ਚ ਚੋਰੀ ਹੋਣ ਦੀ ਸ਼ਿਕਾਇਤ ਪੁਲਿਸ ਕੋਲ ਦਰਜ ਕਰਵਾਈ। ਤੁਗਲਕ ਰੋਡ ਥਾਣਾ ਪੁਲਿਸ ਨੇ ਰਿਪੋਰਟ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਜ਼ਿਕਰਯੋਗ ਹੈ ਕਿ ਘਰ 'ਚੋਂ 2 ਕਰੋੜ 40 ਲੱਖ ਰੁਪਏ ਤੋਂ ਵੱਧ ਦੀ ਚੋਰੀ ਹੋ ਗਈ, ਜਿਸ 'ਚ ਨਕਦੀ ਅਤੇ ਗਹਿਣੇ ਸ਼ਾਮਲ ਸਨ।
ਖ਼ਬਰਾਂ ਮੁਤਾਬਕ ਇਹ ਚੋਰੀ ਇਸ ਸਾਲ ਫਰਵਰੀ ਮਹੀਨੇ 'ਚ ਸੋਨਮ ਅਤੇ ਆਨੰਦ ਦੇ ਦਿੱਲੀ ਵਾਲੇ ਘਰ 'ਚ ਹੋਈ ਸੀ। ਸੋਨਮ ਦੀ ਦਾਦੀ ਸਰਲਾ ਆਹੂਜਾ ਆਪਣੇ ਬੇਟੇ ਅਤੇ ਨੂੰਹ ਨਾਲ ਦਿੱਲੀ ਦੇ ਘਰ ਰਹਿੰਦੀ ਹੈ। ਘਰ ਵਿੱਚ 35 ਦੇ ਕਰੀਬ ਨੌਕਰ ਹਨ ਜੋ ਘਰ ਦਾ ਸਾਰਾ ਕੰਮ ਕਰਦੇ ਹਨ। ਇਨ੍ਹਾਂ ਸਾਰਿਆਂ ਤੋਂ ਪੁਲਿਸ ਨੇ ਪੁੱਛਗਿੱਛ ਕੀਤੀ।