ਹੈਦਰਾਬਾਦ: ਦੀਪ ਸਿੱਧੂ ਦੇ ਨਾਮ ਤੋਂ ਹਰ ਕੋਈ ਜਾਣੂ ਹੈ ਜੋ ਪੰਜਾਬੀ ਫਿਲਮ ਇੰਡਸਟਰੀ ਵਿੱਚ ਆਪਣੀ ਅਦਾਕਾਰੀ ਅਤੇ ਕਿਸਾਨ ਲਹਿਰ ਦੇ ਚਿਹਰੇ ਵਜੋਂ ਉਭਰਿਆ। ਅੱਜ ਇਹ ਕਲਾਕਾਰ ਸਾਡੇ ਵਿੱਚ ਮੌਜੂਦ ਨਹੀਂ ਹਨ ਪਰ ਉਨ੍ਹਾਂ ਦੀ ਯਾਦ ਹਮੇਸ਼ਾ ਦਰਸ਼ਕਾਂ ਦੇ ਦਿਲਾਂ ਵਿੱਚ ਜ਼ਿੰਦਾ ਰਹੇਗੀ। ਦੱਸ ਦੇਈਏ ਕਿ ਜੇਕਰ ਅੱਜ ਦੀਪ ਸਿੱਧੂ ਸਾਡੇ ਨਾਲ ਹੁੰਦੇ ਤਾਂ ਉਹ ਆਪਣਾ ਜਨਮ ਦਿਨ ਮਨਾ ਰਹੇ ਹੁੰਦੇ।
ਦੀਪ ਸਿੱਧੂ ਦੀ ਸੜਕ ਹਾਦਸੇ 'ਚ ਹੋਈ ਸੀ ਮੌਤ: ਦੀਪ ਸਿੱਧੂ ਅਦਾਕਾਰੀ ਦੇ ਨਾਲ-ਨਾਲ ਸਿਆਸਤ ਵਿੱਚ ਵੀ ਹੱਥ ਅਜ਼ਮਾਉਣ ਦੀ ਤਿਆਰੀ ਕਰ ਰਹੇ ਸਨ। ਪਰ ਉਸਦੀ ਮੌਤ ਤੋਂ ਬਾਅਦ ਕੁਝ ਵੀ ਪੂਰਾ ਨਹੀਂ ਹੋ ਸਕਿਆ। ਜ਼ਿਕਰਯੋਗ ਹੈ ਕਿ ਦੀਪ ਸਿੱਧੂ ਦੀ ਰਾਤ ਨੂੰ ਸਿੰਘੂ ਸਰਹੱਦ ਨੇੜੇ ਕੇ.ਐਮ.ਪੀ. ਵਿਖੇ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਦਿੱਲੀ ਤੋਂ ਪੰਜਾਬ ਆਉਂਦੇ ਸਮੇਂ ਕਲਾਕਾਰ ਦੀ ਸਕਾਰਪੀਓ ਕਾਰ ਖੜ੍ਹੀ ਟਰਾਲੀ ਨਾਲ ਟਕਰਾ ਗਈ। ਇਸ ਦੌਰਾਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਲਾਂਕਿ ਇਸ ਹਾਦਸੇ 'ਚ ਕਲਾਕਾਰ ਦੀ ਪ੍ਰੇਮਿਕਾ ਰੀਨਾ ਰਾਏ ਵੀ ਉਨ੍ਹਾਂ ਦੇ ਨਾਲ ਸੀ ਪਰ ਉਨ੍ਹਾਂ ਦੀ ਜਾਨ ਬਚ ਗਈ ਸੀ।
ਦੀਪ ਸਿੱਧੂ ਦਾ ਫ਼ਿਲਮੀ ਕਰੀਅਰ:ਦੀਪ ਸਿੱਧੂ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਪੰਜਾਬੀ ਫਿਲਮ ਰਮਤਾ ਜੋਗੀ ਨਾਲ ਕੀਤੀ। ਜਿਸ ਦਾ ਨਿਰਮਾਣ ਅਭਿਨੇਤਾ ਧਰਮਿੰਦਰ ਨੇ ਆਪਣੇ ਬੈਨਰ ਵਿਜੇਤਾ ਫਿਲਮਜ਼ ਹੇਠ ਕੀਤਾ ਸੀ। ਇਸ ਫਿਲਮ ਤੋਂ ਬਾਅਦ ਦੀਪ ਸਿੱਧੂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।
ਦੀਪ ਸਿੱਧੂ ਦਾ ਜਨਮ ਅਤੇ ਪੜ੍ਹਾਈ:ਦੀਪ ਸਿੱਧੂ ਦਾ ਜਨਮ 2 ਅਪ੍ਰੈਲ 1984 ਨੂੰ ਪੰਜਾਬ ਦੇ ਮੁਕਤਸਰ ਵਿੱਚ ਪੰਜਾਬੀ ਪਰਿਵਾਰ ਵਿੱਚ ਹੋਇਆ ਸੀ। ਦੀਪ ਸਿੱਧੂ ਨੇ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਤੋਂ ਕਾਨੂੰਨ ਦੀ ਡਿਗਰੀ ਪ੍ਰਾਪਤ ਕੀਤੀ। ਉਨ੍ਹਾਂ ਨੇ ਆਪਣਾ ਐਕਟਿੰਗ ਕਰੀਅਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਮਾਡਲ ਵਜੋਂ ਅਤੇ ਫਿਰ ਇੱਕ ਵਕੀਲ ਵਜੋਂ ਕੰਮ ਕੀਤਾ। ਹਾਲਾਂਕਿ ਉਨ੍ਹਾਂ ਨੇ ਥੋੜ੍ਹੇ ਸਮੇਂ ਲਈ ਹੀ ਵਕਾਲਤ ਕੀਤੀ।
ਦੀਪ ਸਿੱਧੂ ਦੀਆਂ ਫ਼ਿਲਮਾਂ:ਰਮਤਾ ਜੋਗੀ ਤੋਂ ਆਪਣੀ ਐਕਟਿੰਗ ਦੀ ਸ਼ੁਰੂਆਤ ਕਰਨ ਵਾਲੇ ਦੀਪ ਨੂੰ ਸਾਲ 2016 ਵਿੱਚ ਪੰਜਾਬੀ ਸਿਨੇਮਾ ਵਿੱਚ ਸਰਵੋਤਮ ਪੁਰਸ਼ ਡੈਬਿਊ ਲਈ ਪੀਟੀਸੀ ਪੰਜਾਬੀ ਫਿਲਮ ਅਵਾਰਡ ਮਿਲਿਆ ਸੀ। ਉਸਨੇ ਜੋਰਾ 10 ਨੰਬਰੀਆ (2017) ਵਿੱਚ ਆਪਣੀ ਐਕਟਿੰਗ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ। ਇਸ ਤੋਂ ਬਾਅਦ ਦੀਪ ਸਿੱਧੂ ਨੇ ਰੰਗ ਪੰਜਾਬ (2018), ਸਾਡੇ ਆਲ਼ੇ (2018), ਦੇਸੀ (2019) ਅਤੇ ਜੋਰਾ: ਦ ਸੈਕਿੰਡ ਚੈਪਟਰ (2020) ਵਰਗੀਆਂ ਫ਼ਿਲਮਾਂ ਵਿੱਚ ਕੰਮ ਕੀਤਾ।
ਦੀਪ ਸਿੱਧੂ ਕਿਵੇਂ ਆਏ ਸੀ ਚਰਚਾ ਵਿੱਚ?: 26 ਜਨਵਰੀ 2020 ਨੂੰ ਕਿਸਾਨ ਅੰਦੋਲਨ ਦੌਰਾਨ ਬੁਲਾਏ ਗਏ ਮਾਰਚ ਵਿੱਚ ਪ੍ਰਦਰਸ਼ਨਕਾਰੀਆਂ ਦਾ ਇੱਕ ਹਿੱਸਾ ਕਿਸਾਨ ਟਰੈਕਟਰ ਪਰੇਡ ਦੇ ਤੈਅ ਰੂਟ ਤੋਂ ਵੱਖ ਹੋ ਕੇ ਲਾਲ ਕਿਲ੍ਹੇ ਤੱਕ ਪਹੁੰਚ ਗਿਆ ਸੀ। ਇਸ ਜਥੇ ਨੇ ਲਾਲ ਕਿਲ੍ਹੇ 'ਤੇ ਨਿਸ਼ਾਨ ਸਾਹਿਬ ਅਤੇ ਕਿਸਾਨਾਂ ਦੇ ਹਰੇ-ਪੀਲੇ ਝੰਡੇ ਲਹਿਰਾਏ। ਜਦੋਂ ਇਹ ਘਟਨਾ ਵਾਪਰੀ ਤਾਂ ਦੀਪ ਸਿੱਧੂ ਉੱਥੇ ਮੌਜੂਦ ਸੀ ਅਤੇ ਵੀਡੀਓ ਬਣਾ ਰਹੇ ਸੀ। ਉਦੋਂ ਤੋਂ ਹੀ ਦੀਪ ਸਿੱਧੂ ਲਾਈਮਲਾਈਟ ਵਿੱਚ ਆ ਗਏ ਸਨ।
ਦੀਪ ਸਿੱਧੂ ਦੀ ਗਿਰਫ਼ਤਾਰੀ:ਦਿੱਲੀ ਪੁਲਿਸ ਨੇ 26 ਜਨਵਰੀ 2020 ਨੂੰ ਕਿਸਾਨਾਂ ਦੀ ਟਰੈਕਟਰ ਰੈਲੀ ਦੌਰਾਨ ਦਿੱਲੀ ਵਿੱਚ ਹੋਈ ਹਿੰਸਾ ਦੇ ਮਾਮਲੇ ਵਿੱਚ ਦੀਪ ਸਿੱਧੂ ਨੂੰ ਗ੍ਰਿਫ਼ਤਾਰ ਕੀਤਾ ਸੀ। ਦਿੱਲੀ ਪੁਲਿਸ ਨੇ ਇਸ ਮਾਮਲੇ 'ਚ ਦੋਸ਼ੀ ਬਣਾਏ ਗਏ ਸਿੱਧੂ 'ਤੇ ਇਕ ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ। ਕਿਸਾਨ ਅੰਦੋਲਨ ਦੌਰਾਨ ਸੁਰਖੀਆਂ ਵਿੱਚ ਆਏ ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਇਹ ਹਾਦਸਾ ਦਿੱਲੀ ਦੇ ਨੇੜੇ ਸੋਨੀਪਤ ਜ਼ਿਲ੍ਹੇ ਵਿੱਚ ਕੇਐਮਪੀ ਐਕਸਪ੍ਰੈਸ ਵੇਅ ਨੇੜੇ ਵਾਪਰਿਆ। ਜਿਸ ਦੌਰਾਨ ਉਨ੍ਹਾਂ ਦੀ ਪ੍ਰੇਮਿਕਾ ਰੀਨਾ ਰਾਏ ਵੀ ਉਨ੍ਹਾਂ ਦੇ ਨਾਲ ਸੀ ਤੇ ਰੀਨਾ ਰਾਏ ਦੀ ਜਾਨ ਬਚ ਗਈ ਸੀ ਅਤੇ ਦੀਪ ਸਿੱਧੂ ਇਸ ਹਾਦਸੇ ਦਾ ਸ਼ਿਕਾਰ ਹੋ ਗਏ ਸੀ।
ਇਹ ਵੀ ਪੜ੍ਹੋ:-Upcoming Punjabi Film: ਲੰਦਨ ਵਿਚ ਸ਼ੁਰੂ ਹੋਈ ਪੰਜਾਬੀ ਫਿਲਮ ‘ਰਿਸ਼ਤੇ ਨਾਤੇ’ ਦੀ ਸ਼ੂਟਿੰਗ, ਨਸੀਬ ਸਿੰਘ ਕਰਨਗੇ ਨਿਰਦੇਸ਼ਨ