ਅਹਿਮਦਾਬਾਦ: ਅੱਜ ਭਾਰਤ-ਪਾਕਿਸਤਾਨ ਵਿੱਚ ਮੈਚ ਹੋਣ ਜਾ ਰਿਹਾ ਹੈ। ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਵੇਗਾ। ਇੱਕ ਲੱਖ ਲੋਕਾਂ ਦੀ ਸਮਰੱਥਾ ਵਾਲੇ ਇਸ ਸਟੇਡੀਅਮ ਦੀਆਂ ਟਿਕਟਾਂ ਪਹਿਲਾਂ ਹੀ ਬੁੱਕ ਹੋ ਚੁੱਕੀਆਂ ਹਨ ਅਤੇ ਇਸ ਮੈਚ ਨੂੰ ਲੈ ਕੇ ਲੋਕਾਂ ਦਾ ਜਨੂੰਨ ਦੇਖਣ ਵਾਲਾ ਹੈ।
ਭਾਰਤ ਅਤੇ ਪਾਕਿਸਤਾਨ (Cricket World Cup 2023) ਦੇ ਪ੍ਰਸ਼ੰਸਕ ਇਸ ਮੈਚ ਲਈ ਪੂਰੀ ਤਰ੍ਹਾਂ ਨਾਲ ਤਿਆਰ ਹਨ। ਇਸ ਮੈਚ ਤੋਂ ਬਾਅਦ ਕਿਤੇ ਖੁਸ਼ੀ ਅਤੇ ਕਿਤੇ ਉਦਾਸੀ ਹੋਵੇਗੀ। ਵਿਸ਼ਵ ਕੱਪ 2023 ਦੇ ਇਸ ਮੈਚ ਨੂੰ ਹੋਰ ਵੀ ਖਾਸ ਬਣਾਉਣ ਲਈ BCCI ਦੀ ਖਾਸ ਯੋਜਨਾ ਹੈ।
ਦਰਅਸਲ, ਇਸ ਰੋਮਾਂਚਕ ਮੈਚ ਤੋਂ ਪਹਿਲਾਂ ਅੱਜ ਦੁਪਹਿਰ 12.30 ਵਜੇ ਇੱਕ ਵਿਸ਼ੇਸ਼ ਸਮਾਰੋਹ ਹੋਣ ਜਾ ਰਿਹਾ ਹੈ। ਅੱਜ ਦੇ ਇਸ ਸਮਾਗਮ ਵਿੱਚ ਕਈ ਰੰਗਾਰੰਗ ਪੇਸ਼ਕਾਰੀਆਂ ਹੋਣਗੀਆਂ। ਇਸ ਪ੍ਰੋਗਰਾਮ ਨੂੰ ਅਰਿਜੀਤ ਸਿੰਘ ਆਪਣੀ ਜਾਦੂਈ ਆਵਾਜ਼ ਨਾਲ ਚਾਰ ਚੰਨ ਲਾਉਣਗੇ। ਦਰਸ਼ਕਾਂ ਦੇ ਮੰਨੋਰੰਜਨ ਲਈ ਅਰਿਜੀਤ ਸਿੰਘ ਦੁਪਹਿਰ 12.30 ਵਜੇ ਤੋਂ ਨਰਿੰਦਰ ਮੋਦੀ ਸਟੇਡੀਅਮ 'ਚ ਲਾਈਵ ਹੋਵੇਗਾ। ਉਨ੍ਹਾਂ ਦੇ ਨਾਲ ਸ਼ੰਕਰ ਮਹਾਦੇਵਨ ਵੀ ਮੰਚ 'ਤੇ ਮੌਜੂਦ ਹੋਣਗੇ ਅਤੇ ਆਪਣੀ ਆਵਾਜ਼ ਨਾਲ ਸਰੋਤਿਆਂ ਨੂੰ ਮੋਹ ਲੈਣਗੇ।
ਇਸ ਤੋਂ ਇਲਾਵਾ ਅਦਾਕਾਰ ਰਣਵੀਰ ਸਿੰਘ ਅਤੇ ਅਦਾਕਾਰਾ ਤਮੰਨਾ ਭਾਟੀਆ ਵੀ ਵਿਸ਼ੇਸ਼ ਸਮਾਗਮ ਵਿੱਚ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਖੁਸ਼ ਕਰਨਗੇ। ਇਸ ਤੋਂ ਇਲਾਵਾ ਇਸ ਪ੍ਰੋਗਰਾਮ ਵਿੱਚ ਗਾਇਕਾ ਨੇਹਾ ਕੱਕੜ ਵੀ ਆਪਣੀ ਕਲਾ ਦਾ ਪ੍ਰਦਰਸ਼ਨ ਕਰੇਗੀ। ਅੱਜ ਸਟੇਡੀਅਮ 'ਚ ਵੱਡੀਆਂ ਸ਼ਖਸੀਅਤਾਂ ਦੇ ਪਹੁੰਚਣ ਦੀ ਉਮੀਦ ਹੈ, ਇਸ ਹਾਈ-ਪ੍ਰੋਫਾਈਲ ਮੈਚ ਲਈ ਅਨੁਸ਼ਕਾ ਸ਼ਰਮਾ ਵੀ ਅਹਿਮਦਾਬਾਦ ਪਹੁੰਚ ਚੁੱਕੀ ਹੈ। ਮੈਚ ਦੁਪਹਿਰ 2 ਵਜੇ ਸ਼ੁਰੂ ਹੋਵੇਗਾ। ਇਸ ਤੋਂ ਪਹਿਲਾਂ ਦੁਪਹਿਰ 12.30 ਤੋਂ 2 ਵਜੇ ਤੱਕ ਰੰਗਾਰੰਗ ਪ੍ਰੋਗਰਾਮ ਹੋਵੇਗਾ।