ਚੰਡੀਗੜ੍ਹ: ਸਿਨੇਮਾ ਖੇਤਰ ਵਿਚ ਕਲਾ ਅਤੇ ਪਹਿਰਾਵੇ ਪੱਖੋਂ ਆਪਣੇ ਵਜ਼ੂਦ ਦਾ ਇਜ਼ਹਾਰ ਕਰਵਾ ਰਹੀਆਂ ਪੰਜਾਬੀ ਫਿਲਮਾਂ ਨੂੰ ਆਲਮੀ ਪੱਧਰ 'ਤੇ ਇਹ ਮਾਣਮੱਤਾ ਮੁਕਾਮ ਦੇਣ ਵਿਚ ਪਰਦੇ ਪਿੱਛੇ ਕਈ ਅਹਿਮ ਅਤੇ ਪ੍ਰਤਿਭਾਵਾਨ ਸ਼ਖ਼ਸੀਅਤਾਂ ਅਹਿਮ ਯੋਗਦਾਨ ਪਾ ਰਹੀਆਂ ਹਨ, ਜਿੰਨ੍ਹਾਂ ਵਿਚੋਂ ਹੀ ਇਕ ਨਾਂਅ ਨਵਦੀਪ ਅਗਰੋਈਆ ਦਾ ਹੈ।
ਜੋ ਅੱਜ ਉਚਕੋਟੀ ਕਾਸਟਿਊਮ ਡਿਜ਼ਾਈਨਰ ਵਜੋਂ ਤੇਜ਼ੀ ਨਾਲ ਇਸ ਖਿੱਤੇ ਵਿਚ ਉਭਰਦਿਆਂ ਆਪਣਾ ਅਲਹਦਾ ਅਤੇ ਸਫ਼ਲ ਮੁਕਾਮ ਹਾਸਿਲ ਕਰਨ ਵਿਚ ਕਾਮਯਾਬ ਹੋ ਰਿਹਾ ਹੈ। ਪੰਜਾਬ ਦੇ ਮਾਲਵਾ ਖਿੱਤੇ ਨਾਲ ਸੰਬੰਧਤ ਅਤੇ ਕਿਸੇ ਸਮੇਂ ਪੱਛੜੇ ਮੰਨੇ ਜਾਂਦੇ ਇਲਾਕੇ ਮਾਨਸਾ ਨਾਲ ਸੰਬੰਧਿਤ ਇਸ ਹੋਣਹਾਰ ਨੌਜਵਾਨ ਵੱਲੋਂ ਹੁਣ ਤੱਕ ਕੀਤੀਆਂ ਫਿਲਮਾਂ ਵਿਚ ‘ਬੈਚ 2013’, ‘ਯਾਰ ਅਣਮੁੱਲੇ ਰਿਟਰਨ’, ‘ਬਲੈਕੀਆ’, ‘ਨਿਸ਼ਾਨਾ’, ‘ਸ਼ਰੀਕ 2’ ਅਤੇ ਅੱਗੇ ਆਉਣ ਵਾਲੀਆਂ ਵਿਚ ‘ਫਿਰ ਮਾਮਲਾ ਗੜ੍ਹਬੜ੍ਹ ਹੈ’ ਆਦਿ ਸ਼ਾਮਿਲ ਹਨ।
ਨਾਰਦਰਨ ਇੰਡੀਆ ਇੰਸਟੀਚਿਊਟ ਆਫ਼ ਫੈਸ਼ਨ ਟੈਕਨਾਲੋਜੀ ਵੱਲੋਂ ਕਰਵਾਏ ਸਾਲਾਨਾ ਫੈਸ਼ਨ ਸਮਾਗਮ ਵਿਚ ਮੋਸਟ ਕਮਰਸ਼ੀਅਲ ਕੁਲੈਕਸ਼ਨ ਦਾ ਸਨਮਾਨ ਹਾਸਿਲ ਕਰਨ ਵਾਲੇ ਇਸ ਪ੍ਰਤਿਭਾਸ਼ਾਲੀ ਹੁਨਰਮੰਦ ਦੇ ਪਿਤਾ ਬਲਵੀਰ ਸਿੰਘ ਅਗਰੋਈਆ ਵੀ ਬਤੌਰ ਟੇਲਰ ਮਾਲਵਾਭਰ ਵਿਚ ਆਪਣੀ ਸਤਿਕਾਰਿਤ ਪਹਿਚਾਣ ਰੱਖਦੇ ਹਨ, ਜਿੰਨ੍ਹਾਂ ਨੂੰ ਆਪਣਾ ਪ੍ਰੇਰਨਾਸ੍ਰੋਤ ਮੰਨਣ ਵਾਲੇ ਨਵਦੀਪ ਅਨੁਸਾਰ ਬਚਪਨ ਤੋਂ ਹੀ ਉਸ ਨੂੰ ਗਲੈਮਰ ਇੰਡਸਟਰੀ ਦੀ ਚਕਾਚੌਂਧ ਆਪਣੇ ਵੱਲ ਪ੍ਰਭਾਵਿਤ ਕਰਨ ਲੱਗ ਪਈ ਸੀ, ਪਰ ਇਸ ਖੇਤਰ ਵਿਚ ਆਗਮਣ ਲਈ ਉਸ ਨੇ ਜ਼ਰ੍ਹਾ ਵੀ ਜਲਦਬਾਜੀ ਨਹੀ ਕੀਤੀ ਅਤੇ ਪੜ੍ਹਾਅ ਦਰ ਪੜ੍ਹਾਅ ਅਪਣੇ ਪਿਤਾ ਪੁਰਖੀ ਕਿੱਤੇ ਵਿਚ ਨਿਪੁੰਨਤਾ ਹਾਸਿਲ ਕਰਨ ਤੋਂ ਬਾਅਦ ਹੀ ਕਾਸਟਿਊਮ ਡਿਜਾਈਨਰ ਦੇ ਤੌਰ 'ਤੇ ਇਸ ਇੰਡਸਟਰੀ ਵਿਚ ਕਦਮ ਧਰਿਆ।