ਮੁੰਬਈ (ਬਿਊਰੋ): ਫਿਲਮ ਨਿਰਮਾਤਾ ਲੀਨਾ ਮਨੀਮੇਕਲਾਈ ਦੀ ਦਸਤਾਵੇਜ਼ੀ ਫਿਲਮ 'ਕਾਲੀ' ਦੇ ਪੋਸਟਰ ਦਾ ਤਿੱਖਾ ਵਿਰੋਧ ਹੋ ਰਿਹਾ ਹੈ। ਵਿਰੋਧ ਤੋਂ ਬਾਅਦ ਫਿਲਮ ਨਿਰਮਾਤਾ ਖਿਲਾਫ ਦਿੱਲੀ, ਉੱਤਰ ਪ੍ਰਦੇਸ਼ ਅਤੇ ਬਿਹਾਰ 'ਚ ਮਾਮਲਾ ਦਰਜ ਕੀਤਾ ਗਿਆ ਹੈ। ਲੋਕਾਂ ਨੇ ਉਸ 'ਤੇ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਗਾਇਆ ਹੈ। ਨਿਰਦੇਸ਼ਕ ਲੀਨਾ ਨੇ 2 ਜੂਨ ਨੂੰ ਆਪਣੇ ਟਵਿਟਰ ਹੈਂਡਲ 'ਤੇ ਫਿਲਮ ਦਾ ਪੋਸਟਰ ਸਾਂਝਾ ਕੀਤਾ ਸੀ।
ਦੱਸ ਦੇਈਏ ਕਿ ਦਿੱਲੀ, ਉੱਤਰ ਪ੍ਰਦੇਸ਼ ਅਤੇ ਬਿਹਾਰ ਰਾਜਾਂ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਵਿਵਾਦਤ ਪੋਸਟਰ ਦੇ ਸੰਬੰਧ ਵਿੱਚ ਦਿੱਲੀ ਵਿੱਚ ਆਈਪੀਸੀ ਦੀ ਧਾਰਾ 153 ਏ ਅਤੇ 295 ਏ ਦੇ ਤਹਿਤ ਅਤੇ ਲਖਨਊ ਦੇ ਹਜ਼ਰਤਗੰਜ ਥਾਣੇ ਵਿੱਚ ਫਿਲਮ ਨਿਰਮਾਤਾ ਸਮੇਤ 3 ਲੋਕਾਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਬਿਹਾਰ ਦੇ ਮੁਜ਼ੱਫਰਪੁਰ ਵਿੱਚ ਆਈਪੀਸੀ ਦੀ ਧਾਰਾ 295, 297, 298, 504 ਤਹਿਤ ਕੇਸ ਦਰਜ ਕੀਤਾ ਗਿਆ ਹੈ। 2 ਜੂਨ (2022) ਨੂੰ ਸ਼ੇਅਰ ਕੀਤੇ ਗਏ ਪੋਸਟਰ ਵਿੱਚ ਅਦਾਕਾਰਾ ਮਾਂ ਕਾਲੀ ਦੇ ਗੈਟਅੱਪ ਵਿੱਚ ਹੈ ਅਤੇ ਉਸਦੇ ਹੱਥ ਵਿੱਚ ਇੱਕ ਸਿਗਰੇਟ ਹੈ, ਜਿਸਨੂੰ ਉਹ ਪੀ ਰਹੀ ਹੈ। ਇਸ ਦੇ ਨਾਲ ਹੀ ਇੱਕ ਹੱਥ ਵਿੱਚ ਤ੍ਰਿਸ਼ੂਲ ਅਤੇ ਇੱਕ ਹੱਥ ਵਿੱਚ LGBTQ ਭਾਈਚਾਰੇ ਦਾ ਮਾਣ ਝੰਡਾ ਹੈ।