ਚੰਡੀਗੜ੍ਹ: ਯੁਵਰਾਜ ਹੰਸ, ਅਦਿਤੀ ਆਰੀਆ ਅਤੇ ਮੁਹੰਮਦ ਨਾਜ਼ਿਮ ਸਟਾਰਰ ਪੰਜਾਬੀ ਫਿਲਮ 'ਮੁੰਡਾ ਰੌਕਸਟਾਰ' ਇਸ ਸਮੇਂ ਪੰਜਾਬੀ ਮੰਨੋਰੰਜਨ ਜਗਤ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਫਿਲਮ ਨੂੰ ਰਿਲੀਜ਼ ਹੋਣ ਵਿੱਚ ਬਸ ਕੁੱਝ ਹੀ ਦਿਨ ਬਾਕੀ ਹਨ। ਹਾਲ ਹੀ ਵਿੱਚ ਫਿਲਮ ਦਾ ਟ੍ਰੇਲਰ ਦਾ ਰਿਲੀਜ਼ ਕੀਤਾ ਗਿਆ ਹੈ।
ਟ੍ਰੇਲਰ ਤੋਂ ਪ੍ਰਸ਼ੰਸਕਾਂ ਦੀਆਂ ਕਾਫੀ ਚੰਗੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਦਿਲਚਸਪ ਗੱਲ ਇਹ ਹੈ ਕਿ ਇਸ ਫਿਲਮ ਵਿੱਚ ਮਸ਼ਹੂਰ ਕਾਮੇਡੀ ਕਲਾਕਾਰ ਗੁਰਚੇਤ ਚਿੱਤਰਕਾਰ ਵੀ ਕਾਫੀ ਪ੍ਰਭਾਵੀ ਕਿਰਦਾਰ ਵਿੱਚ ਨਜ਼ਰ ਆ ਰਹੇ ਹਨ। ਮੁੱਖ ਕਲਾਕਾਰਾਂ ਤੋਂ ਇਲਾਵਾ 'ਮੁੰਡਾ ਰੌਕਸਟਾਰ' ਵਿੱਚ ਪ੍ਰੀਤਮ ਪਿਆਰੇ, ਸਤਿਆਜੀਤ ਪੁਰੀ, ਗਾਮਾ ਸਿੱਧੂ ਨੇ ਵੀ ਅਹਿਮ ਭੂਮਿਕਾਵਾਂ ਨਿਭਾਈਆਂ ਹਨ।
ਯੁਵਰਾਜ ਹੰਸ ਦੀ ਇਸ ਫਿਲਮ ਦੀ ਕਹਾਣੀ ਅਤੇ ਸਕ੍ਰੀਨਪਲੇ ਡਾਇਲਾਗ ਸੱਤਿਆਜੀਤ ਪੁਰੀ ਅਤੇ ਨਵਦੀਪ ਮੌਦ ਗਿੱਲ ਦੁਆਰਾ ਲਿਖੇ ਗਏ ਹਨ। ਫਿਲਮ ਦਾ ਨਿਰਦੇਸ਼ਨ ਸੱਤਿਆਜੀਤ ਪੁਰੀ ਦੁਆਰਾ ਕੀਤਾ ਗਿਆ ਹੈ ਅਤੇ ਸੰਜੇ ਜਾਲਾਨ ਅਤੇ ਅਭਿਸ਼ੇਕ ਜਾਲਾਨ 'ਪ੍ਰੈਜ਼ੇਂਟ ਐਂਡ ਇੰਡੀਆ ਗੋਲਡ ਫਿਲਮਜ਼' ਦੇ ਬੈਨਰ ਹੇਠ ਇਸ ਨੂੰ ਪ੍ਰੋਡਿਊਸ ਕਰ ਰਹੇ ਹਨ।
ਇਸ ਫਿਲਮ ਦਾ ਵਿਸ਼ੇਸ਼ ਹਿੱਸਾ ਬਣੇ ਅਦਾਕਾਰ ਗੁਰਚੇਤ ਚਿੱਤਰਕਾਰ ਬਾਰੇ ਹੋਰ ਗੱਲ ਕਰੀਏ ਤਾਂ ਆਪਣੇ ਹੁਣ ਤੱਕ ਦੇ ਅਦਾਕਾਰੀ ਸਫ਼ਰ ਦੌਰਾਨ ਕਈ ਉਮਦਾ ਕਾਮੇਡੀ ਫਿਲਮਾਂ ਦਾ ਨਿਰਮਾਣ ਕਰ ਚੁੱਕੇ ਹਨ ਇਹ ਅਜ਼ੀਮ ਕਲਾਕਾਰ। ਗੁਰਚੇਤ ਚਿੱਤਰਕਾਰ ਦੀ ਸੋਚ ਆਪਣੇ ਇਸ ਕਲਾ ਖੇਤਰ ਲਈ ਹਮੇਸ਼ਾ ਕੁਝ ਨਾ ਕੁਝ ਚੰਗੇਰਾ ਕਰਨ ਦੀ ਰਹੀ ਹੈ, ਜਿਸ ਦੇ ਮੱਦੇਨਜ਼ਰ ਉਨ੍ਹਾਂ ਆਪਣੇ ਫਿਲਮੀ ਮਿਆਰ ਨਾਲ ਕਦੇ ਮਜ਼ਬੂਰਨ ਸਮਝੌਤਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ।
ਉਲੇਖਯੋਗ ਹੈ ਕਿ ਅਦਾਕਾਰ ਗੁਰਚੇਤ ਚਿੱਤਰਕਾਰ ਸ਼ੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਉਤੇ ਕਾਫ਼ੀ ਐਕਟਿਵ ਹਨ, ਅਦਾਕਾਰ ਆਏ ਦਿਨ ਹੱਸਣ ਵਾਲੀਆਂ ਵੀਡੀਓਜ਼ ਆਪਣੇ ਇੰਸਟਾਗ੍ਰਾਮ ਉਤੇ ਸਾਂਝੀਆਂ ਕਰਦੇ ਰਹਿੰਦੇ ਹਨ।