ਚੰਡੀਗੜ੍ਹ:'ਕਲਰਜ਼' ਉਤੇ 13 ਫ਼ਰਵਰੀ ਤੋਂ ਰਿਲੀਜ਼ ਹੋਣ ਜਾ ਰਹੇ ਸੀਰੀਅਲ ‘ਜਨੂੰਨੀਅਤ’ ਵਿਚ ਚੰਡੀਗੜ੍ਹ ਨਾਲ ਸੰਬੰਧਤ ਅਤੇ ਖੂਬਸੂਰਤ ਸ਼ਖਸ਼ੀਅਤ ਦਾ ਮਾਲਕ ਐਕਟਰ ਟਾਈਗਰ ਹਰਮੀਕ ਸਿੰਘ ਦੀ ਚੋਣ ਮੁੱਖ ਖ਼ਲਨਾਇਕ ਵਜੋਂ ਕੀਤੀ ਗਈ ਹੈ, ਜਿੰਨ੍ਹਾਂ ਵੱਲੋਂ ਪੰਜਾਬ ਦੇ ਰਾਜਪੁਰਾ ਇਲਾਕੇ ਅਤੇ ਖਰੜ੍ਹ ਵਿਖੇ ਕੀਤੀ ਜਾ ਰਹੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਗਈ ਹੈ।
ਮੂਲ ਰੂਪ ਵਿਚ ਲੁਧਿਆਣਾ ਅਧੀਨ ਆਉਂਦੇ ਪਿੰਡ ਜਸਪਾਲ ਵਾਂਗਰ ਅਤੇ ਇਕ ਸਾਧਾਰਨ ਜਿੰਮੀਦਾਰ ਪਰਿਵਾਰ ਨਾਲ ਸੰਬੰਧ ਰੱਖਦੇ ਇਸ ਹੋਣਹਾਰ ਐਕਟਰ ਨੇ ਦੱਸਿਆ ਕਿ ਸੀਰੀਅਲ ਵਿਚ ਆਪਣੀ ਮੌਜੂਦਗੀ ਦਰਜ ਕਰਵਾਉਣ ਲਈ ਉਨ੍ਹਾਂ ਨੂੰ ਕਈ ਮੁਸ਼ਕਲ ਭਰੇ ਐਡੀਸ਼ਨ ਪੜਾਵਾਂ ਵਿਚੋਂ ਲੰਘਣਾ ਪਿਆ ਸੀ।
ਮੁੰਬਈ ਦੇ ਪ੍ਰਸਿੱਧ ਬੈਰੀਜੋਹਨ ਐਕਟਿੰਗ ਇੰਸਟੀਚਿਊਟ ਵਿਚੋਂ ਪਾਸਆਊਟ ਹਰਮੀਕ ਦੱਸਦੇ ਹਨ ਕਿ ਉਨ੍ਹਾਂ ਆਪਣੇ ਕਰੀਅਰ ਦਾ ਆਗਾਜ਼ ਸਿਆਰਾਮ ਸ਼ੂਟਿੰਗਜ਼ ਦੀਆਂ ਐਡ ਫ਼ਿਲਮਜ਼ ਤੋਂ ਕੀਤਾ, ਜਿਸ ਵਿਚ ਉਨ੍ਹਾਂ ਨੂੰ ਜੌਹਨ ਅਬਰਾਹਿਮ ਜਿਹੇ ਮੰਝੇ ਹੋਏ ਐਕਟਰਜ਼ ਨਾਲ ਕੰਮ ਕਰਨ ਅਤੇ ਕਾਫ਼ੀ ਕੁਝ ਸਿੱਖਣ, ਸਮਝਨ ਦਾ ਅਵਸਰ ਮਿਲਿਆ।
ਐਕਟਿੰਗ ਤੋਂ ਲੈ ਕੇ ਨਿਰਦੇਸ਼ਨ, ਗੀਤਾਕਾਰੀ ਵਿਚ ਕਾਫ਼ੀ ਹੁਨਰਮੰਦੀ ਰੱਖਦੇ ਟਾਈਗਰ ਅਨੁਸਾਰ ਹਾਲ ਹੀ ਵਿਚ ਬਤੌਰ ਨਿਰਦੇਸ਼ਕ ਵੀ ਉਨ੍ਹਾਂ ਵੱਲੋਂ ਆਪਣੀ ਪਲੇਠੀ ਪੰਜਾਬੀ ਫ਼ਿਲਮ ‘ਤਵੀਤੜ੍ਹੀ’ ਸ਼ੁਰੂ ਕੀਤੀ ਜਾ ਚੁੱਕੀ ਹੈ, ਜਿਸ ਦੀ ਸ਼ੂਟਿੰਗ ਤਕਰੀਬਨ ਮੁਕੰਮਲ ਹੋ ਚੁੱਕੀ ਹੈ ਅਤੇ ਜਲਦ ਹੀ ਇਸ ਦਾ ਪੋਸਟ ਪ੍ਰੋਡਕਸ਼ਨ ਕੰਮਕਾਜ਼ ਵੀ ਸੰਪੂਰਨ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਆਪਣੇ ਹੁਣ ਤੱਕ ਦੇ ਸਫ਼ਰ ਚਾਹੇ ਉਹ ਐਕਟਰ ਵਜੋਂ ਹੋਣ ਜਾਂ ਫ਼ਿਰ ਨਿਰਦੇਸ਼ਕ ਅਤੇ ਗੀਤਕਾਰ, ਉਨ੍ਹਾਂ ਦੀ ਕੋਸ਼ਿਸ਼ ਹਮੇਸ਼ਾ ਜਿੰਮੇਵਾਰੀਆਂ ਨੂੰ ਅੰਜਾਮ ਦੇਣ ਦੀ ਰਹੀ ਹੈ। ਅਦਾਕਾਰ ਨੇ ਦੱਸਿਆ ਕਿ ਉਹ ਸੀਰੀਅਲ ਵਿਚ ਜਗ੍ਹਾਂ ਲੈ ਰਹੇ ਆਪਣੇ ਕਿਰਦਾਰ ਤੋਂ ਕਾਫ਼ੀ ਖੁਸ਼ ਹਨ।
ਇਸ ਵਿਚਲੇ ਆਪਣੇ ਕਿਰਦਾਰ ਨੂੰ ਲੈ ਕੇ ਖੁਸ਼ ਨਜ਼ਰ ਆ ਰਹੇ ਐਕਟਰ ਟਾਈਗਰ ਸਿੰਘ ਦੱਸਦੇ ਹਨ ਕਿ ਸੀਰੀਅਲ ਵਿਚ ਪਹਿਲਾਂ ਡਿਜਾਇਨ ਕੀਤੇ ਗਏ, ਉਨ੍ਹਾਂ ਦੇ ਰੋਲ ਨੂੰ ਉਨ੍ਹਾਂ ਦੀ ਕਾਬਲੀਅਤ ਅਤੇ ਆਪਣੇ ਕਿਰਦਾਰ ਪ੍ਰਤੀ ਲਗਨਸ਼ੀਲਤਾ ਨੂੰ ਵੇਖਦਿਆਂ ਕ੍ਰਿਏਟਿਵ ਟੀਮ ਵੱਲੋਂ ਰੋਲ ਨੂੰ ਹੋਰ ਪ੍ਰਭਾਵੀ ਬਣਾ ਦਿੱਤਾ ਗਿਆ ਹੈ, ਜੋ ਕਿ ਉਨ੍ਹਾਂ ਲਈ ਇਕ ਬਹੁਤ ਹੀ ਮਾਣ ਵਾਲੀ ਗੱਲ ਹੈ।
ਟਾਈਗਰ ਸਿੰਘ ਆਪਣੀ ਹੁਣ ਤੱਕ ਦੀ ਸਫ਼ਲਤਾ ਵਿਚ ਆਪਣੀ ਪਤਨੀ ਮਨੀ ਬੋਪਾਰਾਏ, ਜੋ ਖੁਦ ਮੰਨੀ ਪ੍ਰਮੰਨੀ ਅਦਾਕਾਰਾ ਹਨ, ਵੱਲੋਂ ਦਿੱਤੇ ਜਾ ਰਹੇ ਉਤਸ਼ਾਹ ਦਾ ਵੀ ਆਪਣੀ ਹੁਣ ਤੱਕ ਦੀ ਸਫ਼ਲਤਾ ਵਿਚ ਬਰਾਬਰ ਯੋਗਦਾਨ ਮੰਨਦੇ ਹਨ।
ਉਨ੍ਹਾਂ ਦੱਸਿਆ ਕਿ ਹਾਲੀਆ ਕਰੀਅਰ ਪੜਾਵਾਂ ਦੌਰਾਨ ਉਨ੍ਹਾਂ ਨੂੰ ਕਾਫ਼ੀ ਉਤਰਾਅ-ਚੜਾਵਾਂ ਦਾ ਸਾਹਮਣਾ ਕਰਨਾ ਪਿਆ, ਜਿਸ ਦੌਰਾਨ ਆਏ ਡਾਊਨਫ਼ਾਲ ਵਿਚੋਂ ਨਿਕਲਣ ਵਿਚ ਉਨ੍ਹਾਂ ਦੀ ਜੀਵਨ ਸਾਥਨ ਦਾ ਬਹੁਤ ਵੱਡਾ ਸਹਿਯੋਗ ਰਿਹਾ ਅਤੇ ਉਨ੍ਹਾਂ ਵੱਲੋਂ ਦਿੱਤੇ ਹੌਂਸਲੇ ਅਤੇ ਬਲ ਦੀ ਬਦੌਲਤ ਹੀ ਉਹ ਸਾਹਮਣੇ ਆਈਆਂ ਚੁਣੌਤੀਆਂ ਦਾ ਸਾਹਮਣਾ ਬਹੁਤ ਹੀ ਹਿੰਮਤ ਨਾਲ ਕਰ ਸਕੇ ਹਨ।
ਇਹ ਵੀ ਪੜ੍ਹੋ: Warning 2: ਲਓ ਜੀ 'ਵਾਰਨਿੰਗ 2' ਦੀ ਸ਼ੂਟਿੰਗ ਸ਼ੁਰੂ, ਫਿਲਮ ਇਸ ਦਿਨ ਹੋਵੇਗੀ ਰਿਲੀਜ਼