ਅੰਮ੍ਰਿਤਸਰ:ਬਾਲੀਵੁੱਡ ਸਟਾਰ ਸ਼ਰਮਨ ਜੋਸ਼ੀ ਅੱਜ (14 ਜੂਨ) ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ ਹਨ, ਇਸ ਮੌਕੇ ਉਹਨਾਂ ਨੇ ਗੁਰੂ ਘਰ ਕੀਰਤਨ ਸੁਣਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਕਿ ਇਸ ਜਗ੍ਹਾਂ ਉਤੇ ਮੈਂ ਦੂਜੀ ਵਾਰ ਆਇਆ ਹਾਂ। ਇੱਥੇ ਆ ਕੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ। ਅਦਾਕਾਰ ਨੇ ਕਿਹਾ ਕਿ ਪਹਿਲੀ ਵਾਰ ਮੈਂ 'ਰੰਗ ਦੇ ਬਸੰਤੀ' ਫਿਲਮ ਦੇ ਚੱਲਦੇ ਇੱਥੇ ਆਇਆ ਸੀ। ਉਸ ਵੇਲੇ ਪਹਿਲੀ ਵਾਰ ਮੈਂ ਗੋਲਡਨ ਟੈਂਪਲ ਦੇ ਦਰਸ਼ਨ ਕੀਤੇ ਸਨ, ਜਦੋਂ ਗੋਲਡਨ ਟੈਂਪਲ ਦੇ ਅੰਦਰ ਆ ਕੇ ਪੈਰ ਧੋਣ ਦਾ ਸੀਨ ਦਰਸਾਇਆ ਗਿਆ ਸੀ।
ਉਨ੍ਹਾਂ ਕਿਹਾ ਕਿ ਜੇਕਰ ਮੈਨੂੰ ਪੰਜਾਬੀ ਫਿਲਮ ਕਰਨ ਦਾ ਮੌਕਾ ਮਿਲਿਆ ਤਾਂ ਜ਼ਰੂਰ ਕਰਾਂਗਾ। ਉਨ੍ਹਾਂ ਕਿਹਾ ਕਿ ਮੇਰੀ ਪਤਨੀ ਵੀ ਪੰਜਾਬੀ ਹੈ, ਮੈਂ ਸੋਚਿਆ ਸੀ ਕਿ ਉਸ ਕੋਲੋਂ ਪੰਜਾਬੀ ਸਿੱਖਾਂਗਾ ਪਰ ਉਸ ਨੂੰ ਖੁਦ ਨੂੰ ਇਨ੍ਹੀਂ ਪੰਜਾਬੀ ਨਹੀਂ ਆਉਂਦੀ। ਪੰਜਾਬੀ ਖਾਣੇ ਦੀ ਤਾਰੀਫ਼ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਪੰਜਾਬ ਦਾ ਖਾਣਾ ਬਹੁਤ ਲਾਜਵਾਬ ਹੈ, ਮੈਂ ਕਿਸੇ ਢਾਬੇ 'ਤੇ ਬੈਠ ਕੇ ਰੋਟੀ ਖਾਣਾ ਚਾਉਂਦਾ ਹਾਂ।