ਚੰਡੀਗੜ੍ਹ: ਵਰਲਡ ਸੋਅਜ਼ ਟੂਰ ਲੜ੍ਹੀ ਦੇ ਦਰਮਿਆਨ ਅਚਾਨਕ ਗੰਭੀਰ ਸਿਹਤ ਸਮੱਸਿਆ ਵਿਚ ਘਿਰੇ ਮਸ਼ਹੂਰ ਗਾਇਕ ਮੀਕਾ ਸਿੰਘ ਦੀ ਸਿਹਤ ਪ੍ਰਤੀ ਅਪਣਾਈ ਲਾਪਰਵਾਹੀ ਹੀ ਉਨਾਂ ਦੀਆਂ ਹੈਲਥ ਪ੍ਰੋਬਲਮ ਵਿਚ ਇਜ਼ਾਫ਼ਾ ਕਰਨ ਦਾ ਸਬੱਬ ਬਣੀ ਹੈ, ਜਿਸ ਨੂੰ ਲੈ ਕੇ ਡਾਕਟਰਜ਼ ਵੱਲੋਂ ਵੀ ਉਨਾਂ ਨੂੰ ਵਾਰ ਵਾਰ ਇਸ ਸੰਬੰਧੀ ਗੰਭੀਰਤਾ ਅਖ਼ਤਿਆਰ ਕਰਨ ਦੀ ਤਾਕੀਦ ਕਈ ਵਾਰ ਕੀਤੀ ਜਾ ਚੁੱਕੀ ਹੈ।
ਉਲੇਖ਼ਯੋਗ ਹੈ ਕਿ ਗਲੇ ਵਿਚ ਵਧੀ ਇੰਨਫ਼ੈਕਸ਼ਨ ਦੇ ਚਲਦਿਆਂ ਗਾਇਕ ਮੀਕਾ ਸਿੰਘ ਨੂੰ ਇੰਨ੍ਹੀਂ ਦਿਨ੍ਹੀਂ ਵਿਦੇਸ਼ਾਂ ਵਿਚ ਜਾਰੀ ਅਪਣੇ ਕਈ ਵੱਡੇ ਲਾਈਵ ਕੰਨਸਰਟ ਕੈਂਸਲ ਕਰਨੇ ਪਏ ਹਨ, ਜਿਸ ਕਾਰਨ ਉਨਾਂ ਨੂੰ ਆਰਥਿਕ ਪੱਖੋਂ 15 ਕਰੋੜ ਦਾ ਨੁਕਸਾਨ ਹੋ ਗਿਆ ਹੈ, ਕਿਉਂਕਿ ਇੰਟਰਨੈਸ਼ਨਲ ਸੋਅਜ਼ ਦੇ ਪ੍ਰੋਮੋਟਰਜ਼ ਵੱਲੋਂ ਉਨਾਂ ਨੂੰ ਲਈ ਰਾਸ਼ੀ ਵਾਪਸ ਕਰਨ ਲਈ ਜ਼ੋਰ ਪਾਇਆ ਜਾ ਰਿਹਾ ਹੈ, ਹਾਲਾਂਕਿ ਇਸ ਦਿਸ਼ਾ ਵਿਚ ਸਾਊ ਰਵੱਈਆਂ ਅਪਨਾਉਂਦੇ ਹੋਏ ਗਾਇਕ ਵੱਲੋਂ ਖੁਦ ਹੁਣ ਤੱਕ ਕੈਂਸਲ ਹੋਏ ਕੰਨਸਰਟ ਦੀ ਰਾਸ਼ੀ ਵਾਪਸ ਕਰ ਦਿੱਤੀ ਗਈ ਹੈ।
ਬਾਲੀਵੁੱਡ ਗਲਿਆਰਿਆਂ ਵਿਚ ਹਮੇਸ਼ਾ ਚਰਚਾ ਦਾ ਕੇਂਦਰਬਿੰਦੂ ਰਹਿਣ ਵਾਲੇ ਇਸ ਗਾਇਕ ਦੇ ਹਾਲੀਆ ਕਰੀਅਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਪਿਛਲੇ ਦੋ ਸਾਲਾਂ ਤੋਂ ਉਨਾਂ ਦੇ ਲਾਈਵ ਕੰਨਸਰਟ ਵਿਚ ਚੋਖ਼ਾ ਅਤੇ ਰਿਕਾਰਡ ਵਾਧਾ ਹੋਇਆ ਹੈ, ਜਿਸ ਦੇ ਮੱਦੇਨਜ਼ਰ ਉਹ ਲਗਾਤਾਰ ਇੰਨ੍ਹਾਂ ਸੋਅਜ਼ ਵਿਚ ਦਿਨ ਰਾਤ ਆਪਣੀ ਲਾਈਵ ਪ੍ਰੋਫੋਰਮੈੱਸ ਨੂੰ ਅੰਜ਼ਾਮ ਦੇ ਰਹੇ ਹਨ ਅਤੇ ਇਹੀ ਲਗਾਤਾਰਤਾ ਉਨਾਂ ਦੀ ਗਲੇ ਦੀ ਸਮੱਸਿਆ ਨੂੰ ਹੋਰ ਵਧਾਉਣ ਦਾ ਅਹਿਮ ਕਾਰਨ ਬਣੀ ਹੈ।
ਗਾਇਕ ਦੇ ਪਰਿਵਾਰਿਕ ਮੈਂਬਰਜ਼ ਅਤੇ ਪ੍ਰਸਿੱਧ ਗਾਇਕ ਨਵਰਾਜ ਹੰਸ ਅਨੁਸਾਰ ਸਾਰਾ ਪਰਿਵਾਰ ਉਨਾਂ ਦੀ ਮੌਜੂਦਾ ਸਿਹਤ ਸਮੱਸਿਆ ਨੂੰ ਲੈ ਕੇ ਕਾਫ਼ੀ ਚਿੰਤਾ ਵਿਚ ਹੈ ਅਤੇ ਇਸ ਲਈ ਫ਼ੈਨ ਦੁਆਰਾ ਵੀ ਉਨਾਂ ਦੀ ਸਿਹਤਯਾਬੀ ਦੀ ਕਾਮਨਾ ਕਰਨਾ ਉਨਾਂ ਨੂੰ ਮਾਨਸਿਕ ਤੌਰ 'ਤੇ ਕਾਫ਼ੀ ਬਲ ਦੇ ਰਿਹਾ ਹੈ। ਉਨਾਂ ਦੱਸਿਆ ਕਿ ਉਕਤ ਸਿਹਤ ਸਮੱਸਿਆ ਦੇ ਗੰਭੀਰ ਰੁਖ਼ ਲੈ ਲੈਣ ਕਾਰਨ ਬੀਤੇ ਦਿਨੀਂ ਵੀ ਉਨਾਂ ਨੂੰ ਮੁੰਬਈ ਵਿਖੇ ਇਕ ਨਿੱਜੀ ਹਸਪਤਾਲ ਵਿਖੇ ਦਾਖ਼ਿਲ ਕਰਵਾਇਆ ਗਿਆ ਸੀ, ਜਿੱਥੋਂ ਦੇ ਡਾਕਟਰਜ਼ ਉਨਾਂ ਦੀ ਸਿਹਤਮੰਦੀ ਲਈ ਲਗਾਤਾਰ ਵਿਸ਼ੇਸ਼ ਤਰੱਦਦ ਕਰਨ ਵਿਚ ਜੁਟੇ ਹੋਏ ਹਨ ਅਤੇ ਇਸ ਨੂੰ ਕਾਫ਼ੀ ਫ਼ਾਇਦਾ ਵੀ ਹੋਇਆ ਸੀ। ਪਰ ਹੁਣ ਵਿਦੇਸ਼ ਵਿਚ ਲਗਾਤਾਰ ਲਾਈਵ ਸੋਅਜ਼ ਦੀ ਲੜ੍ਹੀ ਨੇ ਇਕ ਵਾਰ ਫਿਰ ਇਸ ਸਮੱਸਿਆਂ ਨੂੰ ਉਭਾਰ ਦਿੱਤਾ ਹੈ, ਜਿਸ ਨੂੰ ਲੈ ਕੇ ਗਾਇਕ ਦੇ ਨਾਲ ਨਾਲ ਪੂਰੀ ਫੈਮਿਲੀ ਕਾਫ਼ੀ ਫ਼ਿਕਰਮੰਦ ਹੈ।
ਉਨਾਂ ਕਿਹਾ ਕਿ ਕੋਸ਼ਿਸ਼ ਕਰ ਰਹੇ ਹਾਂ ਕਿ ਅਗਲੇ ਸੋਅਜ਼ ਕੁਝ ਸਮੇਂ ਲਈ ਸਥਗਿਤ ਕਰ ਦਿੱਤੇ ਜਾਣ ਤਾਂ ਕਿ ਉਹ ਪਰੋਪਰ ਢੰਗ ਨਾਲ ਮੁੰਬਈ ਵਿਖੇ ਜ਼ਰੂਰੀ ਅਤੇ ਲਗਾਤਾਰ ਟਰੀਟਮੈਂਟ ਵਗੈਰ੍ਹਾਂ ਕਰਵਾ ਸਕਣ। ਓਧਰ ਗਾਇਕ ਦੇ ਕੁਝ ਕਰੀਬਿਆਂ ਅਤੇ ਸਨੇਹੀਆਂ ਅਨੁਸਾਰ ਅਰਾਮ ਦੀ ਕਮੀ ਅਤੇ ਗਲੇ ਨੂੰ ਠਹਿਰਾਵ ਨਾ ਦੇਣ ਦੇ ਚਲਦਿਆਂ ਹੀ ਇਹ ਸਮੱਸਿਆ ਕਾਫ਼ੀ ਵਧੀ ਹੈ, ਜਿਸ ਨੂੰ ਹੁਣ ਗਾਇਕ ਖੁਦ ਕੁਝ ਸਮੇਂ ਲਈ ਵਿਰਾਮ ਦੇਣ ਲਈ ਮਨ ਬਣਾ ਚੁੱਕੇ ਹਨ, ਹਾਲਾਂਕਿ ਅਜਿਹਾ ਉਨਾਂ ਨੂੰ ਕਾਫ਼ੀ ਸਮੇਂ ਪਹਿਲਾਂ ਹੀ ਕਰ ਲੈਣਾ ਚਾਹੀਦਾ ਸੀ।