ਚੰਡੀਗੜ੍ਹ: ਹਿੰਦੀ ਸਿਨੇਮਾ ਅਤੇ ਸੰਗੀਤ ਜਗਤ ਵਿਚ ਵਿਲੱਖਣ ਪਹਿਚਾਣ ਅਤੇ ਅਹਿਮ ਮੁਕਾਮ ਰੱਖਦੇ ਪਿੱਠ ਵਰਤੀ ਗਾਇਕ ਜੁਬਿਨ ਨੌਟਿਆਲ ਆਪਣੇ ਨਵੇਂ ਵਰਲਡ ਸ਼ੋਅਜ਼ ਟੂਰ ਸੰਬੰਧ ਵਿਚ ਆਸਟ੍ਰੇਲੀਆ ਪੁੱਜ ਗਏ ਹਨ, ਜਿੱਥੇ ਉਹ ਸਿਡਨੀ ਵਿਖੇ ਹੋਣ ਜਾ ਰਹੇ ਆਪਣੇ ਟੂਰ ਦੇ ਪਹਿਲੇ ਗ੍ਰੈਂਡ ਲਾਈਵ ਕੰਨਸਰਟ ਦਾ ਹਿੱਸਾ ਬਣਨਗੇ।
ਬਾਲੀਵੁੱਡ ਦੇ ਉਚਕੋਟੀ ਗਾਇਕਾਂ ’ਚ ਆਪਣਾ ਨਾਂ ਦਰਜ ਕਰਵਾ ਰਹੇ ਅਤੇ ਕਈ ਹਿੱਟ ਗੀਤ ਦੇ ਚੁੱਕੇ ਇਹ ਹੋਣਹਾਰ ਗਾਇਕ 17 ਜੂਨ ਨੂੰ ਸਿਡਨੀ ਵਿਖੇ ਲਾਈਵ ਸੋਅਜ਼ ਦੁਆਰਾ ਆਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਹੋਣਗੇ, ਜਿਸ ਉਪਰੰਤ ਨਿਊਜੀਲੈਂਡ ਦੇ ਆਕਲੈਂਡ, ਕੈਨੇਡਾ ਬ੍ਰਿਟਿਸ਼ ਕੋਲੰਬੀਆਂ ਦੇ ਵੈਨਕੂਵਰ ਤੋਂ ਇਲਾਵਾ ਟਰਾਟੋਂ, ਅਮਰੀਕਾ ਦੇ ਐਂਟਲਾਂਟਾ ਸਮੇਤ ਕਈ ਅਹਿਮ ਸ਼ਹਿਰਾਂ ਅਤੇ ਹਿੱਸਿਆਂ ਵਿਚ ਵੀ ਉਹ ਕਈ ਵੱਡੇ ਸੋਅਜ਼ ਕਰਨਗੇ।
ਉਕਤ ਸੋਅਜ਼ ਲੜ੍ਹੀ ਅਧੀਨ ਹੀ ਸਿਡਨੀ ਸ਼ੋਅ ਦੇ ਪ੍ਰਬੰਧਕ ਮਨਜੀਤ ਸਿੰਘ ਚੋਪੜਾ ਅਨੁਸਾਰ ਵਿਕਟਰੀ ਗਰੁੱਪ ਅਤੇ ਹੋਰ ਕਈ ਸਤਿਕਾਰਿਤ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਸ਼ੋਅ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ, ਜਿਸ ਵਿਚ ਵੱਡੀ ਗਿਣਤੀ ਦਰਸ਼ਕਾਂ ਤੋਂ ਇਲਾਵਾ ਇਸ ਖਿੱਤੇ ਵਿੱਚ ਵੱਸਦੀਆਂ ਕਈ ਅਹਿਮ ਪੰਜਾਬੀ ਸ਼ਖ਼ਸ਼ੀਅਤਾਂ ਵੀ ਸ਼ਾਮਿਲ ਹੋਣਗੀਆਂ।
ਉਨ੍ਹਾਂ ਦੱਸਿਆ ਕਿ ਜੁਬਿਨ ਨੌਟਿਆਲ ਦਾ ਆਸਟ੍ਰੇਲੀਆ ਦਾ ਇਹ ਸ਼ੋਅ ਕਈ ਪੱਖੋਂ ਕਾਫ਼ੀ ਅਹਿਮ ਸਾਬਿਤ ਹੋਣ ਜਾ ਰਿਹਾ ਹੈ, ਜਿੰਨ੍ਹਾਂ ਨੂੰ ਸੁਣਨ ਨੂੰ ਲੈ ਕੇ ਨੌਜਵਾਨ ਵਰਗ ਵਿਚ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ। ਹਿੰਦੀ ਫਿਲਮ ਇੰਡਸਟਰੀ ਦੇ ਬਾਕਮਾਲ ਗਾਇਕ ਦੇ ਤੌਰ 'ਤੇ ਪੜ੍ਹਾਅ ਦਰ ਪੜ੍ਹਾਅ ਸ਼ਾਨਦਾਰ ਪੈੜ੍ਹਾਂ ਪਾ ਰਹੇ ਜੁਬਿਨ ਦੇ ਜੇਕਰ ਹਾਲੀਆ ਗਾਇਕੀ ਸਫ਼ਰ ਵੱਲ ਝਾਤ ਮਾਰੀ ਜਾਵੇ ਤਾਂ ਫਿਲਮੀ ਤੋਂ ਇਲਾਵਾ ਉਨਾਂ ਦੇ ਗਾਏ ਬਹੁਤ ਸਾਰੇ ਗੈਰ ਫਿਲਮੀ ਅਤੇ ਕਵਰ ਵਰਸ਼ਨ ਗੀਤ ਵੀ ਲੋਕਪ੍ਰਿਯਤਾ ਦੇ ਨਵੇਂ ਆਯਾਮ ਕਾਇਮ ਕਰਨ ਵਿਚ ਸਫ਼ਲ ਰਹੇ ਹਨ।
ਇੰਨ੍ਹਾਂ ਵਿਚ ਹਾਲੀਆ ਰਿਲੀਜ਼ ‘ਬਰਸਾਤ ਕੀ ਧੁਨ’, ‘ਏ ਦਿਲ’, ‘ਜਾਦੂ ਸੀ ਲਗੀ ਯੇ ਜਿੰਦਗੀ‘, 'ਯੇ ਕੈਸੀ ਕੈਸੀ ਦੂਰੀਆਂ', 'ਘੂਮੇ', 'ਕਿਓ ਸਭ ਮੇਂ ਤੂੰ ਇਤਨਾ ਅੱਛਾ ਹੈ', 'ਸਿਆਰਾਮ', 'ਸੁਣ ਅੱਲਾ ਦੇ ਬੰਦੇ', 'ਦੋ ਤਾਰਾ', 'ਜੁਦਾਈ', 'ਮੇਰੇ ਦਿਲ ਮੇਂ ਵਸ ਗਏ', 'ਯੂ ਤੇਰੇ ਹੁਏ ਹਮ' ਆਦਿ ਹਨ।
ਬਾਲੀਵੁੱਡ ਦੇ ਕਈ ਨਾਮੀ ਗਿਰਾਮੀ ਨਿਰਦੇਸ਼ਕਾਂ ਅਤੇ ਮਿਊਜ਼ਿਕ ਡਾਇਰੈਕਟਰਜ਼ ਨਾਲ ਕਾਮਯਾਬ ਸੰਗੀਤਕ ਅਤੇ ਗਾਇਕੀ ਤਾਲਮੇਲ ਸਥਾਪਿਤ ਕਰਨ ’ਚ ਮੋਹਰੀ ਰਹੇ ਜੁਬਿਨ ਨੌਟਿਆਲ ਅਨੁਸਾਰ ਲਾਈਵ ਸੋਅਜ਼ ਹਮੇਸ਼ਾ ਉਨਾਂ ਦੀ ਤਰਜ਼ੀਹ ਵਿਚ ਸ਼ਾਮਿਲ ਰਹਿੰਦੇ ਹਨ, ਕਿਉਂਕਿ ਇੰਨ੍ਹਾਂ ਦੁਆਰਾ ਦਰਸ਼ਕਾਂ ਨਾਲ ਰੁਬਰੂ ਹੋਣਾ ਅਤੇ ਉਨਾਂ ਦੀ ਪ੍ਰਤੀਕਿਰਿਆਂ ਜਾਣਨ ਦਾ ਅਵਸਰ ਬਹੁਤ ਹੀ ਯਾਦਗਾਰੀ ਰਿਹਾ ਹੈ। ਜਿੰਨ੍ਹਾਂ ਵੱਲੋਂ ਦਿੱਤੇ ਜਾਂਦੇ ਉਤਸ਼ਾਹ ਅਤੇ ਕੀਤੀ ਜਾਂਦੀ ਹੌਂਸਲਾ ਅਫ਼ਜਾਈ ਹੀ ਉਨਾਂ ਨੂੰ ਲਗਾਤਾਰ ਕੁਝ ਹੋਰ ਚੰਗੇਰ੍ਹਾ ਕਰਨ ਲਈ ਯਤਨਸ਼ੀਲ ਕਰਦੀ ਰਹਿੰਦੀ ਹੈ।