ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਸਟਾਰ ਅਤੇ ਨਿਰਮਾਤਾ ਗਿੱਪੀ ਗਰੇਵਾਲ ਵੱਲੋਂ ਇੰਨ੍ਹੀਂ ਦਿਨ੍ਹੀਂ ਆਪਣੇ ਹੋਮ ਪ੍ਰੋਡੋਕਸ਼ਨ ਅਧੀਨ ਨਿਰਮਿਤ ਕੀਤੀ ਜਾ ਰਹੀ ਆਉਣ ਵਾਲੀ ਪੰਜਾਬੀ ਫਿਲਮ 'ਕੈਰੀ ਔਨ ਜੱਟੀਏ' ਦਾ ਮਸ਼ਹੂਰ ਬਾਲੀਵੁੱਡ ਅਦਾਕਾਰਾ ਉਪਾਸਨਾ ਸਿੰਘ ਨੂੰ ਵੀ ਅਹਿਮ ਹਿੱਸਾ ਬਣਾਇਆ ਗਿਆ ਹੈ, ਜੋ ਇਸ ਫਿਲਮ ਦੇ ਸ਼ੂਟ ਵਿੱਚ ਹਿੱਸਾ ਲੈਣ ਲਈ ਲੰਦਨ ਪੁੱਜ ਚੁੱਕੀ ਹੈ।
'ਹੰਬਲ ਮੋਸ਼ਨ ਪਿਕਚਰਜ਼ ਅਤੇ 'ਪਨੋਰਮਾ ਸਟੂਡਿਓਜ਼' ਦੇ ਸਹਿ ਨਿਰਮਾਣ ਨਾਲ ਬਣਾਈ ਜਾ ਰਹੀ ਇਸ ਫਿਲਮ ਵਿੱਚ ਸਰਗੁਣ ਮਹਿਤਾ, ਜੈਸਮੀਨ ਭਸੀਨ ਅਤੇ ਸੁਨੀਲ ਗਰੋਵਰ ਲੀਡ ਭੂਮਿਕਾਵਾਂ ਅਦਾ ਕਰ ਰਹੇ ਹਨ, ਜਿੰਨ੍ਹਾਂ ਤੋਂ ਇਲਾਵਾ ਲਹਿੰਦੇ ਪੰਜਾਬ ਦੇ ਵੀ ਕਈ ਦਿੱਗਜ ਐਕਟਰਜ਼ ਇਸ ਵਿੱਚ ਮਹੱਤਵਪੂਰਨ ਭੂਮਿਕਾਵਾਂ ਅਦਾ ਕਰ ਰਹੇ ਹਨ, ਜਿੰਨ੍ਹਾਂ ਵਿੱਚ ਪਾਕਿਸਤਾਨੀ ਅਦਾਕਾਰ ਨਾਸਿਰ ਵੀ ਹਨ।
ਯੂਨਾਈਟਡ ਕਿੰਗਡਮ ਦੇ ਵੱਖ-ਵੱਖ ਹਿੱਸਿਆਂ ਵਿੱਚ ਤੇਜੀ ਨਾਲ ਸੰਪੂਰਨ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਦੇਸ਼ਨ ਸਮੀਪ ਕੰਗ ਕਰ ਰਹੇ ਹਨ, ਜੋ ਇਸ ਤੋਂ ਪਹਿਲਾਂ ਗਿੱਪੀ ਗਰੇਵਾਲ ਨਾਲ ਕਈ ਸੁਪਰ ਡੁਪਰ ਹਿੱਟ ਫਿਲਮਾਂ ਬਣਾਉਣ ਦਾ ਸਿਹਰਾ ਹਾਸਿਲ ਕਰ ਚੁੱਕੇ ਹਨ, ਜਿੰਨ੍ਹਾਂ ਵਿੱਚ 'ਕੈਰੀ ਔਨ ਜੱਟਾ', 'ਭਾਜੀ ਇਨ ਪ੍ਰੋਬਲਮ', 'ਲੱਕੀ ਦੀ ਅਣਲੱਕੀ ਸਟੋਰੀ', 'ਕੈਰੀ ਔਨ ਜੱਟਾ 2', 'ਸੈਕੰਡ ਹੈਂਡ ਹਸਬੈਂਡ' ਆਦਿ ਤੋਂ ਇਲਾਵਾ ਹਾਲੀਆਂ ਦਿਨ੍ਹੀਂ ਰਿਲੀਜ਼ ਹੋਈਆਂ 'ਕੈਰੀ ਔਨ ਜੱਟਾ 3' ਤੋਂ ਇਲਾਵਾ 'ਮੌਜਾਂ ਹੀ ਮੌਜਾਂ' ਸ਼ਾਮਿਲ ਰਹੀਆਂ ਹਨ।
ਉਕਤ ਬਹੁ-ਚਰਚਿਤ ਫਿਲਮ ਸੀਕਵਲ ਦੀ ਸ਼ੂਟਿੰਗ ਵਿੱਚ ਸ਼ਾਮਿਲ ਹੋ ਚੁੱਕੀ ਅਦਾਕਾਰਾ ਉਪਾਸਨਾ ਸਿੰਘ ਨੇ ਦੱਸਿਆ ਕਿ ਇਹ ਸੀਰੀਜ਼ ਉਨਾਂ ਦੀਆਂ ਸਭ ਤੋਂ ਵੱਧ ਪਸੰਦ ਕੀਤੀਆਂ ਜਾਣ ਵਾਲੀਆਂ ਫਿਲਮਾਂ ਵਿੱਚ ਸ਼ੁਮਾਰ ਹੋ ਚੁੱਕੀ ਹੈ, ਜਿਸ ਵਿਚ ਉਨਾਂ ਨੂੰ ਆਪਣੀ ਅਦਾਕਾਰੀ ਦੇ ਕਈ ਸੇਡਜ਼ ਵਿਖਾਉਣ ਦਾ ਮੌਕਾ ਮਿਲਿਆ ਹੈ।
ਉਨ੍ਹਾਂ ਦੱਸਿਆ ਕਿ ਜੇਕਰ ਇਸ ਫਿਲਮ ਵਿਚਲੇ ਕਿਰਦਾਰ ਦੀ ਗੱਲ ਕਰਾਂ ਤਾਂ ਇਹ ਪਿਛਲੀਆਂ 'ਕੈਰੀ ਔਨ ਜੱਟਾ' ਸੀਰੀਜ਼ ਤੋਂ ਇਕਦਮ ਅਲਹਦਾ ਰੋਲ ਹੈ, ਜਿਸ ਨੂੰ ਨਿਭਾਉਣਾ ਕਾਫ਼ੀ ਯਾਦਗਾਰੀ ਅਤੇ ਚੁਣੌਤੀ ਭਰਿਆ ਵੀ ਸਾਬਿਤ ਹੋ ਰਿਹਾ ਹੈ ਉਨ੍ਹਾਂ ਲਈ ਇਸ ਵਾਰ। ਉਨ੍ਹਾਂ ਕਿਹਾ ਕਿ ਇਸ ਫਿਲਮ ਵਿਚਲੇ ਰੋਲ ਨੂੰ ਲੈ ਕੇ ਉਹ ਕਾਫੀ ਐਕਸਾਈਟਮੈਂਟ ਵੀ ਮਹਿਸੂਸ ਕਰ ਰਹੇ ਹਨ, ਕਿਉਂਕਿ ਇਸ ਵਿੱਚ ਉਨਾਂ ਦੇ ਸਾਹਮਣੇ ਨਾਸਿਰ ਚੁਣੌਤੀ ਜਿਹੇ ਬਾਕਮਾਲ ਪਾਕਿਸਤਾਨੀ ਐਕਟਰ ਵੀ ਭੂਮਿਕਾ ਵਿੱਚ ਹਨ, ਜਿੰਨ੍ਹਾਂ ਨਾਲ ਕੰਮ ਕਰਨਾ ਹਰ ਐਕਟਰ ਲਈ ਇੱਕ ਖੁਸ਼ਨਸੀਬੀ ਵਾਂਗ ਹੁੰਦਾ ਹੈ।
ਹਿੰਦੀ ਅਤੇ ਪੰਜਾਬੀ ਦੋਨੋਂ ਸਿਨੇਮਾ ਖਿੱਤਿਆਂ ਵਿੱਚ ਬਰਾਬਰ ਆਪਣੀ ਪ੍ਰਭਾਵੀ ਮੌਜੂਦਗੀ ਦਰਜ਼ ਕਰਵਾ ਰਹੀ ਪ੍ਰਤਿਭਾਸ਼ਾਲੀ ਅਦਾਕਾਰਾ ਉਪਾਸਨਾ ਸਿੰਘ ਨਾਲ ਉਨਾਂ ਦੀ ਤਰਜ਼ੀਹ ਅਤੇ ਪਸੰਦੀ ਦਾ ਸਿਨੇਮਾ ਖੇਤਰ ਬਾਰੇ ਗੱਲ ਕੀਤੀ ਗਈ ਤਾਂ ਉਨਾਂ ਦੱਸਿਆ ਕਿ ਪੰਜਾਬ ਤੋਂ ਚੱਲ ਕੇ ਬਾਲੀਵੁੱਡ ਵਿੱਚ ਜੋ ਮਾਨ ਸਨਮਾਨ ਅਤੇ ਰੁਤਬਾ ਮਿਲਿਆ, ਉਸ ਦੀ ਖੁਸ਼ੀ ਯਕੀਨਨ ਮੇਰੇ ਲਈ ਸਦਾ ਇੱਕ ਮਾਣ ਵਾਂਗ ਰਹੀ ਹੈ। ਪਰ ਪੰਜਾਬ ਮੇਰੀ ਜਨਮਭੂਮੀ ਅਤੇ ਇਸ ਨਾਲ ਜੁੜੇ ਸਿਨੇਮਾ ਨਾਲ ਮੇਰਾ ਮੋਹ ਸ਼ੁਰੂਆਤੀ ਕਰੀਅਰ ਸਮੇਂ ਤੋਂ ਹੀ ਬਰਕਰਾਰ ਹੈ, ਜਿਸ ਦਾ ਨਾਤਾ ਅੱਜ ਤੱਕ ਟੁੱਟਣ ਨਹੀਂ ਦਿੱਤਾ ਅਤੇ ਅਗਾਂਹ ਵੀ ਹਿੰਦੀ ਸਿਨੇਮਾ ਦੇ ਅਤਿ ਰੁਝੇਵਿਆਂ ਦੇ ਬਾਵਜੂਦ ਪਾਲੀਵੁੱਡ ਨਾਲ ਮੇਰਾ ਇਹ ਜੁੜਾਂਵ ਇਸੇ ਤਰ੍ਹਾਂ ਬਰਕਰਾਰ ਰਹੇਗਾ।
ਉਨ੍ਹਾਂ ਦੱਸਿਆ ਕਿ ਜਲਦ ਹੀ ਉਨਾਂ ਦੀਆਂ ਕੁਝ ਹੋਰ ਹਿੰਦੀ ਅਤੇ ਪੰਜਾਬੀ ਫਿਲਮਾਂ ਵੀ ਸ਼ੁਰੂ ਹੋਣ ਵਾਲੀਆਂ ਹਨ, ਜਿੰਨ੍ਹਾਂ ਵਿੱਚ ਕਾਫੀ ਪ੍ਰਭਾਵਸ਼ਾਲੀ ਕਿਰਦਾਰ ਉਨਾਂ ਵੱਲੋਂ ਅਦਾ ਕੀਤਾ ਜਾਵੇਗਾ।