ਚੰਡੀਗੜ੍ਹ: ਸਾਲ 1986 ਤੋਂ 1990 ਦੇ ਦੌਰਾਨ ਸਿਨੇਮਾ ਦਰਸ਼ਕਾਂ ਦੇ ਮਨ੍ਹਾਂ ਅਤੇ ਦਿਲਾਂ 'ਤੇ ਛਾਈ ਰਹੀ ਬਾਲੀਵੁੱਡ ਅਦਾਕਾਰਾ ਨੀਲਮ ਕੋਠਾਰੀ ਅਗਲੇ ਦਿਨ੍ਹੀਂ ਆਸਟ੍ਰੇਲੀਆ ਵਿਚ ਹੋਣ ਵਾਲੇ ਵੱਡੇ ਇੰਟਰਟੇਨਮੈਂਟ ਈਵੈਂਟ ਦਾ ਹਿੱਸਾ ਬਣਨ ਜਾ ਰਹੀ ਹੈ, ਜਿਸ ਸੰਬੰਧੀ ਸ਼ੋਅ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਹਿੰਦੀ ਫਿਲਮ ‘ਜਵਾਨੀ’ ਤੋਂ ਆਪਣੇ ਫਿਲਮ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਦਾਕਾਰਾ ਨੀਲਮ ਹਿੰਦੀ ਸਿਨੇਮਾ ਦੇ ਕਈ ਵੱਡੇ ਸਿਤਾਰਿਆਂ ਨਾਲ ਲੀਡ ਭੂਮਿਕਾਵਾਂ ਨਿਭਾਉਣ ਦਾ ਅਵਸਰ ਪ੍ਰਾਪਤ ਕਰ ਚੁੱਕੀ ਹੈ, ਜਿੰਨ੍ਹਾਂ ਦੀਆਂ ਬਹੁਤ ਕਾਮਯਾਬ ਰਹੀਆਂ ਫਿਲਮਾਂ ਵਿਚ ‘ਲਵ 86’, ‘ਸਿੰਦੂਰ’, ‘ਖੁਦਗਰਜ਼’, ‘ਹੱਤਿਆ’, ‘ਫ਼ਰਜ਼ ਕੀ ਜੰਗ’, ‘ਤਾਕਤਵਰ’, ‘ਦੋ ਕੈਦੀ’ , ਮਿੱਟੀ ਔਰ ਸੋਨਾ, ਪਾਪ ਕੀ ਦੁਨੀਆਂ, ਆਗ ਹੀ ਆਗ, ਖਤਰੋਂ ਕੇ ਖਿਲਾੜ੍ਹੀ, ਘਰ ਕਾ ਚਿਰਾਗ ਆਦਿ ਸ਼ਾਮਿਲ ਰਹੀਆਂ ਹਨ।
ਉਨ੍ਹਾਂ ਵੱਲੋਂ ਸੰਨੀ ਦਿਓਲ, ਸੰਜੇ ਦੱਤ, ਗੋਵਿੰਦਾ, ਚੰਕੀ ਪਾਂਡੇ ਆਦਿ ਨਾਲ ਨਿਭਾਈਆਂ ਲੀਡ ਭੂਮਿਕਾਵਾਂ ਨੂੰ ਦਰਸ਼ਕਾਂ ਦਾ ਹੁੰਗਾਰਾ ਅਤੇ ਪਿਆਰ ਮਿਲਿਆ ਹੈ। ਮੁੰਬਈ ਮਾਇਆਨਗਰੀ ਵਿਚ ਅਲੱਗ ਪਹਿਚਾਣ ਰੱਖਦੇ ਟੀ.ਵੀ ਅਤੇ ਫਿਲਮ ਅਦਾਕਾਰ ਸਮੀਰ ਸੋਨੀ ਨਾਲ ਵਿਆਹ ਰਚਾਉਣ ਵਾਲੀ ਇਹ ਅਦਾਕਾਰਾ ਮੰਨੋਰੰਜਨ ਖੇਤਰ ਵਿਚ ਹੁਣ ਫਿਰ ਸਰਗਰਮ ਹੁੰਦੀ ਜਾ ਰਹੀ ਹੈ।
ਮਾਸਟਰ ਮਾਰਕੇਟਰਜ਼ ਅਤੇ ਵੀ ਪਾਲ ਵੱਲੋਂ ਆਯੋਜਿਤ ਕਰਵਾਏ ਜਾ ਰਹੇ ਇਸ ਸ਼ੋਅ ਦਾ ਆਯੋਜਨ 15 ਜੁਲਾਈ ਨੂੰ ਡੋਨ ਮੇਰੇ ਸੈਂਟਰ, ਨੋਰਥ ਰੋਕਸ਼ ਸਿਡਨੀ ਵਿਖੇ ਕੀਤਾ ਜਾਵੇਗਾ, ਜਿਸ ਸੰਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਸ਼ੋਅ ਦੇ ਪ੍ਰਬੰਧਕੀ ਪੈਨਲ ਅਨੁਸਾਰ ਭਾਰਤ ਤੋਂ ਇਲਾਵਾ ਵਿਦੇਸ਼ਾਂ ਖਾਸ ਕਰ ਆਸਟ੍ਰੇਲੀਆਂ ਖਿੱਤੇ ਵਿਚ ਵੀ ਹਿੰਦੀ ਸਿਨੇਮਾ ਸਿਤਾਰਿਆਂ ਪ੍ਰਤੀ ਖਿੱਚ ਲਗਾਤਾਰ ਵਧਦੀ ਜਾ ਰਹੀ ਹੈ, ਜਿਸ ਦਾ ਕਾਰਨ ਆਪਣੇ ਮੁਲਕ ਅਤੇ ਮੰਨੋਰੰਜਨ ਵੰਨਗੀਆਂ ਤੋਂ ਉਨ੍ਹਾਂ ਦੀ ਦੂਰੀ ਨੂੰ ਵੀ ਮੰਨਿਆਂ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਇੱਥੇ ਵੱਸਦੇ ਪ੍ਰਵਾਸੀ ਭਾਰਤੀਆਂ ਖਾਸ ਕਰ ਨੌਜਵਾਨ ਪੀੜ੍ਹੀ ਨੂੰ ਉਨ੍ਹਾਂ ਦੇ ਆਪਣੇ ਅਸਲ ਮੰਨੋਰੰਜਨ ਅਧਿਆਏ ਨਾਲ ਜੋੜਨ ਲਈ ਉਨ੍ਹਾਂ ਵੱਲੋਂ ਇਸ ਵਰ੍ਹੇ ਕਈ ਉਚੇਚੇ ਯਤਨ ਕੀਤੇ ਜਾ ਰਹੇ ਹਨ, ਜਿਸ ਦੇ ਮੱਦੇਨਜ਼ਰ ਆਉਣ ਵਾਲੇ ਦਿਨਾਂ ਵਿਚ ਕਈ ਵੱਡੇ ਸਿਤਾਰਿਆਂ ਦੇ ਰੁਬਰੂ ਸਮਾਰੋਹ ਇੱਥੇ ਆਯੋਜਿਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਅਦਾਕਾਰਾ ਨੀਲਮ ਕੋਠਾਰੀ ਦੇ ਇਸ ਸ਼ੋਅ ਦੇ ਦੌਰਾਨ ਉਨ੍ਹਾਂ ਦੀ ਲਾਈਵ ਮੁਲਾਕਾਤ ਸ਼ੈਸਨ ਰੱਖੇ ਜਾ ਰਹੇ ਹਨ ਤਾਂ ਕਿ ਹਰ ਚਾਹੁੰਣ ਵਾਲਾ ਉਨ੍ਹਾਂ ਨੂੰ ਮਿਲਣ ਦੇ ਨਾਲ ਨਾਲ ਮਨ ਦੇ ਸਵਾਲ ਅਤੇ ਵਲਵਲ੍ਹੇ ਵੀ ਉਨ੍ਹਾਂ ਨਾਲ ਸਾਂਝੇ ਕਰ ਸਕੇ।
ਇਹ ਵੀ ਪੜ੍ਹੋ:BTS Video: ਸ਼ਹਿਨਾਜ਼ ਗਿੱਲ ਨਾਲ ਡਾਂਸ ਕਰ ਰਿਹਾ ਸੀ ਜੱਸੀ ਗਿੱਲ, ਰਾਘਵ ਜੁਆਲ ਨੂੰ ਨਹੀਂ ਆਇਆ ਪਸੰਦ, ਕੀਤਾ ਇਹ ਕੰਮ