ਚੰਡੀਗੜ੍ਹ: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਨੀਲਮ ਕੋਠਾਰੀ ਆਪਣੇ ਵਿਸ਼ੇਸ਼ ਇੰਟਰਨੈਸ਼ਨਲ ਟੂਰ ਅਧੀਨ ਆਸਟ੍ਰੇਲੀਆ ਪੁੱਜ ਚੁੱਕੀ ਹੈ, ਜਿੱਥੇ ਉਹ ਸਿਡਨੀ ਸਮੇਤ ਕਈ ਸ਼ਹਿਰਾਂ ਵਿਚ ਹੋਣ ਜਾ ਰਹੇ ਲਾਈਵ ਸੋਅਜ਼ ਦੁਆਰਾ ਦਰਸ਼ਕਾਂ ਦੇ ਸਨਮੁੱਖ ਹੋਵੇਗੀ।
‘ਮਾਸਟਰਜ਼ ਮਾਰਕੇਟਰਜ ਆਸਟ੍ਰੇਲੀਆ' ਦੇ ਬੈਨਰਜ਼ ਅਧੀਨ ਅਤੇ ਮੰਨੇ ਪ੍ਰਮੰਨੇ ਇੰਟਰਨੈਸ਼ਨਲ ਪ੍ਰਮੋਟਰ ਅਤੇ ਫਿਲਮ ਡਿਸਟੀਬਿਊਟਰ ਵਿੱਕੀ ਪਾਲ ਵੱਲੋਂ ਆਯੋਜਿਤ ਕਰਵਾਈ ਜਾ ਰਹੀ ਇਸ ਇਵਨਿੰਗ ਸੋਅਜ਼ ਲੜ੍ਹੀ ਅਧੀਨ ਪਹਿਲਾਂ ਗ੍ਰੈਂਡ ਸ਼ੋਅ 15 ਜੁਲਾਈ ਨੂੰ ‘ਡੋਨ ਮੋਰੇ ਸੈਂਟਰ ਨਾਰਥ ਰੋਕਸ’ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਉਪਰੰਤ ਦੂਸਰਾ ਸ਼ੋਅ 16 ਜੁਲਾਈ ਨੂੰ ਮੈਲਬੋਰਨ ਦੇ ‘ਦਾ ੲਡੇਜ਼ੇ ਫੈਡਰੇਸ਼ਨ ਸੁਕੇਅਰ’ ਵਿਖੇ ਕਰਵਾਇਆ ਜਾ ਰਿਹਾ ਹੈ।
ਉਕਤ ਸੋਅਜ਼ ਸੰਬੰਧੀ ਜਾਣਕਾਰੀ ਦਿੰਦਿਆ ਮੁੱਖ ਪ੍ਰਬੰਧਕ ਵਿੱਕੀ ਪਾਲ ਦੱਸਦੇ ਹਨ ਕਿ ਹਿੰਦੀ ਸਿਨੇਮਾ ਦੀ ਇਹ ਖੂਬਸੂਰਤ ਅਤੇ ਪ੍ਰਤਿਭਾਵਾਨ ਅਦਾਕਾਰਾ ਪਹਿਲੀ ਵਾਰ ਆਸਟ੍ਰੇਲੀਆ ਦੇ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੀ ਹੈ, ਜਿੰਨ੍ਹਾਂ ਦੀ ਇਸ ਫੇਰੀ ਅਤੇ ਲਾਈਵ ਸ਼ੋਅ ਨੂੰ ਲੈ ਕੇ ਦਰਸ਼ਕਾਂ ਵਿਚ ਵੀ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਮੁੰਬਈ ਨਗਰੀ ਦੇ ਅਰਜੁਨ ਰਾਮਪਾਲ, ਸ਼ਕਤੀ ਕਪੂਰ, ਆਦਿ ਜਿਹੇ ਕਈ ਮੰਨੇ ਪ੍ਰਮੰਨੇ ਸਟਾਰ ਦੇ ਇਸ ਪੰਜਾਬੀ ਵੱਸੋਂ ਭਰਪੂਰ ਵਿਦੇਸ਼ੀ ਖਿੱਤੇ ਵਿਚ ਸਫ਼ਲਤਾਪੂਰਵਕ ਸੋਅਜ਼ ਅੰਜ਼ਾਮ ਦੇ ਚੁੱਕੇ ਅਤੇ ਆਗਾਮੀ ਦਿਨ੍ਹੀਂ ਵੀ ਕਈ ਹੋਰ ਗ੍ਰੈਂਡ ਸੋਅਜ਼ ਦਾ ਆਯੋਜਨ ਕਰਨ ਜਾ ਰਹੇ ਵਿੱਕੀ ਪਾਲ ਦੱਸਦੇ ਹਨ ਕਿ ਲਗਾਤਾਰ ਕੀਤੀਆਂ ਜਾ ਰਹੀਆਂ ਇੰਨ੍ਹਾਂ ਕੋਸ਼ਿਸ਼ਾਂ ਦਾ ਮਕਸਦ ਇੱਥੇ ਵਸੇਂਦੇ ਪ੍ਰਵਾਸੀ ਭਾਰਤੀਆਂ ਅਤੇ ਨੌਜਵਾਨ ਪੀੜ੍ਹੀ ਨੂੰ ਉਨਾਂ ਦੀਆਂ ਬਰੂਹਾਂ 'ਤੇ ਉਨਾਂ ਸਿਨੇਮਾ ਸ਼ਖ਼ਸ਼ੀਅਤਾਂ ਦੇ ਦੀਦਾਰ ਕਰਵਾਉਣਾ ਮੁੱਖ ਹੈ, ਜਿੰਨ੍ਹਾਂ ਨੂੰ ਸਿਨੇਮਾ ਸਕਰੀਨ 'ਤੇ ਉਨਾਂ ਦੀ ਸ਼ਾਨਦਾਰ ਫਿਲਮਾਂ ਸਮੇਤ ਵੇਖਣਾ ਕਾਫ਼ੀ ਪਸੰਦ ਕਰਦੇ ਹਨ।
ਉਨ੍ਹਾਂ ਦੱਸਿਆ ਕਿ ਜੇਕਰ ਅਦਾਕਾਰਾ ਨੀਲਮ ਦੇ ਸੋਅਜ਼ ਆਯੋਜਨ ਦੀ ਗੱਲ ਕੀਤੀ ਜਾਵੇ ਤਾਂ ਇਸ ਦਾ ਕਾਰਨ ਬਾਲੀਵੁੱਡ ਵਿਚਲਾ ਉਨਾਂ ਦਾ ਬੇਹੱਦ ਪ੍ਰਭਾਵੀ ਸਫ਼ਰ ਹੈ, ਜਿੰਨ੍ਹਾਂ ਦੀਆਂ ਬੇਸ਼ੁਮਾਰ ਫਿਲਮਾਂ ‘ਲਵ 86’, ‘ਹੱਤਿਆ’, ‘ਖੁਦਗਰਜ਼’, ‘ਤਾਕਤਵਰ’, ‘ਖਤਰੋਂ ਕੇ ਖਿਲਾੜ੍ਹੀ’, ‘ਪਾਪ ਕੀ ਦੁਨੀਆਂ’, ‘ਘਰ ਕਾ ਚਿਰਾਗ’, ‘ਮਿੱਟੀ ਔਰ ਸੋਨਾ’, ‘ਅਗਨੀਪਥ’ ਆਦਿ ਦੇ ਦਰਸ਼ਕ ਅੱਜ ਵੀ ਦੀਵਾਨੇ ਹਨ।
ਉਨ੍ਹਾਂ ਦੱਸਿਆ ਕਿ ਹਿੰਦੀ ਫਿਲਮ ਇੰਡਸਟਰੀ ਦੇ ਦਿੱਗਜ ਐਕਟਰ ਧਰਮਿੰਦਰ, ਅਮਿਤਾਬ ਬੱਚਨ ਤੋਂ ਲੈ ਕੇ ਸੰਨੀ ਦਿਓਲ, ਸੰਜੇ ਦੱਤ, ਗੋਵਿੰਦਾ, ਚੰਕੀ ਪਾਂਡੇ ਸਮੇਤ ਕਈ ਵੱਡੇ ਸਟਾਰਾਂ ਨਾਲ ਕੰਮ ਕਰ ਚੁੱਕੀ ਅਦਾਕਾਰਾ ਨੀਲਮ ਕੋਠਾਰੀ ਵੀ ਆਪਣੀ ਇਸ ਫੇਰੀ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੀ ਹੈ, ਜੋ ਅਗਲੇ ਕੁਝ ਦਿਨ੍ਹਾਂ ਤੱਕ ਇੱਥੇ ਹੋਣ ਵਾਲੇ ਸੋਅਜ਼ ਤੋਂ ਇਲਾਵਾ ਕਈ ਹੋਰ ਦਰਸ਼ਕ ਈਵੈਂਟ ਦਾ ਹਿੱਸਾ ਬਣੇਗੀ। ਉਨਾਂ ਦੱਸਿਆ ਕਿ ਸਿਡਨੀ, ਮੈਲਬੌਰਨ ਤੋਂ ਇਲਾਵਾ ਇੰਨ੍ਹਾਂ ਦੇ ਆਸ ਪਾਸ ਲੱਗਦੇ ਸ਼ਹਿਰਾਂ ਤੋਂ ਵੀ ਵੱਡੀ ਗਿਣਤੀ ਦਰਸ਼ਕ ਇੰਨ੍ਹਾਂ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਪਹੁੰਚ ਰਹੇ ਹਨ।