ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਨਿਵੇਕਲਾ ਅਤੇ ਸਫ਼ਲ ਮੁਕਾਮ ਕਾਇਮ ਕਰ ਚੁੱਕੀ ਗਾਇਕਾ ਅਫ਼ਸਾਨਾ ਖਾਨ ਦਾ ਨਵਾਂ ਸੰਗੀਤਕ ਟਰੈਕ ‘ਸਾਰਾ ਸ਼ਹਿਰ’ ਅੱਜ ਰਿਲੀਜ਼ ਹੋਣ ਜਾ ਰਿਹਾ ਹੈ, ਜਿਸ ਦੇ ਮਿਊਜ਼ਿਕ ਵੀਡੀਓ ਵਿੱਚ ਬਾਲੀਵੁੱਡ ਐਕਟਰ ਕਰਨਵੀਰ ਬੋਹਰਾ ਅਤੇ ਕੀਰਤੀ ਵਰਮਾ ਵੱਲੋਂ ਫ਼ੀਚਰਿੰਗ ਕੀਤੀ (Afsana Khan New Song) ਗਈ ਹੈ।
‘ਜਿਮ ਟਿਊਨਜ਼’ ਅਤੇ ਰਾਓ ਇੰਦਰਜੀਤ ਸਿੰਘ ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਗਾਣੇ ਦਾ ਸੰਗੀਤ ਮਨਦੀਪ ਪੰਘਾਲ ਦੁਆਰਾ ਤਿਆਰ ਕੀਤਾ ਗਿਆ ਹੈ, ਜਦਕਿ ਇਸ ਦੇ ਬੋਲ ਵੰਗਵੀਰ ਦੇ ਹਨ। ਉਕਤ ਸੰਗੀਤ ਪ੍ਰੋਜੈਕਟ ਦੇ ਮਿਊਜ਼ਿਕ ਵੀਡੀਓ ਦੀ ਨਿਰਦੇਸ਼ਕਾ ਆਰ ਰਵਿੰਦਰ ਨੇ ਕੀਤੀ ਹੈ, ਜਦਕਿ ਇਸ ਦੇ ਕ੍ਰਿਏਟਿਵ ਨਿਰਦੇਸ਼ਕ ਵਿਨੇ ਗੁਪਤਾ ਅਤੇ ਕੈਮਰਾਮੈਨ ਅੰਕਿਤ ਚੋਪੜਾ ਹਨ।
ਇਸ ਗਾਣੇ ਦਾ ਅਹਿਮ ਹਿੱਸਾ ਬਣੇ ਹਿੰਦੀ ਸਿਨੇਮਾ ਅਤੇ ਛੋਟੇ ਪਰਦੇ ਦੇ ਮਸ਼ਹੂਰ ਐਕਟਰ ਕਰਨਵੀਰ ਬੋਹਰਾ ਨੇ ਕਿਹਾ ਕਿ ਬਹੁਤ ਹੀ ਮਨਮੋਹਕ ਅਤੇ ਸ਼ਾਨਦਾਰ ਰੂਪ ਵਿਚ ਫਿਲਮਾਏ ਗਏ ਇਸ ਪੰਜਾਬੀ ਮਿਊਜ਼ਿਕ ਨਾਲ ਜੁੜਨਾ ਉਨਾਂ ਲਈ ਬਹੁਤ ਹੀ ਵਧੀਆ ਤਜ਼ਰਬਾ ਰਿਹਾ ਹੈ, ਜਿਸ ਦੇ ਪਹਿਲੇ ਲੁੱਕ ਨੂੰ ਮਿਲੇ ਭਰਪੂਰ ਹੁੰਗਾਰੇ ਨਾਲ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਇਹ ਗਾਣਾ ਅਤੇ ਇਸ ਦਾ ਮਿਊਜ਼ਿਕ ਵੀਡੀਓ ਸੁਣਨ ਅਤੇ ਵੇਖਣ ਵਾਲਿਆਂ ਨੂੰ ਕਾਫ਼ੀ ਪਸੰਦ ਆਵੇਗਾ।
ਉਨ੍ਹਾਂ ਦੱਸਿਆ ਕਿ ਇਸ ਗਾਣੇ ਦਾ ਫ਼ਿਲਮਾਂਕਣ ਮੁੰਬਈ ਦੇ ਹੀ ਵੱਖ-ਵੱਖ ਸਟੂਡਿਓਜ਼ ਵਿੱਚ ਬੇਹੱਦ ਵੱਡੇ ਵੀਡੀਓ ਸਕੇਲ 'ਤੇ ਕੀਤਾ ਗਿਆ ਹੈ, ਜਿਸ ਲਈ ਬਹੁਤ ਹੀ ਮਨਮੋਹਕ ਸੈੱਟਜ਼ ਵੀ ਖਾਸ ਤੌਰ 'ਤੇ ਤਿਆਰ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪਿਆਰ-ਸਨੇਹ ਭਰੇ ਜਜ਼ਬਿਆਂ ਦੀ ਤਰਜ਼ਮਾਨੀ ਕਰਦੇ ਇਸ ਗਾਣੇ ਨੂੰ ਬਹੁਤ ਹੀ ਉਮਦਾ ਅਤੇ ਸਦਾ ਬਹਾਰ ਰੂਪ ਵਿੱਚ ਗਾਇਆ ਗਿਆ ਹੈ ਗਾਇਕਾ ਅਫ਼ਸਾਨਾ ਖ਼ਾਨ ਵੱਲੋਂ, ਜਿਸ ਨੂੰ ਉਨਾਂ ਵੱਲੋਂ ਹੁਣ ਤੱਕ ਗਾਏ ਆਪਣੇ ਪਹਿਲੇ ਗਾਣਿਆਂ ਨੂੰ ਅਲਹਦਾ ਰੂਪ ਦੇਣ ਦੀ ਵੀ ਹਰ ਸੰਭਵ ਕੋਸ਼ਿਸ਼ ਕੀਤੀ ਗਈ ਹੈ, ਜਿਸ ਵਿੱਚ ਕਾਫ਼ੀ ਹੱਦ ਤੱਕ ਸਫ਼ਲ ਵੀ ਰਹੀ ਹੈ ਇਹ ਹੋਣਹਾਰ ਗਾਇਕਾ।
ਟੈਲੀਵਿਜ਼ਨ ਦੇ ਮੰਨੇ ਪ੍ਰਮੰਨੇ ਐਕਟਰਜ਼ ਵਿੱਚ ਆਪਣਾ ਸ਼ੁਮਾਰ ਕਰਵਾਉਂਦੇ ਅਦਾਕਾਰ ਕਰਨਵੀਰ ਬੋਹਰਾ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਦਰਸ਼ਕ ਅਤੇ ਉਨਾਂ ਦੇ ਚਾਹੁੰਣ ਵਾਲੇ ਇਸ ਪੰਜਾਬੀ ਗਾਣੇ ਵਿੱਚ ਉਨ੍ਹਾਂ ਦੀ ਕੀਤੀ ਫ਼ੀਚਰਿੰਗ ਨੂੰ ਪਸੰਦ ਕਰਨਗੇ, ਜਿਸ ਤੋਂ ਬਾਅਦ ਆਉਣ ਵਾਲੇ ਦਿਨ੍ਹਾਂ ਵਿੱਚ ਵੀ ਉਹ ਪੰਜਾਬੀ ਸੰਗੀਤ ਜਗਤ ਨਾਲ ਜੁੜੇ ਅਜਿਹੇ ਮਿਆਰੀ ਮਿਊਜ਼ਿਕ ਵੀਡੀਓਜ਼ ਪ੍ਰੋਜੈਕਟਸ਼ ਨਾਲ ਆਪਣਾ ਜੁੜਾਵ ਲਗਾਤਾਰ ਜਾਰੀ ਰੱਖਣਗੇ।
ਓਧਰ ਗਾਇਕਾ ਅਫ਼ਸਾਨਾ ਖਾਨ ਨੇ ਇਸ ਸੂਫ਼ੀ ਟੱਚ ਨਾਲ ਅੋਤ ਪੋਤ ਗਾਣੇ ਦੇ ਕੁਝ ਅਹਿਮ ਪਹਿਲੂਆਂ ਸੰਬੰਧੀ ਨਜ਼ਰਸਾਨੀ ਕਰਵਾਉਂਦਿਆਂ ਦੱਸਿਆ ਕਿ ਉਨਾਂ ਦੇ ਹਾਲੀਆਂ ਸੰਗੀਤਕ ਸਫ਼ਰ ਦੀ ਤਰ੍ਹਾਂ ਇਸ ਗਾਣੇ ਨੂੰ ਵੀ ਹਰ ਪੱਖੋਂ ਬੇਮਿਸਾਲ ਬਣਾਉਣ ਲਈ ਸਮੇਤ ਪੂਰੀ ਟੀਮ ਵੱਲੋਂ ਬਹੁਤ ਮਿਹਨਤ ਕੀਤੀ ਗਈ ਹੈ, ਜਿਸ ਦਾ ਗੀਤ ਅਤੇ ਸੰਗੀਤ ਵੀ ਕੁਝ ਵੱਖਰਾ ਅਤੇ ਚੰਗੇਰ੍ਹਾ ਸੁਣਨ ਵਾਲਿਆਂ ਨੂੰ ਪਸੰਦ ਆਵੇਗਾ।
ਪੰਜਾਬੀ ਦੇ ਨਾਲ-ਨਾਲ ਪੜ੍ਹਾਅ ਦਰ ਪੜ੍ਹਾਅ ਹਿੰਦੀ ਸੰਗੀਤ ਖੇਤਰ ਵਿੱਚ ਨਵੀਆਂ ਬੁਲੰਦੀਆਂ ਤੈਅ ਕਰਨ ਵੱਲ ਵੱਧ ਰਹੀ ਇਸ ਗਾਇਕਾ ਅਨੁਸਾਰ ਉਸ ਲਈ ਖੁਸ਼ਕਿਸਮਤੀ ਦੀ ਗੱਲ ਹੈ ਕਿ ਹੌਲੀ-ਹੌਲੀ ਬਾਲੀਵੁੱਡ ਵਿੱਚ ਵੀ ਉਸ ਦੀ ਗਾਇਕੀ ਅਤੇ ਉਸ ਨੂੰ ਪ੍ਰਵਾਣਨਤਾ ਮਿਲ ਰਹੀ ਹੈ, ਜਿਸ ਦੇ ਮੱਦੇਨਜ਼ਰ ਜਲਦ ਹੀ ਕੁਝ ਹਿੰਦੀ ਫਿਲਮਾਂ ਵਿੱਚ ਵੀ ਉਸ ਦੇ ਗਾਏ ਗਾਣੇ ਸੁਣਨ ਨੂੰ ਮਿਲਣਗੇ।