ਚੰਡੀਗੜ੍ਹ:ਰਿਐਲਿਟੀ ਸ਼ੋਅ 'ਬਿੱਗ ਬੌਸ 17' ਸ਼ੁਰੂ ਤੋਂ ਹੀ ਕਾਫੀ ਧੂਮ ਮਚਾ ਰਿਹਾ ਹੈ। ਹਾਲਾਂਕਿ ਇਹ ਦੇਖਣ ਵਿੱਚ ਆਇਆ ਹੈ ਕਿ ਸ਼ੋਅ ਦੇ ਆਖਰੀ ਦਿਨਾਂ ਵਿੱਚ ਮੀਡੀਆ ਨੂੰ ਘਰ ਦੇ ਅੰਦਰ ਬੁਲਾਇਆ ਜਾਂਦਾ ਹੈ ਪਰ ਇਸ ਵਾਰ ਮੀਡੀਆ ਨੇ ਚਾਰ ਦਿਨਾਂ ਦੇ ਅੰਦਰ ਹੀ ਘਰ ਵਿੱਚ ਆ ਕੇ ਪੱਤਰਕਾਰ ਰਹਿ ਚੁੱਕੀ ਜਿਗਨਾ ਵੋਰਾ ਨੂੰ ਤਿੱਖੇ ਸਵਾਲ ਕੀਤੇ। ਇਸ ਦੌਰਾਨ ਜਿਗਨਾ ਕਈ ਥਾਂਵਾ ਉਤੇ ਭਾਵੁਕ ਹੋਈ ਨਜ਼ਰ ਆਈ। ਘਰ ਦੇ ਅੰਦਰ ਬੈਠੇ ਸਕਰੀਨ 'ਤੇ ਉਸ ਨੂੰ ਦੇਖ ਰਹੇ ਮੁਨੱਵਰ ਫਾਰੂਕੀ ਅਤੇ ਅੰਕਿਤਾ ਲੋਖੰਡੇ ਦੀਆਂ ਵੀ ਅੱਖਾਂ 'ਚ ਹੰਝੂ ਆ ਗਏ। ਜਿਗਨਾ ਨੇ ਕਈ ਸਵਾਲਾਂ ਦੇ ਜਵਾਬ ਦਿੱਤੇ, ਉਸ ਨੇ ਇਹ ਵੀ ਖੁਲਾਸਾ ਕੀਤਾ ਕਿ ਉਸ ਦੇ ਕਿਰਦਾਰ ਉਤੇ ਉਂਗਲ ਚੁੱਕੀ ਗਈ ਸੀ।
ਤੁਹਾਨੂੰ ਦੱਸ ਦਈਏ ਕਿ ਹਾਲ ਹੀ ਵਿੱਚ ਬਿੱਗ ਬੌਸ 17 ਦਾ ਨਵਾਂ ਪ੍ਰੋਮੋ ਸਾਹਮਣੇ ਆਇਆ ਹੈ, ਇਸ ਵਿੱਚ ਇੱਕ ਪੱਤਰਕਾਰ ਨੇ ਜਿਗਨਾ ਵੋਰਾ ਨੂੰ ਪੁੱਛਿਆ, 'ਤੁਸੀਂ ਆਪਣੇ ਹਾਈ ਪ੍ਰੋਫਾਈਲ ਸੰਪਰਕਾਂ ਨੂੰ ਕਾਫੀ ਸ਼ੋਅ ਆਫ਼ ਕਰਦੇ ਹੋ, ਇਹੀ ਚੀਜ਼ ਤੁਹਾਨੂੰ ਲੈ ਡੁੱਬੀ ਹੈ।' ਇਸ ਸਵਾਲ ਦੇ ਜਵਾਬ ਵਿੱਚ ਜਿਗਨਾ ਵੋਰਾ ਨੇ ਜਵਾਬ ਦਿੱਤਾ, 'ਮੀਡੀਆ ਵਿੱਚ ਹਰ ਕਿਸੇ ਕੋਲ ਸੰਪਰਕ ਹੁੰਦੇ ਹਨ, ਕੀ ਤੁਹਾਡੇ ਕੋਲ ਨਹੀਂ ਹਨ?'
ਅਗਲਾ ਸਵਾਲ ਜਿਗਨਾ ਵੋਰਾ ਨੂੰ ਪੁੱਛਿਆ ਗਿਆ ਕਿ ਉਹ ਕਿਹੜੀਆਂ ਦੋ ਚੀਜ਼ਾਂ ਹਨ, ਜਿਨ੍ਹਾਂ ਨੂੰ ਇੰਨੇ ਸਾਲ ਬੀਤ ਜਾਣ ਦੇ ਬਾਵਜੂਦ ਤੁਸੀਂ ਭੁੱਲ ਨਹੀਂ ਸਕੇ? ਇਸ 'ਤੇ ਜਿਗਨਾ ਵੋਰਾ ਨੇ ਕਿਹਾ, 'ਜਦੋਂ ਮੇਰਾ ਬੇਟਾ ਮੈਨੂੰ ਜੇਲ੍ਹ 'ਚ ਮਿਲਣ ਆਇਆ ਤਾਂ ਉਸ ਨੇ ਮੈਨੂੰ ਕਿਹਾ, 'ਮੰਮਾ, ਤੁਸੀਂ ਇਹ ਸਭ ਕਦੇ ਨਹੀਂ ਕਰ ਸਕਦੇ। ਉਸ ਦਿਨ ਮੈਂ ਸਮਝ ਗਈ ਸੀ ਕਿ ਮੈਨੂੰ ਦੁਨੀਆਂ ਜਾਂ ਪ੍ਰੈਸ ਨੂੰ ਜਾਇਜ਼ ਠਹਿਰਾਉਣ ਦੀ ਕੋਈ ਲੋੜ ਨਹੀਂ ਹੈ।'
ਜਿਗਨਾ ਦੇ ਚਰਿੱਤਰ ਉਤੇ ਚੁੱਕੀ ਗਈ ਸੀ ਉਂਗਲੀ: ਇੱਕ ਪੱਤਰਕਾਰ ਨੇ ਪੁੱਛਿਆ, 'ਤੁਸੀਂ ਮੀਡੀਆ ਤੋਂ ਨਰਾਜ਼ ਹੋ?' ਇਸ 'ਤੇ ਜਿਗਨਾ ਨੇ ਹਾਂ ਕਿਹਾ। ਉਸ ਨੇ ਕਿਹਾ, 'ਮੈਂ ਮੀਡੀਆ ਨਾਲ ਸਬੰਧਤ ਸੀ, ਜਿਸ ਨੇ ਮੇਰੇ ਚਰਿੱਤਰ 'ਤੇ ਉਂਗਲ ਚੁੱਕੀ ਸੀ ਕਿ ਮੈਂ ਇੱਕ ਆਈਪੀਐਸ ਅਧਿਕਾਰੀ ਦੇ ਨੇੜੇ ਹਾਂ, ਦੁਖਦਾਈ ਗੱਲ ਇਹ ਹੈ ਕਿ ਮਹਿਲਾ ਸੰਪਾਦਕ ਅਤੇ ਮਹਿਲਾ ਰਿਪੋਰਟਰ ਨੇ ਖੁਦ ਕਿਹਾ ਕਿ ਜਿਗਨਾ ਸੌਂਦੀ ਹੈ ਅਤੇ ਖਬਰ ਲੈ ਜਾਂਦੀ ਹੈ। ਕੀ ਜੋ ਉਸ ਪੱਧਰ 'ਤੇ ਪਹੁੰਚਦਾ ਹੈ, ਉਹ ਸੌਣ ਨਾਲ ਪਹੁੰਚਦਾ ਹੈ? ਇਸ ਲਈ ਸ਼ਾਇਦ ਜੋ ਐਡੀਟਰ ਬਣੇ ਹਨ, ਉਹ ਵੀ ਸ਼ਾਇਦ ਇਸ ਤਰ੍ਹਾਂ ਹੀ ਬਣੇ ਹੋਣਗੇ।'
ਉਲੇਖਯੋਗ ਹੈ ਕਿ ਇਸ ਸੀਜ਼ਨ 'ਚ ਨਾਮਜ਼ਦਗੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਅਤੇ ਜ਼ਿਆਦਾਤਰ ਘਰ ਵਾਲਿਆਂ ਨੇ ਘਰ ਤੋਂ ਬੇਦਖਲ ਕਰਨ ਲਈ ਮੰਨਾਰਾ ਚੋਪੜਾ, ਅਭਿਸ਼ੇਕ ਕੁਮਾਰ ਅਤੇ ਨਵੀਦ ਸੋਲ ਦੇ ਨਾਂ ਲਏ ਹਨ। ਇਸ ਵਾਰ ਅੰਕਿਤਾ ਲੋਖੰਡੇ-ਵਿੱਕੀ ਜੈਨ, ਐਸ਼ਵਰਿਆ ਸ਼ਰਮਾ-ਨੀਲ ਭੱਟ, ਮੰਨਾਰਾ ਚੋਪੜਾ, ਈਸ਼ਾ ਮਾਲਵੀਆ, ਅਭਿਸ਼ੇਕ ਕੁਮਾਰ, ਵਿਦੇਸ਼ੀ ਮਹਿਮਾਨ ਨਾਵੇਦ ਸੋਲੇ, ਮੁਨੱਵਰ ਫਾਰੂਕੀ, ਜਿਗਨਾ ਵੋਰਾ, ਸੰਨੀ ਆਰੀਆ, ਅਨੁਰਾਗ ਡੋਵਾਲ, ਅਰੁਣ ਸ਼੍ਰੀਕਾਂਤ ਸਮੇਤ ਕੁੱਲ 17 ਮੁਕਾਬਲੇਬਾਜ਼ ਹਨ।