ਚੰਡੀਗੜ੍ਹ: ਨਵੇਂ ਸਾਲ ਨੇ ਦਸਤਕ ਦੇ ਦਿੱਤੀ ਹੈ, ਇਸ ਨਾਲ ਹੀ ਪੰਜਾਬੀ ਸਿਨੇਮਾ ਵਿੱਚ ਨਵੀਆਂ ਫਿਲਮਾਂ ਦਾ ਐਲਾਨ ਹੋਣਾ ਵੀ ਸ਼ੁਰੂ ਹੋ ਗਿਆ ਹੈ। ਇਸੇ ਸੂਚੀ ਵਿੱਚ ਅਦਾਕਾਰ ਬੱਬਲ ਰਾਏ ਅਤੇ ਸਾਰਾ ਗੁਰਪਾਲ ਦੀ ਨਵੀਂ ਫਿਲਮ 'ਲੰਬੜਾਂ ਦਾ ਲਾਣਾ' ਵੀ ਸ਼ਾਮਿਲ ਹੋ ਗਈ ਹੈ।
ਹੁਣ ਨਿਰਮਾਤਾ ਨੇ ਇਸ ਕਾਮੇਡੀ ਡਰਾਮਾ ਦਾ ਪਹਿਲਾਂ ਲੁੱਕ ਰਿਲੀਜ਼ ਕਰ ਦਿੱਤਾ ਹੈ ਅਤੇ ਨਾਲ ਹੀ ਰਿਲੀਜ਼ ਮਿਤੀ ਦਾ ਵੀ ਖੁਲਾਸਾ ਕਰ ਦਿੱਤਾ ਹੈ। ਇਸ ਫਿਲਮ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਅਦਾਕਾਰ-ਗਾਇਕ ਬੱਬਲ ਰਾਏ ਨੇ ਆਪਣੇ ਇੰਸਟਾਗ੍ਰਾਮ ਉਤੇ ਪੋਸਟ ਸਾਂਝੀ ਕੀਤੀ ਹੈ ਅਤੇ ਲਿਖਿਆ ਹੈ, 'ਫਿਲਮ ਲੰਬੜਾਂ ਦਾ ਲਾਣਾ ਦਾ ਪੋਸਟਰ ਸਾਂਝਾ ਕਰਦੇ ਹੋਏ ਕਾਫੀ ਖੁਸ਼ੀ ਹੈ। ਬਹੁਤ ਸੋਹਣੀ ਫਿਲਮ ਬਣਾਈ ਆ...ਮੈਨੂੰ ਉਮੀਦ ਆ ਤੁਹਾਨੂੰ ਵਧੀਆ ਲੱਗੂ, ਸੋ ਰਿਲੀਜ਼ ਮਿਤੀ 26 ਜਨਵਰੀ 2024।' ਪੋਸਟਰ ਵਿੱਚ ਕਾਫੀ ਮੰਝੇ ਹੋਏ ਕਲਾਕਾਰ ਨਜ਼ਰ ਆ ਰਹੇ ਹਨ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਫਿਲਮ ਦੀ ਵੰਨਗੀ ਕਾਮੇਡੀ ਹੈ।
ਤੁਹਾਨੂੰ ਦੱਸ ਦਈਏ ਕਿ 'ਲੰਬੜਾਂ ਦਾ ਲਾਣਾ' ਨੂੰ ਪ੍ਰਤਿਭਾਸ਼ਾਲੀ ਫਿਲਮ ਨਿਰਦੇਸ਼ਕ ਤਾਜ ਨੇ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਹੈ। ਇਸ ਫਿਲਮ ਦੇ ਨਿਰਮਾਤਾਵਾਂ ਦੀ ਗੱਲ ਕਰੀਏ ਤਾਂ ਇਹ ਫਿਲਮ 'ਫਾਇਰ ਮੋਨਿਕਾ ਮਲਟੀ ਮੀਡੀਆ' ਦੁਆਰਾ ਪੇਸ਼ ਕੀਤੀ ਗਈ ਹੈ। 'ਲੰਬੜਾਂ ਦਾ ਲਾਣਾ' 26 ਜਨਵਰੀ 2024 ਨੂੰ ਸਿਨੇਮਾਘਰਾਂ 'ਚ ਦਸਤਕ ਦੇਣ ਜਾ ਰਹੀ ਹੈ।
ਉਲੇਖਯੋਗ ਹੈ ਕਿ ਇਸ ਫਿਲਮ ਦੀ ਅਦਾਕਾਰਾ ਸਾਰਾ ਗੁਰਪਾਲ ਪਿਛਲੀ ਵਾਰ ਫਿਲਮ 'ਸ਼ਾਵਾ ਨੀ ਗਿਰਧਾਰੀ ਲਾਲ' ਵਿੱਚ ਨਜ਼ਰ ਆਈ ਸੀ, ਦੂਜੇ ਪਾਸੇ ਬੱਬਲ ਰਾਏ ਆਪਣੇ ਕੰਮ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕਰਨ ਵਿੱਚ ਕਦੇ ਵੀ ਅਸਫਲ ਨਹੀਂ ਹੁੰਦਾ। ਉਹ ਪਿਛਲੀ ਵਾਰ 2022 'ਚ ਰਿਲੀਜ਼ ਹੋਈ ਫਿਲਮ 'ਪੋਸਤੀ' 'ਚ ਨਜ਼ਰ ਆਇਆ ਸੀ। ਫਿਲਮ 'ਚ ਸਾਰਾ ਗੁਰਪਾਲ, ਬੱਬਲ ਰਾਏ, ਅਨੀਤਾ ਦੇਵਗਨ, ਵਿਸ਼ਾਲ ਸੈਣੀ, ਸਰਦਾਰ ਸੋਹੀ, ਨਿਰਮਲ ਰਿਸ਼ੀ, ਮਲਕੀਤ ਰੌਣੀ, ਹਾਰਬੀ ਸੰਘਾ, ਸੁਖਵਿੰਦਰ ਚਾਹਲ, ਗੁਰਪ੍ਰੀਤ ਭੰਗੂ, ਨੇਹਾ ਦਿਆਲ ਸਮੇਤ ਹੋਰ ਵੀ ਕਾਫੀ ਕਲਾਕਾਰ ਨਜ਼ਰ ਆਉਣਗੇ।