ਚੰਡੀਗੜ੍ਹ:ਲੋਕ-ਗਾਇਕ ਅਤੇ ਪੰਜਾਬੀ ਸਿਨੇਮਾ ਦੇ ਅਦਾਕਾਰ ਹਰਭਜਨ ਮਾਨ ਦੇ ਹੋਣਹਾਰ ਬੇਟੇ ਅਵਕਾਸ਼ ਮਾਨ ਪਿਛਲੇ ਕਾਫ਼ੀ ਸਮੇਂ ਤੋਂ ਪੰਜਾਬੀ ਸੰਗੀਤਕ ਖੇਤਰ ਵਿਚ ਸਥਾਪਤੀ ਲਈ ਸੰਘਰਸ਼ਸ਼ੀਲ ਹਨ, ਜੋ ਆਪਣੇ ਦੋ ਗੀਤ ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਸਨਮੁੱਖ ਹੋਣ ਜਾ ਰਹੇ ਹਨ। ਉਕਤ ਗੀਤ ਨੂੰ ਗਾਉਣ ਦੇ ਨਾਲ ਨਾਲ ਇਸ ਦੀ ਰਚਨਾ ਅਤੇ ਕੰਪੋਜੀਸ਼ਨ ਵੀ ਅਵਕਾਸ਼ ਮਾਨ ਦੀ ਹੈ, ਜਦਕਿ ਸੰਗੀਤ ਮਰਸ਼ੀ ਦੁਆਰਾ ਸੰਗੀਤਬੱਧ ਕੀਤਾ ਗਿਆ ਹੈ।
ਨੌਜਵਾਨ ਵਰਗ ਦੀਆਂ ਤਰਜ਼ਮਾਨੀ ਕਰਦੇ ਇੰਨ੍ਹਾਂ ਗਾਣਿਆਂ ਦੇ ਮਿਊਜ਼ਿਕ ਵੀਡੀਓਜ਼ ਕ੍ਰਮਵਾਰ ਏਐਨ ਐਵੇਕਸ ਫ਼ਿਲਮਜ਼, ਸੁੱਖ ਢਿੱਲੋਂ ਅਤੇ ਸ਼ੇਰਾ ਵੱਲੋਂ ਫ਼ਿਲਮਾਏ ਗਏ ਹਨ, ਜਿੰਨ੍ਹਾਂ ਦੀ ਸ਼ੂਟਿੰਗ ਪੰਜਾਬ ਦੀਆਂ ਵੱਖ-ਵੱਖ ਮਨਮੋਹਕ ਲੋਕੇਸ਼ਨਜ਼ 'ਤੇ ਮੁਕੰਮਲ ਕੀਤੀ ਗਈ ਹੈ। ਕੈਨੇਡਾ ਵਿਖੇ ਜੰਮੇ ਪਲੇ ਅਤੇ ਆਪਣੀ ਪੜ੍ਹਾਈ ਵੀ ਉੱਥੇ ਹੀ ਸੰਪੂਰਨ ਕਰਨ ਵਾਲੇ ਸੋਹਣੇ ਸੁਨੱਖੇ ਨੌਜਵਾਨ ਗਾਇਕ ਅਵਕਾਸ਼ ਮਾਨ ਦੇਸੀ ਅਤੇ ਵਿਦੇਸ਼ੀ ਮਿਊਜ਼ਿਕ ਦੀ ਉਮਦਾ ਸਮਝ ਅਤੇ ਮੁਹਾਰਤ ਰੱਖਦੇ ਹਨ, ਜੋ ਬਚਪਨ ਸਮੇਂ ਤੋਂ ਹੀ ਸੰਗੀਤਕ ਖੇਤਰ ਵਿਚ ਆਪਣੇ ਪਿਤਾ ਅਤੇ ਚਾਚਾ ਗੁਰਸੇਵਕ ਮਾਨ ਵਾਂਗ ਆਪਣਾ ਅਲੱਗ ਮੁਕਾਮ ਬਣਾਉਣ ਦੀ ਚਾਹ ਰੱਖਦੇ ਆ ਰਹੇ ਹਨ।
ਆਪਣੇ ਪਿਤਾ ਹਰਭਜਨ ਮਾਨ ਨੂੰ ਗਾਇਕੀ ਵਿਚ ਆਪਣਾ ਆਇਡਅਲ ਮੰਨਣ ਵਾਲੇ ਅਵਕਾਸ਼ ਮਾਨ ਅਨੁਸਾਰ ਉਨਾਂ ਦੇ ਪਿਤਾ ਆਪਣੇ ਸ਼ੁਰੂਆਤੀ ਗਾਇਕੀ ਸਫ਼ਰ ਤੋਂ ਲੈ ਕੇ ਹੁਣ ਤੱਕ ਮਿਆਰੀ ਗੀਤਕਾਰੀ ਨਾਲ ਅੋਤ ਪੋਤ ਗਾਇਕੀ ਨੂੰ ਤਰਜ਼ੀਹ ਦਿੰਦੇ ਆ ਰਹੇ ਹਨ ਅਤੇ ਉਨ੍ਹਾਂ ਦੀ ਤਰ੍ਹਾਂ ਹੀ ਉਹ ਵੀ ਇਸ ਖੇਤਰ ਵਿਚ ਨਿਵੇਕਲੀਆਂ ਪੈੜ੍ਹਾ ਸਿਰਜਣ ਲਈ ਲਗਾਤਾਰ ਯਤਨਸ਼ੀਲ ਰਹਿਣਗੇ।
ਉਨ੍ਹਾਂ ਦੱਸਿਆ ਕਿ ਚੰਗੇਰ੍ਹਾ ਗਾਉਣ ਅਤੇ ਫ਼ਿਲਮਾਉਣ ਦੀ ਕਵਾਇਦ ਅਧੀਨ ਹੀ ਸਾਹਮਣੇ ਆਉਣ ਜਾ ਰਹੇ ਉਨ੍ਹਾਂ ਦੇ ਇਹ ਨਵੇਂ ਗਾਣੇ, ਜੋ ਪਰਿਵਾਰ ਵਿੱਚ ਇਕੱਠਿਆ ਬੈਠ ਕੇ ਸੁਣੇ ਅਤੇ ਵੇਖੇ ਜਾ ਸਕਦੇ ਹਨ। ਜੇਕਰ ਇਸ ਹੋਣਹਾਰ ਗਾਇਕ ਦੇ ਹਾਲੀਆ ਗਾਇਕੀ ਕਰੀਅਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਉਸ ਵੱਲੋਂ ਪੰਜਾਬੀ ਸੰਗੀਤਕ ਮਾਰਕੀਟ ਵਿਚ ਜਾਰੀ ਕੀਤੇ ਜਾ ਚੁੱਕੇ ਗਾਣਿਆ ਵਿਚ ਅਕਾਸ਼ਰਾਤ ਫ਼ਿਲਮਜ਼ ਅਧੀਨ ਜਾਰੀ ਕੀਤੇ ਜਾ ਚੁੱਕੇ ਗਾਣਿਆ ਵਿਚ ‘ਯਕੀਨ’, ‘ਲਾਈਕ ਯੂ’, ‘ਕਾਲਾ ਟਿੱਕਾ’, ‘ਤੇਰੀ ਯਾਦ’, ’ਫ਼ਾਲਟ’, ‘ਖ਼ਾਬਾਂ ਮੇਰਿਆ ਵਿਚ ਆਵੇ ਤੂੰ’, ‘ਤੇਰੇ ਨਾਲ’, ‘ਐਨਾ ਸੋਹਣਾ’, ‘ਜੱਟ ਦੀ ਸਟਾਰ’, ‘ਡਰੀਮਜ਼’ ਆਦਿ ਸ਼ਾਮਿਲ ਰਹੇ ਹਨ, ਜਿੰਨ੍ਹਾਂ ਦੇ ਬੋਲਾ ਅਤੇ ਕੈਨੇਡਾ ਅਤੇ ਹੋਰਨਾਂ ਵਿਦੇਸ਼ੀ ਲੋਕੇਸ਼ਨਜ਼ 'ਤੇ ਫ਼ਿਲਮਾਏ ਗਏ ਸ਼ਾਨਦਾਰ ਮਿਊਜ਼ਿਕ ਵੀਡੀਓਜ਼ ਨੂੰ ਸਰੋਤਿਆਂ ਅਤੇ ਦਰਸ਼ਕਾਂ ਵੱਲੋਂ ਖਾਸਾ ਪਸੰਦ ਕੀਤਾ ਗਿਆ ਹੈ।
ਆਪਣੇ ਨਵੇਂ ਰਿਲੀਜ਼ ਹੋ ਜਾ ਰਹੇ ਗਾਣਿਆਂ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਗਾਇਕ ਅਵਕਾਸ਼ ਮਾਨ ਅਨੁਸਾਰ ਹੁਣ ਤੱਕ ਦੇ ਗਾਇਕੀ ਸਫ਼ਰ ਦੀ ਤਰ੍ਹਾਂ ਅੱਗੇ ਵੀ ਉਨਾਂ ਦੀ ਕੋਸ਼ਿਸ਼ ਅਜਿਹੀ ਗਾਇਕੀ ਕਰਨ ਦੀ ਰਹੇਗੀ, ਜਿਸ ਨਾਲ ਉਸ ਦਾ ਪਰਿਵਾਰ ਹੀ ਨਹੀਂ ਬਲਕਿ ਹਰ ਪੰਜਾਬੀ ਉਸ 'ਤੇ ਫ਼ਖਰ ਮਹਿਸੂਸ ਕਰ ਸਕੇ। ਉਨਾਂ ਦੱਸਿਆ ਕਿ ਵਿਦੇਸ਼ ਦਾ ਜੰਮਪਲ ਅਤੇ ਉਥੇ ਹੀ ਸਟੱਡੀ ਕਰਨ ਦੇ ਬਾਵਜੂਦ ਉਸ ਦਾ ਆਪਣੇ ਪਿਤਾ ਪੁਰਖਿਆਂ ਦੀ ਧਰਤੀ ਪੰਜਾਬ ਖਾਸ ਕਰ ਆਪਣੇ ਪਿੰਡ ਨਾਲ ਜੁੜੀਆਂ ਜੜ੍ਹਾਂ ਨਾਲ ਹਮੇਸ਼ਾ ਅਟੁੱਟ ਨਾਤਾ ਰਿਹਾ ਹੈ, ਜਿਸ ਦੇ ਮੱਦੇਨਜ਼ਰ ਅੱਜਕੱਲ੍ਹ ਉਹ ਕੈਨੈਡਾ ਦੀ ਬਜਾਏ ਆਪਣੇ ਦਾਦਕਿਆਂ ਦੇ ਪਿੰਡ ਵਿਚ ਵੀ ਰਹਿਣਾ ਜਿਆਦਾ ਪਸੰਦ ਕਰਦਾ ਹੈ।