ਚੰਡੀਗੜ੍ਹ: ਹਾਲੀਆ ਦਿਨ੍ਹੀਂ ਰਿਲੀਜ਼ ਹੋਈ ਅਤੇ ਆਪਣੇ ਨਿਵੇਕਲੇ ਉਮਦਾ ਮੁਹਾਂਦਰੇ, ਬੇਹਤਰੀਨ ਨਿਰਦੇਸ਼ਨ ਅਤੇ ਸ਼ਾਨਦਾਰ ਸੈੱਟਅੱਪ ਅਧੀਨ ਚੌਖੀ ਸਲਾਹੁਤਾ ਹਾਸਿਲ ਕਰ ਰਹੀ ਪੰਜਾਬੀ ਫਿਲਮ ‘ਮੌੜ‘ ਨੂੰ ਚਾਰ ਚੰਨ ਲਾਉਣ ਵਿਚ ਇਸ ਫਿਲਮ ਦੇ ਨੌਜਵਾਨ ਕਲਾ ਨਿਰਦੇਸ਼ਕ ਕਾਜ਼ੀ ਰਫੀਕ ਅਲੀ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ ਹੈ, ਜਿੰਨ੍ਹਾਂ ਵੱਲੋਂ ਤਿਆਰ ਕੀਤੇ ਇਸ ਫਿਲਮ ਦੇ ਸੈੱਟਸ ਅਤੇ ਆਰਟ ਕਾਰਜ ਦੀ ਹਰ ਫਿਲਮੀ ਸ਼ਖ਼ਸੀਅਤ ਅਤੇ ਦਰਸ਼ਕਾਂ ਵੱਲੋਂ ਰੱਜਵੀਂ ਪ੍ਰਸੰਸ਼ਾ ਕੀਤੀ ਜਾ ਰਹੀ ਹੈ।
ਮੂਲ ਰੂਪ ਵਿਚ ਕੋਲਕੱਤਾ ਦੇ ਇਕ ਛੋਟੇ ਜਿਹੇ ਪਿੰਡ ਸਲਾਈਦਾਹਾ ਨਾਲ ਸੰਬੰਧਤ ਇਸ ਪ੍ਰਤਿਭਾਵਾਨ ਕਲਾ ਨਿਰਦੇਸ਼ਕ ਨੇ ਆਪਣੇ ਹੁਣ ਤੱਕ ਦੇ ਜੀਵਨ ਅਤੇ ਫਿਲਮੀ ਸਫ਼ਰ ਵੱਲ ਨਜ਼ਰਸਾਨੀ ਕਰਵਾਉਂਦਿਆਂ ਦੱਸਿਆ ਕਿ ਉਹ ਬਚਪਨ ਸਮੇਂ ਤੋਂ ਸਿਨੇਮਾ ਖੇਤਰ ਨਾਲ ਜੁੜਨ ਦੀ ਤਾਂਘ ਮਨ ਵਿਚ ਰੱਖਣ ਲੱਗ ਪਏ ਸਨ, ਜਿਸ ਦੇ ਚਲਦਿਆਂ ਉਨਾਂ ਡਰਾਇੰਗ ’ਚ ਆਪਣੀ ਰੁਚੀ ਨੂੰ ਹੋਰ ਪਰਪੱਕਤਾ ਦੇਣ ਦਾ ਫ਼ੈਸਲਾ ਕੀਤਾ ਅਤੇ ਇਸੇ ਮੱਦੇਨਜ਼ਰ ਆਪਣੀ ਪੜ੍ਹਾਈ ਰਵਿੰਦਰਾ ਭਾਰਤੀ ਯੂਨੀਵਰਸਿਟੀ ’ਚ ਆਰਟ ਐਂਡ ਕਰਾਫ਼ਟ ਵਿਸ਼ੇ ’ਚ ਪੂਰੀ ਕਰਦਿਆਂ ਇੱਥੋਂ ਹੀ ਐਮਬੀਏ ਵੀ ਕੀਤੀ।
ਉਨ੍ਹਾਂ ਅੱਗੇ ਦੱਸਿਆ ਕਿ ਸਟੱਡੀ ਉਪਰੰਤ ਉਨਾਂ ਕੋਲਕੱਤਾ ਸਿਨੇਮਾ ਖੇਤਰ ਵਿਚ ਆਪਣੇ ਸਫ਼ਰ ਦੀ ਸ਼ੁਰੂਆਤ ਕਰਦਿਆਂ ਬੰਗਾਲੀ ਫਿਲਮ 'ਮੇਮ ਸਾਹਿਬ', ਬੰਗਾਲੀ ਟੀ.ਵੀ ਸ਼ੋਅ 'ਝਲਕ ਦਿਖਲਾ ਜਾ', 'ਨਿਮਕੀ' ਕਲਰਜ਼ ਆਦਿ ਕੀਤੇ, ਜਿਸ ਦੌਰਾਨ ਕੀਤੇ ਜਾ ਰਹੇ ਕਲਾ ਕਾਰਜਾਂ ਨੂੰ ਹੌਂਸਲਾ ਅਫ਼ਜਾਈ ਮਿਲੀ ਤਾਂ ਸਾਲ 2012 ਵਿਚ ਮੁੰਬਈ ਨਗਰੀ ਆਣ ਡੇਰੇ ਲਾਏ।
ਉਨ੍ਹਾਂ ਦੱਸਿਆ ਕਿ ਮਾਇਆਨਗਰੀ ਮੁੰਬਈ ਵਿਚ ਸੰਘਰਸ਼ਸ਼ੀਲ ਰਹਿੰਦਿਆਂ ਉਨਾਂ ਪਹਿਲਾਂ ਟੀ.ਵੀ 'ਸ਼ੋਅ ਝਲਕ ਦਿਖਲਾ ਜਾ' ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਫਿਰ ਪਿੱਛੇ ਮੁੜ੍ਹ ਕੇ ਨਹੀਂ ਵੇਖਣਾ ਪਿਆ। ਮੁੰਬਈ ਨਗਰੀ ਵਿਚ ਪੜ੍ਹਾਅ ਦਰ ਪੜ੍ਹਾਅ ਵੱਖਰੀ ਪਹਿਚਾਣ ਅਤੇ ਅਹਿਮ ਮੁਕਾਮ ਹਾਸਿਲ ਕਰਦੇ ਜਾ ਰਹੇ ਟੈਲੇਂਟਡ ਕਾਜ਼ੀ ਰਫੀਕ ਅਲੀ ਨੇ ਪੰਜਾਬੀ ਸਿਨੇਮਾ ਨਾਲ ਜੁੜੇ ਆਪਣੇ ਪਹਿਲੇ ਸਬੱਬ ਅਤੇ ਕੀਤੇ ਕਾਰਜਾਂ ਸੰਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬੀ ਫਿਲਮ ਇੰਡਸਟਰੀ ਵਿਚ ਉਨਾਂ ਦਾ ਆਗਾਜ਼ ਲਹੌਰੀਏ ਨਾਲ ਅਸੋਸੀਏਟ ਕਲਾ ਨਿਰਦੇਸ਼ਕ ਦੇ ਤੌਰ 'ਤੇ ਹੋਇਆ, ਜਿਸ ਤੋਂ ਬਾਅਦ ਅਜ਼ਾਦ ਕਲਾ ਨਿਰਦੇਸ਼ਕ ਉਨਾਂ ਪੰਜਾਬੀ ਫਿਲਮ ਸਟਾਰ ਅਮਰਿੰਦਰ ਗਿੱਲ ਦੇ ਘਰੇਲੂ ਪ੍ਰੋਡੋਕਸ਼ਨ ਹਾਊਸ ‘ਰਿਦਮ ਬੁਆਏਜ਼’ ਦੀਆਂ ਕਈ ਵੱਡੀਆਂ ਫਿਲਮਾਂ ਕਰਨ ਦਾ ਮਾਣ ਹਾਸਿਲ ਕੀਤਾ, ਜਿੰਨ੍ਹਾਂ ਵਿਚ 'ਚੱਲ ਮੇਰਾ ਪੁੱਤ', 'ਗੋਲਕ ਬੁਗਨੀ ਬੈਂਕ ਤੇ ਬਟੂਆ', 'ਛੱਲਾ ਮੁੜ ਕੇ ਨੀਂ ਆਇਆ' ਆਦਿ ਕੀਤੀਆਂ, ਜਿਸ ਨਾਲ ਉਨਾਂ ਦਾ ਗ੍ਰਾਫ਼ ਅਤੇ ਰੁਤਬਾ ਅਜਿਹਾ ਬਣਿਆ, ਜਿਸ ਸੰਬੰਧੀ ਖੁਸ਼ੀ ਦਾ ਅਹਿਸਾਸ ਉਹ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੇ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀਆਂ ਹੋਰਨਾਂ ਪੰਜਾਬੀ ਫਿਲਮਾਂ ਵਿਚ 'ਕਾਲਾ ਸ਼ਾਹ ਕਾਲਾ', 'ਦੂਰਬੀਨ', 'ਮੈਂ ਵਿਆਹ ਨੀਂ ਕਰਵਾਉਣਾ ਤੇਰੇ ਨਾਲ', 'ਸੁਰਖ਼ੀ ਬਿੰਦੀ', 'ਅੜਬ ਮੁਟਿਆਰਾਂ' ਆਦਿ ਸ਼ਾਮਿਲ ਰਹੀਆਂ ਹਨ।