ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਦੇ ਉੱਚਕੋਟੀ ਅਤੇ ਬੇਹਤਰੀਨ ਗਾਇਕਾਂ ਅਤੇ ਗੀਤਕਾਰਾਂ ਵਿੱਚ ਆਪਣਾ ਸ਼ੁਮਾਰ ਕਰਵਾਉਣ ਵਿੱਚ ਸਫਲ ਰਹੇ ਸਨ ਮਰਹੂਮ ਗਾਇਕ ਰਾਜ ਬਰਾੜ, ਜਿੰਨਾਂ ਦੀ ਨਿੱਘੀ ਯਾਦ ਨੂੰ ਸਮਰਪਿਤ ਇੱਕ ਵਿਸ਼ੇਸ਼ ਸ਼ਰਧਾਂਜਲੀ ਸਮਾਰੋਹ ਦਾ ਆਯੋਜਨ 3 ਜਨਵਰੀ ਨੂੰ ਉਨਾਂ ਦੇ ਜੱਦੀ ਪਿੰਡ ਮੱਲਕੇ ਵਿਖੇ ਕੀਤਾ ਜਾ ਰਿਹਾ ਹੈ, ਜਿਸ ਵਿੱਚ ਉਨਾਂ ਦੇ ਪੂਰੇ ਪਰਿਵਾਰ ਤੋਂ ਇਲਾਵਾ ਵੱਡੀ ਤਾਦਾਦ ਵਿੱਚ ਉਨਾਂ ਦੀ ਗਾਇਕੀ ਨੂੰ ਪਸੰਦ ਕਰਨ ਵਾਲੇ ਵੀ ਉਪਸਥਿਤ ਹੋਣਗੇ।
ਉਨਾਂ ਦੇ ਪਰਿਵਾਰ ਅਨੁਸਾਰ ਉਨਾਂ ਦੇ ਬੇਵਕਤੀ ਵਿਛੋੜੇ ਬਾਅਦ ਹਰ ਸਾਲ ਉਨਾਂ ਦੀ ਯਾਦ ਵਿੱਚ ਸਹਿਜ ਪਾਠ ਕਰਵਾਇਆ ਜਾਂਦਾ ਹੈ, ਜਿਸ ਦੌਰਾਨ ਲੋੜਵੰਦਾਂ ਦੀ ਕਿਸੇ ਨਾ ਕਿਸੇ ਤਰੀਕੇ ਮਦਦ ਵੀ ਕੀਤੀ ਜਾਂਦੀ ਹੈ, ਜਿਵੇਂ ਕਿ ਪਿਛਲੇ ਕੁਝ ਸਾਲਾਂ ਤੋਂ ਅੱਖਾਂ ਦਾ ਮੁਫਤ ਕੈਂਪ ਲਗਾ ਮਾਹਰ ਡਾਕਟਰਾਂ ਦੀ ਸਲਾਹ ਨਾਲ ਜ਼ਰੂਰਤਮੰਦ ਮਰੀਜ਼ਾਂ ਨੂੰ ਐਨਕਾਂ ਅਤੇ ਦਵਾਈਆਂ ਵੀ ਮੁਹੱਈਆ ਕਰਵਾਈਆਂ ਜਾਂਦੀਆਂ ਸੀ, ਪਰ ਇਸ ਸਾਲ ਕਿਸੇ ਵਜਾਹ ਕਰਕੇ ਇਹ ਨਹੀਂ ਕਰ ਰਹੇ, ਪਰ ਉਨਾਂ ਦੀ ਯਾਦ ਵਿੱਚ ਸਰਕਾਰੀ ਪ੍ਰਇਮਰੀ ਸਕੂਲ ਮੱਲਕੇ ਦੇ ਬੱਚਿਆਂ ਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਕਰਨ ਦਾ ਹਰ ਸੰਭਵ ਉਪਰਾਲਾ ਜ਼ਰੂਰ ਕੀਤਾ ਜਾਵੇਗਾ।
ਇਸੇ ਸੰਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਪਰਿਵਾਰ ਵਾਲਿਆਂ ਨੇ ਕਿਹਾ ਕਿ ਇਸ ਦਿਨ ਕਰਵਾਏ ਜਾਣ ਵਾਲੇ ਸਮਾਰੋਹ ਦੀ ਸ਼ੁਰੂਆਤ ਸਮਾਧ ਬਾਬਾ ਘਮੰਡ ਦਾਸ ਪਿੰਡ ਮੱਲਕੇ ਵਿਖੇ ਸਵੇਰੇ 10 ਵਜੇ ਪਾਏ ਜਾਣ ਵਾਲੇ ਸ਼੍ਰੀ ਸਹਿਜ ਪਾਠ ਦੇ ਭੋਗ ਨਾਲ ਕੀਤੀ ਜਾਵੇਗੀ, ਜਿਸ ਵਿੱਚ ਉਨਾਂ ਦੀ ਸੁਪਤਨੀ ਬਲਵਿੰਦਰ ਕੌਰ ਬਰਾੜ, ਬੇਟੀ ਸਵੀਤਾਜ ਬਰਾੜ ਵੀ ਸ਼ਾਮਿਲ ਰਹੇਗੀ, ਜੋ ਅੱਜ ਪੰਜਾਬੀ ਸਿਨੇਮਾ ਅਤੇ ਸੰਗੀਤ ਜਗਤ ਵਿੱਚ ਆਪਣੇ ਪਿਤਾ ਵਾਂਗ ਵਿਲੱਖਣ ਅਤੇ ਸਫ਼ਲ ਪਹਿਚਾਣ ਸਥਾਪਿਤ ਕਰ ਲੈਣ ਦਾ ਰਾਹ ਬਹੁਤ ਤੇਜੀ ਨਾਲ ਸਰ ਕਰ ਰਹੀ ਹੈ।