ਚੰਡੀਗੜ੍ਹ: ਪੰਜਾਬੀ ਦੀ ਸੰਗੀਤਕ ਦੁਨੀਆਂ ਵਿਚ ਵਿਲੱਖਣ ਅਤੇ ਸਫ਼ਲ ਮੁਕਾਮ ਰੱਖਦੀ ਰਹੀ ਗਾਇਕ ਜੋੜੀ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਦੇ ਜੀਵਨ ਅਤੇ ਕਰੀਅਰ ਨਾਲ ਸਬੰਧਤ ਇੱਕ ਬਾਇਓਪਿਕ ਬਣ ਜਾ ਰਹੀ ਹੈ, ਇਸ ਵਿਚ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਗਾਇਕ ਚਮਕੀਲਾ ਅਤੇ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਗਾਇਕਾ ਅਮਰਜੋਤ ਦਾ ਕਿਰਦਾਰ ਅਦਾ ਨਿਭਾਉਂਦੇ ਨਜ਼ਰ ਆਉਣਗੇ।
ਮੁੰਬਈ ਦੇ ਫ਼ਿਲਮਸਿਟੀ ਸਟੂਡਿਓ ਵਿਖੇ ਹਾਲ ਹੀ ਵਿਚ ਇਸ ਫ਼ਿਲਮ ਦਾ ਸੱਤ ਰੋਜ਼ਾ ਪਹਿਲਾ ਸ਼ਡਿਊਲ ਖਤਮ ਕਰ ਲਿਆ ਗਿਆ ਹੈ, ਜਿਸ ਵਿਚ ਮੁੱਖ ਕਲਾਕਾਰਾਂ ਸਮੇਤ ਸੰਦੀਪ ਕਪੂਰ ਜਿਹੇ ਫ਼ਿਲਮ ਦੇ ਹੋਰ ਕਈ ਕਲਾਕਾਰਾਂ ਨੇ ਭਾਗ ਲਿਆ।
ਫ਼ਿਲਮ ਨਾਲ ਜੁੜੇ ਸੂਤਰਾਂ ਅਨੁਸਾਰ ਇਸ ਫ਼ਿਲਮ ਵਿਚ ਆਪਣੇ ਆਪਣੇ ਕਿਰਦਾਰਾਂ ਨੂੰ ਅਸਲੀਜਾਮਾ ਪਹਿਨਾਉਣ ਲਈ ਦਿਲਜੀਤ ਦੁਸਾਂਝ ਅਤੇ ਪਰਿਣੀਤੀ ਚੋਪੜਾ ਵੱਲੋਂ ਕਈ ਵਰਕਸ਼ਾਪਾਂ ਵੀ ਲਗਾਈਆਂ ਗਈਆਂ ਹਨ ਤਾਂ ਕਿ ਭੂਮਿਕਾਵਾਂ ਨਾਲ ਪੂਰਾ ਇਨਸਾਫ਼ ਕੀਤਾ ਜਾ ਸਕੇ।
ਪੰਜਾਬੀ ਸੰਗੀਤ ਜਗਤ ਵਿਚ ਨਾ ਮਿਟਣ ਯੋਗ ਪੈੜ੍ਹਾ ਸਥਾਪਿਤ ਕਰ ਚੁੱਕੀ ਇਸ ਗਾਇਕ ਜੋੜੀ ਦਾ 8 ਮਾਰਚ 1988 ਨੂੰ ਬਹੁਤ ਹੀ ਬੇਰਹਮੀ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਿੰਨ੍ਹਾਂ ਵੱਲੋਂ ਗਾਏ ਬਹੁਤ ਸਾਰੇ ਗੀਤ ‘ਟਕੂਆ ਤੇ ਟਕੂਆ’, ‘ਪਹਿਲੇ ਲਲਕਾਰੇ ਨਾਲ’, ‘ਤਲਵਾਰ ਮੈਂ ਕਲਗੀਧਰ ਹਾਂ’ , ‘ਧੋਖਾ ਨਹੀਂ ਕਮਾਈਦਾ’, ‘ਕੰਨ ਕਰ ਗਲ ਸੁਣ ਮੱਖਣਾ' ਆਦਿ ਅੱਜ ਵੀ ਲੋਕਮਨ੍ਹਾਂ ਵਿਚ ਆਪਣਾ ਵਿਸ਼ੇਸ਼ ਅਤੇ ਨਾ ਭੁਲਣ ਯੋਗ ਅਸਰ ਰੱਖਦੇ ਹਨ।
ਨਿਰਦੇਸ਼ਕ ਇਮਤਿਆਜ਼ ਅਲੀ ਨੇ ਆਪਣੀ ਇਸ ਨਵੀਂ ਫ਼ਿਲਮ ਨੂੰ ਹਕੀਕਤ ਦੇ ਨੇੜ੍ਹੇ ਰੱਖਣ ਲਈ ਕਾਫ਼ੀ ਮਿਹਨਤ ਕੀਤੀ ਹੈ, ਜਿੰਨ੍ਹਾਂ ਵਿਚ ਫ਼ਿਲਮ ਸ਼ੁਰੂ ਕੀਤੇ ਜਾਣ ਤੋਂ ਪਹਿਲਾ ਪੰਜਾਬ ਦੀਆਂ ਕਈ ਫ਼ੇਰੀਆਂ ਕੀਤੀਆਂ ਗਈਆਂ ਅਤੇ ਜੋੜ੍ਹੀ ਦੇ ਜੀਵਨਕਾਲ ਦੇ ਹਰ ਪਹਿਲੂ ਨੂੰ ਬਾਰੀਕੀ ਨਾਲ ਜਾਣਨ ਸਮਝਨ ਦੀ ਕੋਸ਼ਿਸ਼ ਕੀਤੀ।
ਪੰਜਾਬ ਵਿਚਲੇ ਸ਼ੂਟਿੰਗ ਹਿੱਸੇ ਨੂੰ ਸੁਪਰਵਿਜ਼ਨ ਕਰਨ ਜਾ ਰਹੀਆਂ ਫ਼ਿਲਮ ਟੀਮਾਂ ਜਿੰਨ੍ਹਾਂ ਵਿਚ ਦਰਸ਼ਨ ਔਲਖ ਪ੍ਰੋਡੋਕਸ਼ਨ ਕੰਪਨੀ ਵੀ ਅਹਿਮ ਹੈ, ਵੱਲੋਂ ਆਪਣੀਆਂ ਆਪਣੀਆਂ ਕਾਸਟਿੰਗ, ਪ੍ਰੋਡੋਕਸ਼ਨ, ਲੋਕੇਸ਼ਨ ਹੈਂਡਲਿੰਗ ਜਿੰਮੇਵਾਰੀਆਂ ਨਿਭਾਉਣ 'ਚ ਜੁਟ ਚੁੱਕੀਆਂ ਹਨ, ਜਿਸ ਅਧੀਨ ਪੰਜਾਬ ਵਿਚਲੇ ਕਈ ਕਲਾਕਾਰਾਂ ਨੂੰ ਵੀ ਇਸ ਵਿਚ ਸ਼ਾਮਿਲ ਕੀਤਾ ਜਾ ਰਿਹਾ ਹੈ। ਪੰਜਾਬੀ ਦੀ ਇਹ ਵਿਸ਼ੇਸ ਜੋੜੀ ਦੇ ਜੀਵਨ ਦਾ ਇੰਝ ਫਿਲਮ ਦਾ ਰੂਪ ਧਾਰਨ ਕਰਨਾ ਪੰਜਾਬੀਆਂ ਲ਼ਈ ਮਾਣ ਵਾਲੀ ਗੱਲ਼ ਹੈ।
ਇਹ ਵੀ ਪੜ੍ਹੋ:Singer SHREE BRAR: ਪੰਜਾਬੀ ਦੇ ਇਸ ਗਾਇਕ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ, ਲਾਈਵ ਹੋਕੇ ਦੱਸਿਆ ਸੱਚ