ਚੰਡੀਗੜ੍ਹ:28 ਸਤੰਬਰ 2023 ਨੂੰ ਰਿਲੀਜ਼ ਹੋਈ ਐਮੀ ਵਿਰਕ ਸਟਾਰਰ 'ਗੱਡੀ ਜਾਂਦੀ ਏ ਛਲਾਂਗਾਂ ਮਾਰਦੀ' ਇੱਕ ਪਰਿਵਾਰਕ ਮੰਨੋਰੰਜਨ ਹੈ, ਜੋ ਦਾਜ-ਵਿਰੋਧੀ ਸਮਾਜਿਕ ਸੰਦੇਸ਼ ਬਾਰੇ ਗੱਲ ਕਰਦੀ ਹੈ। ਹੁਣ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਤੋਂ ਬਾਅਦ ਇਹ ਫਿਲਮ ਪੰਜਾਬੀ ਓਟੀਟੀ ਪਲੇਟਫਾਰਮ ਚੌਪਾਲ ਉਤੇ ਰਿਲੀਜ਼ ਹੋਣ ਜਾ ਰਹੀ ਹੈ।
ਜੀ ਹਾਂ, ਤੁਸੀਂ ਸਹੀ ਪੜਿਆ ਹੈ...ਐਮੀ ਵਿਰਕ ਅਤੇ ਜੈਸਮੀਨ ਬਾਜਵਾ ਦੀਆਂ ਮੁੱਖ ਭੂਮਿਕਾਵਾਂ ਵਾਲੀ ਇਹ ਪੰਜਾਬੀ ਫਿਲਮ ਨਵੇਂ ਵਰ੍ਹੇ ਯਾਨੀ ਕਿ ਸਾਲ 2024 ਦੇ ਜਨਵਰੀ ਮਹੀਨੇ ਦੀ 11 ਤਾਰੀਖ਼ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਭਾਰਤੀ ਬਾਕਸ ਆਫਿਸ ਉਤੇ 2 ਕਰੋੜ 15 ਲੱਖ ਦਾ ਕਲੈਕਸ਼ਨ ਕਰਨ ਵਾਲੀ ਇਸ ਫਿਲਮ ਦੀ ਕਹਾਣੀ ਬਾਰੇ ਗੱਲ਼ ਕਰੀਏ ਦਰਸ਼ਕਾਂ ਨੂੰ ਫਿਲਮ ਦੇ ਮਜ਼ੇਦਾਰ ਵਿਸ਼ੇ ਨੇ ਕਾਫੀ ਆਕਰਸ਼ਤ ਕੀਤਾ ਹੈ। ਫਿਲਮ ਦਾ ਮੁੱਖ ਅਦਾਕਾਰ ਐਮੀ ਵਿਰਕ ਕਾਰ ਦੀ ਮੰਗ ਕਰਨ ਵਾਲੇ ਆਪਣੇ ਮਾਤਾ-ਪਿਤਾ ਦੇ ਦਾਜ ਦੇ ਲਾਲਚ ਅਤੇ ਜੈਸਮੀਨ ਬਾਜਵਾ ਨਾਲ ਉਸਦੇ ਪਿਆਰ ਵਿਚਕਾਰ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰਦਾ ਹੈ, ਜਿਸ ਨਾਲ ਉਹ ਵਿਆਹ ਕਰਨਾ ਚਾਹੁੰਦਾ ਹੈ। ਫਿਲਮ ਵਿੱਚ ਅਸੀਂ ਐਮੀ ਅਤੇ ਉਸਦੇ ਪਰਿਵਾਰ ਨੂੰ ਹਾਸੋਹੀਣੀ ਸਥਿਤੀਆਂ ਅਤੇ ਮੁਸੀਬਤਾਂ ਦੀ ਇੱਕ ਲੜੀ ਫਸੇ ਹੋਏ ਦੇਖ ਸਕਦੇ ਹਾਂ।
'ਗੱਡੀ ਜਾਂਦੀ ਏ ਛਲਾਂਗਾਂ ਮਾਰਦੀ' ਦਿੱਗਜ ਨਿਰਦੇਸ਼ਕ ਸਮੀਪ ਕੰਗ ਦੁਆਰਾ ਨਿਰਦੇਸ਼ਤ ਹੈ, ਜੋ ਲੰਬੇ ਸਮੇਂ ਤੋਂ ਆਪਣੀ 'ਕੈਰੀ ਆਨ ਜੱਟਾ' ਦੀ ਲੜੀ ਲਈ ਜਾਣੇ ਜਾਂਦੇ ਹਨ, ਫਿਲਮ ਵਿੱਚ ਐਮੀ ਵਿਰਕ, ਬਿੰਨੂ ਢਿੱਲੋਂ, ਜੈਸਮੀਨ ਬਾਜਵਾ, ਜਸਵਿੰਦਰ ਭੱਲਾ, ਬੀਐਨ ਸ਼ਰਮਾ, ਮਾਹੀ ਸ਼ਰਮਾ, ਹਰਦੀਪ ਗਿੱਲ, ਮਲਕੀਤ ਰੌਣੀ, ਹਨੀ ਮੱਟੂ, ਸੀਮਾ ਕੌਸ਼ਲ, ਸਤਵਿੰਦਰ ਕੌਰ, ਪਰਮਿੰਦਰ ਗਿੱਲ, ਗੁਰੀ ਘੁੰਮਣ, ਮੋਹਨ ਕੰਬੋਜ ਅਤੇ ਵਿਜੇ ਟੰਡਨ ਵਰਗੇ ਹੋਰ ਵੀ ਕਾਫੀ ਸਾਰੇ ਮੰਝੇ ਹੋਏ ਕਲਾਕਾਰ ਹਨ।
ਫਿਲਮ ਬਾਰੇ ਹੋਰ ਗੱਲ ਕਰੀਏ ਤਾਂ 'ਗੱਡੀ ਜਾਂਦੀ ਏ ਛਲਾਂਗਾਂ ਮਾਰਦੀ' ਪੰਜਾਬੀ ਇੰਡਸਟਰੀ ਦੀਆਂ ਦੋ ਸਭ ਤੋਂ ਵਧੀਆ ਹਸਤੀਆਂ, ਨਿਰਦੇਸ਼ਕ ਸਮੀਪ ਕੰਗ ਅਤੇ ਲੇਖਕ ਨਰੇਸ਼ ਕਥੂਰੀਆ ਦੀ ਰਚਨਾ ਹੈ। ਇਸ ਜੋੜੀ ਨੇ ਪਾਲੀਵੁੱਡ ਨੂੰ 'ਕੈਰੀ ਆਨ ਜੱਟਾ' ਦੇ ਤਿੰਨੋਂ ਭਾਗਾਂ ਤੋਂ ਇਲਾਵਾ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਇਸ ਜੋੜੀ ਨੇ ਪਾਲੀਵੁੱਡ ਵਿੱਚ ਕਾਫੀ ਸਾਰੇ ਰਿਕਾਰਡ ਤੋੜੇ ਹਨ। ਹਾਲਾਂਕਿ 28 ਸਤੰਬਰ ਨੂੰ ਰਿਲੀਜ਼ ਹੋਣ ਤੋਂ ਬਾਅਦ ਫਿਲਮ ਨੇ ਬਾਕਸ ਆਫਿਸ ਉਤੇ ਖਾਸ ਪ੍ਰਦਰਸ਼ਨ ਨਹੀਂ ਕੀਤਾ ਪਰ ਫਿਲਮ ਵਿੱਚ ਮੌਜੂਦ ਦਿੱਗਜਾਂ ਦੀ ਕਾਮੇਡੀ ਨੇ ਸਰੋਤਿਆਂ ਤੋਂ ਫਿਲਮ ਨੂੰ ਕਾਫੀ ਤਾਰੀਫ਼ ਦਿਵਾਈ ਹੈ।