ਚੰਡੀਗੜ੍ਹ: ਪੰਜਾਬੀ ਸਿਨੇਮਾ ਜਗਤ ਵਿੱਚ ਆਏ ਦਿਨ ਨਵੇਂ ਧਮਾਕੇ ਹੁੰਦੇ ਰਹਿੰਦੇ ਹਨ, ਕਹਿਣ ਦਾ ਭਾਵ ਹੈ ਕਿ ਆਏ ਦਿਨ ਨਵੀਆਂ ਫਿਲਮਾਂ ਅਤੇ ਰਿਲੀਜ਼ ਮਿਤੀਆਂ ਦਾ ਐਲਾਨ ਹੁੰਦਾ ਰਹਿੰਦਾ ਹੈ। 2023 ਹੀ ਨਹੀਂ ਬਲਕਿ ਅਗਲੇ ਸਾਲ 2024 ਵਿੱਚ ਰਿਲੀਜ਼ ਹੋਣ ਵਾਲੀਆਂ ਫਿਲਮਾਂ ਦਾ ਵੀ ਐਲਾਨ ਹੁੰਦਾ ਰਹਿੰਦਾ ਹੈ। ਪਿਛਲੇ ਹਫ਼ਤੇ ਅਦਾਕਾਰ ਗਿੱਪੀ ਗਰੇਵਾਲ ਨੇ ਆਪਣੀ 2024 ਵਿੱਚ ਰਿਲੀਜ਼ ਹੋਣ ਵਾਲੀ ਫਿਲਮ 'ਮੰਜੇ ਬਿਸਤਰੇ 3' ਦਾ ਐਲਾਨ ਕੀਤਾ ਸੀ ਅਤੇ ਹੁਣ 'ਹੌਂਸਲਾ ਰੱਖ', 'ਸੌਂਕਣ-ਸੌਂਕਣੇ' ਵਰਗੀਆਂ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇਣ ਤੋਂ ਬਾਅਦ ਨਿਰਦੇਸ਼ਕ ਅਮਰਜੀਤ ਸਿੰਘ ਸਾਰੋਂ ਇੱਕ ਹੋਰ ਵੱਡੇ ਬਜਟ ਵਾਲੀ ਪੰਜਾਬੀ ਫ਼ਿਲਮ ਦਾ ਨਿਰਦੇਸ਼ਨ ਕਰਨ ਲਈ ਤਿਆਰ ਹਨ।
ਨਿਰਦੇਸ਼ਕ ਨੇ ਫਿਲਮ 'ਜੁਗਨੀ 1907' ਨਿਰਦੇਸ਼ਨ ਕਰਨ ਬਾਰੇ ਜਾਣਕਾਰੀ ਦਿੱਤੀ ਹੈ, ਜਿਸ ਵਿੱਚ ਐਮੀ ਵਿਰਕ ਅਤੇ ਕਰਮਜੀਤ ਅਨਮੋਲ ਮੁੱਖ ਭੂਮਿਕਾ ਵਿੱਚ ਹਨ। ਸੱਚੀਆਂ ਇਤਿਹਾਸਕ ਘਟਨਾਵਾਂ 'ਤੇ ਆਧਾਰਿਤ ਇਸ ਫਿਲਮ ਨੂੰ ਜੱਸ ਗਰੇਵਾਲ ਨੇ ਲਿਖਿਆ ਹੈ। ਅਮਰਜੀਤ ਦੇ ਅਨੁਸਾਰ 'ਜੁਗਨੀ 1907' ਦਾ ਉਤਪਾਦਨ ਮੁੱਲ ਅਤੇ ਟ੍ਰੀਟਮੈਂਟ ਵਿਸ਼ਵ ਪੱਧਰ ਦੇ ਮਾਪਦੰਡਾਂ ਦੇ ਅਨੁਕੂਲ ਹੋਣ ਜਾ ਰਿਹਾ ਹੈ ਅਤੇ ਪੰਜਾਬੀ ਸਿਨੇਮਾ ਵਿੱਚ ਆਪਣੀਆਂ ਹੱਦਾਂ ਨੂੰ ਇੱਕ ਨਵੇਂ ਪੱਧਰ 'ਤੇ ਧੱਕਦਾ ਹੋਇਆ ਇੱਕ ਨਵਾਂ ਮਾਪਦੰਡ ਸਥਾਪਤ ਕਰ ਸਕਦਾ ਹੈ।
ਜੀ ਹਾਂ...ਫਿਲਮ ਦੀ ਘੋਸ਼ਣਾ ਕਰਦੇ ਹੋਏ ਨਿਰਦੇਸ਼ਕ ਅਮਰਜੀਤ ਸਿੰਘ ਸਾਰੋਂ ਨੇ ਕਿਹਾ "ਇਤਿਹਾਸਕ ਘਟਨਾਵਾਂ 'ਤੇ ਆਧਾਰਿਤ ਫਿਲਮ 'ਤੇ ਕੰਮ ਕਰਨਾ ਇਕ ਸਨਮਾਨ ਅਤੇ ਚੁਣੌਤੀ ਦੋਵੇਂ ਹੈ। ਇਸ ਲਈ ਮੈਂ ਜੁਗਨੀ 1907 ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ। ਮੈਨੂੰ ਉਮੀਦ ਹੈ ਕਿ ਇਸ ਫਿਲਮ ਰਾਹੀਂ ਅਸੀਂ ਸਾਡੇ ਪੰਜਾਬੀ ਸਿਨੇਮਾ ਪ੍ਰੇਮੀਆਂ ਨੂੰ ਸੱਚਮੁੱਚ ਇੱਕ ਖਾਸ ਅਤੇ ਅਭੁੱਲ ਸਿਨੇਮਾ ਦਾ ਅਨੁਭਵ ਪ੍ਰਦਾਨ ਕਰਨ ਦੇ ਯੋਗ ਹੋਵਾਂਗੇ।"