ਪੰਜਾਬ

punjab

ETV Bharat / entertainment

Amarinder Gill: ਹਿੰਦੀ ਫਿਲਮੀ ਖਿੱਤੇ ’ਚ ਮਜ਼ਬੂਤ ਪੈੜ੍ਹਾਂ ਸਥਾਪਿਤ ਕਰਨ ਵੱਲ ਵਧੇ ਅਮਰਿੰਦਰ ਗਿੱਲ, ‘ਭਗਵਾਨ ਭਰੋਸੇ’ ਨੂੰ ਜਲਦ ਕਰਨਗੇ ਰਿਲੀਜ਼

Amarinder Gill: ਪੰਜਾਬੀ ਗਾਇਕ-ਅਦਾਕਾਰ ਅਮਰਿੰਦਰ ਸਿੰਘ ਪੰਜਾਬੀ ਤੋਂ ਬਾਅਦ ਹੁਣ ਹਿੰਦੀ ਫਿਲਮਾਂ ਦੇ ਖਿੱਤੇ ’ਚ ਵੀ ਮਜ਼ਬੂਤ ਪੈੜ੍ਹਾਂ ਸਥਾਪਿਤ ਕਰਨ ਵੱਲ ਵੱਧ ਰਹੇ ਹਨ। ਗਾਇਕ ਦੀ ਸੰਗੀਤਕ ਕੰਪਨੀ ‘ਰਿਧਮ ਬੁਆਏਜ਼’ ਵੱਲੋਂ ਆਉਣ ਵਾਲੀ ਹਿੰਦੀ ਫਿਲਮ ‘ਭਗਵਾਨ ਭਰੋਸੇ’ ਦੀ ਵਰਲਡ-ਵਾਈਡ ਪੇਸ਼ਕਾਰੀ ਕੀਤੀ ਜਾ ਰਹੀ ਹੈ।

Amarinder Gill
Amarinder Gill

By ETV Bharat Punjabi Team

Published : Sep 19, 2023, 12:17 PM IST

ਚੰਡੀਗੜ੍ਹ: ਪੰਜਾਬੀ ਫਿਲਮ ਅਤੇ ਸੰਗੀਤ ਇੰਡਸਟਰੀ ਵਿਚ ਬਤੌਰ ਅਦਾਕਾਰ ਅਤੇ ਗਾਇਕ ਵਿਲੱਖਣ ਅਤੇ ਸਫ਼ਲ ਪਹਿਚਾਣ ਸਥਾਪਿਤ ਕਰ ਚੁੱਕੇ ਹਨ ਅਮਰਿੰਦਰ ਗਿੱਲ, ਜਿੰਨ੍ਹਾਂ ਵੱਲੋਂ ਹੁਣ ਪੰਜਾਬੀ ਤੋਂ ਬਾਅਦ ਹਿੰਦੀ ਸਿਨੇਮਾ ਖੇਤਰ ਵਿਚ ਮਜ਼ਬੂਤ ਪੈੜ੍ਹਾਂ ਸਥਾਪਿਤ ਕਰਨ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ, ਜਿਸ ਦਾ ਆਗਾਜ਼ ਉਨ੍ਹਾਂ ਅਤੇ ਉਨ੍ਹਾਂ ਦੀ ਫਿਲਮ ਅਤੇ ਸੰਗੀਤਕ ਕੰਪਨੀ ‘ਰਿਧਮ ਬੁਆਏਜ਼’ ਵੱਲੋਂ ਆਉਣ ਵਾਲੀ ਹਿੰਦੀ ਫਿਲਮ ‘ਭਗਵਾਨ ਭਰੋਸੇ’ ਦੀ ਵਰਲਡ-ਵਾਈਡ ਡਿਸਟੀਬਿਊਸ਼ਨ ਨਾਲ ਕੀਤੀ ਜਾ ਰਹੀ ਹੈ।

‘ਪਲਾਟੋਨ ਵਨ ਫਿਲਮਜ਼’ ਦੇ ਬੈਨਰ ਹੇਠ ਬਣੀ ਇਸ ਬਹੁ-ਚਰਚਿਤ ਅਤੇ ਅਰਥ ਭਰਪੂਰ ਫਿਲਮ ਦਾ ਨਿਰਦੇਸ਼ਨ ਸ਼ਿਲਾਦਿਤਿਆ ਬੋਰਾ ਵੱਲੋਂ ਕੀਤਾ ਜਾਵੇਗਾ, ਜੋ ਇਸ ਫਿਲਮ ਨਾਲ ਨਿਰਦੇਸ਼ਨ ਦੇ ਤੌਰ 'ਤੇ ਬਾਲੀਵੁੱਡ ’ਚ ਆਪਣੀ ਪਲੇਠੀ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਪੰਜਾਬੀ ਸਿਨੇਮਾ ਲਈ ਬਣੀਆਂ ‘ਅੰਗਰੇਜ਼’, ‘ਜੋੜੀ’, ‘ਚੱਲ ਮੇਰਾ ਪੁੱਤ’, ‘ਚੱਲ ਮੇਰਾ ਪੁੱਤ 2’, ‘ਚੱਲ ਮੇਰਾ ਪੁੱਤ 3’ ਆਦਿ ਜਿਹੀਆਂ ਕਈ ਸੁਪਰ-ਡੁਪਰ ਹਿੱਟ ਫਿਲਮਾਂ ਤੋਂ ਇਲਾਵਾ ਹਾਲ ਹੀ ਵਿਚ ਰਿਲੀਜ਼ ਹੋਈ 'ਮੌੜ' ਜਿਹੀ ਚਰਚਿਤ ਫਿਲਮ ਦਾ ਨਿਰਮਾਣ ਕਰ ਚੁੱਕੇ ਅਮਰਿੰਦਰ ਗਿੱਲ ਅਤੇ ਕਾਰਜਕਾਰੀ ਨਿਰਮਾਤਾ ਕਾਰਜ ਗਿੱਲ ਵੱਲੋਂ ਆਪਣੀ ਕੰਪਨੀ ਰਿਧਮ ਬੁਆਏਜ਼ ਨੂੰ ਹੁਣ ਗਲੋਬਲ ਸਿਨੇਮਾ ਮਾਰਕੀਟ ਵਿਚ ਹੋਰ ਵਿਸਥਾਰ ਦੇਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

ਉਕਤ ਬਾਲੀਵੁੱਡ ਫਿਲਮ ਦੇ ਡਿਸਟੀਬਿਊਸ਼ਨ ਅਧਿਕਾਰ ਲੈਣ ਵਾਲੀਆਂ ਇੰਨ੍ਹਾਂ ਦੋਹਾਂ ਫਿਲਮੀ ਸ਼ਖ਼ਸ਼ੀਅਤਾਂ ਨੇ ਦੱਸਿਆ ਕਿ ਇੱਕ ਅਜਿਹੀ ਫਿਲਮ ਹੈ, ਜੋ 1980 ਦੇ ਦਹਾਕੇ ਵਿਚ ਭਾਰਤ ਦੇ ਇਕ ਛੋਟੇ ਜਿਹੇ ਪਿੰਡ ਵਿਚ ਵੱਡੇ ਹੋਏ ਆਮ ਪਰਿਵਾਰ ਬੱਚਿਆਂ ਭੋਲਾ ਅਤੇ ਸ਼ੰਭੂ ਦੇ ਆਪਣੀਆਂ ਸਮਰੱਥਾਵਾਂ ਉੱਤੇ ਵਿਸ਼ਵਾਸ਼ ਅਤੇ ਰਾਜਨੀਤੀ ਦੇ ਬਾਲ ਮਨਾਂ 'ਤੇ ਪੈਣ ਵਾਲੇ ਪ੍ਰਭਾਵ ਦੀ ਪੜ੍ਹਚੋਲ ਕਰਦੀ ਹੈ।

ਉਨਾਂ ਦੱਸਿਆ ਕਿ ਇਸ ਫਿਲਮ ਦੀ ਕਹਾਣੀ ਬਹੁਤ ਹੀ ਦਿਲ ਨੂੰ ਛੂਹ ਲੈਣ ਵਾਲੀ ਹੈ, ਜਿਸ ਦਾ ਬਹੁਤ ਹੀ ਉਮਦਾ ਲੇਖਨ ਸੁਧਾਕਰ ਨੀਲਮਣੀ ਦੁਆਰਾ ਕੀਤਾ ਹੈ। ਲੰਦਨ ਵਿਖੇ ਹੋਏ 25ਵੇਂ ਏਸ਼ੀਅਨ ਫਿਲਮ ਫੈਸਟੀਵਲ ਵਿਚ ਪ੍ਰਦਰਸ਼ਿਤ ਕੀਤੀ ਗਈ ਅਤੇ ਬੈਸਟ ਇੰਡੀਅਨ ਫਿਲਮ ਦਾ ਖ਼ਿਤਾਬ ਅਤੇ ਚੋਖੀ ਅੰਤਰਰਾਸ਼ਟਰੀ ਸਲਾਹੁਤਾ ਹਾਸਿਲ ਕਰ ਚੁੱਕੀ ਉਕਤ ਫਿਲਮ ਦੀ ਸਟਾਰਕਾਸਟ ਵਿਚ ਹਿੰਦੀ ਸਿਨੇਮਾ ਦੇ ਮੰਝੇ ਹੋਏ ਐਕਟਰ ਵਿਨੈ ਪਾਠਕ, ਸਤਿੰਦਰਾ ਸੋਨੀ, ਸਪਰਸ਼ ਸੁਮਨ, ਮੁਸਮਹ ਮੁਖੀਜ਼ਾ, ਮਨਰੁਸ਼ੀ ਚੱਢਾ ਆਦਿ ਲੀਡ ਭੂਮਿਕਾਵਾਂ ਨਿਭਾ ਰਹੇ ਹਨ।

ਹਿੰਦੀ ਸਿਨੇਮਾ ਨੂੰ ਨਵੀਆਂ ਕੰਟੈਂਟ ਸੰਭਾਵਨਾਵਾਂ ਨਾਲ ਅੋਤਪੋਤ ਕਰਨ ਦੀ ਪੂਰੀ ਸਮਰੱਥਾ ਰੱਖਦੀ ਇਸ ਫਿਲਮ ਨੂੰ ‘ਰਿਧਮ ਬੁਆਏਜ਼’ ਵੱਲੋਂ ਨਾਰਥ ਅਮਰੀਕਾ, ਕੈਨੇਡਾ, ਯੂ.ਕੇ, ਆਸਟ੍ਰੇਲੀਆ ਅਤੇ ਨਿਊਜੀਲੈਂਡ ਵਿਚ ਅਕਤੂਬਰ ਮਹੀਨੇ ਵਿੱਚ ਵੱਡੇ ਪੱਧਰ 'ਤੇ ਰਿਲੀਜ਼ ਕੀਤਾ ਜਾ ਰਿਹਾ ਹੈ, ਜਿਸ ਸੰਬੰਧੀ ਸਾਰੀਆਂ ਡਿਸਟੀਬਿਊਸ਼ਨ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਅਮਰਿੰਦਰ ਅਤੇ ਉਨਾਂ ਦੀ ਇਹ ਕੰਪਨੀ ਪੰਜਾਬੀ ਸਿਨੇਮਾ ਵਿਚ ਵੀ ਬਰਾਬਰਤਾ ਅਤੇ ਕਾਮਯਾਬੀ ਨਾਲ ਅੱਗੇ ਕਦਮ ਵਧਾ ਰਹੇ ਹਨ, ਜਿੰਨ੍ਹਾਂ ਅਧੀਨ ਇੰਨ੍ਹੀਂ ਦਿਨ੍ਹੀਂ ਅਮਰਿੰਦਰ ਗਿੱਲ ਖੁਦ ਐਕਟਿੰਗ ਦੀ ਬਜਾਏ ਫਿਲਮਾਂ ਦੇ ਨਿਰਮਾਣ ਵੱਲ ਜਿਆਦਾ ਤਵੱਜੋ ਦਿੰਦੇ ਨਜ਼ਰ ਆ ਰਹੇ ਹਨ, ਜਿੰਨ੍ਹਾਂ ਵੱਲੋਂ ਨਿਰਮਿਤ ਕੀਤੀ ਗਈ ‘ਗੋਲਕ ਬੁਗਨੀ ਬੈਂਕ ਤੇ ਬਟੂਆ 2’ ਵੀ ਰਿਲੀਜ਼ ਲਈ ਤਿਆਰ ਹੈ, ਜਿਸ ਵਿਚ ਹਰੀਸ਼ ਵਰਮਾ ਅਤੇ ਸਿੰਮੀ ਚਾਹਲ ਲੀਡ ਭੂਮਿਕਾਵਾਂ ਵਿਚ ਨਜ਼ਰ ਆਉਣਗੇ।

ABOUT THE AUTHOR

...view details