ਚੰਡੀਗੜ੍ਹ:ਕੁੱਝ ਸਮਾਂ ਪਹਿਲਾਂ ਪੰਜਾਬੀ ਫਿਲਮ 'ਪਿੰਡ ਅਮਰੀਕਾ' ਦਾ ਐਲਾਨ ਕੀਤਾ ਗਿਆ ਸੀ, ਜੋ ਕਿ ਸਿਮਰਨ ਸਿੰਘ ਦੁਆਰਾ ਲਿਖੀ ਅਤੇ ਨਿਰਦੇਸ਼ਤ ਕੀਤੀ ਗਈ ਹੈ। ਫਿਲਮ ਵਿੱਚ ਅਮਰ ਨੂਰੀ, ਬੀਕੇ ਸਿੰਘ ਰੱਖੜਾ, ਭਿੰਦਾ ਔਜਲਾ, ਪ੍ਰੀਤੋ ਸਾਹਨੀ, ਮਾਸਟਰ ਸੁਹੇਲ ਸਿੱਧੂ, ਕਮਰਜੀਤ ਨੀਰੂ ਆਦਿ ਮੰਝੇ ਹੋਏ ਕਲਾਕਾਰ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।
ਹੁਣ ਫਿਲਮ ਦੇ ਪੋਸਟਰ ਅਤੇ ਰਿਲੀਜ਼ ਮਿਤੀ ਨੇ ਇੱਕ ਵਾਰ ਫਿਰ ਮੰਨੋਰੰਜਨ ਜਗਤ ਵਿੱਚ ਚਰਚਾ ਪੈਦਾ ਕਰ ਦਿੱਤੀ ਹੈ। ਸੋਸ਼ਲ ਮੀਡੀਆ ਉਤੇ ਫਿਲਮ ਦੇ ਕਈ ਪੋਸਟਰ ਘੁੰਮ ਰਹੇ ਹਨ। ਹਾਲ ਹੀ ਵਿੱਚ ਫਿਲਮ ਦੀ ਰਿਲੀਜ਼ ਮਿਤੀ ਦਾ ਵੀ ਐਲਾਨ ਕੀਤਾ ਗਿਆ ਹੈ, ਜਿਸ ਅਨੁਸਾਰ ਫਿਲਮ 6 ਅਕਤੂਬਰ 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਤਾਜ਼ਾ ਅਪਡੇਟ ਦੱਸ ਦੇ ਹਨ ਕਿ ਫਿਲਮ ਦਾ ਟੀਜ਼ਰ ਕੱਲ੍ਹ ਯਾਨੀ ਕਿ 6 ਸਤੰਬਰ ਨੂੰ ਰਿਲੀਜ਼ ਹੋ ਜਾਵੇਗਾ।
ਹਰਚੰਦ ਸਿੰਘ ਦੁਆਰਾ ਨਿਰਮਿਤ ਫਿਲਮ ਦੀ ਕਾਫੀ ਸਮੇਂ ਤੋਂ ਸ਼ੂਟਿੰਗ ਕੈਨੇਡਾ ਅਤੇ ਲੰਦਨ ਦੇ ਇਲਾਕਿਆਂ ਵਿੱਚ ਚੱਲ ਰਹੀ ਸੀ, ਫਿਲਮ ਦਾ ਸੰਗੀਤ ਅਮਦਾਦ ਅਲੀ ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਗੀਤਾਂ ਨੂੰ ਅਵਾਜ਼ਾਂ ਫਿਰੋਜ਼ ਖਾਨ, ਅਮਰ ਨੂਰੀ, ਰਵੀ ਥਿੰਦ, ਸਾਰੰਗ ਸਿਕੰਦਰ ਵੱਲੋਂ ਦਿੱਤੀਆਂ ਗਈਆਂ ਹਨ।
ਫਿਲਮ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਨਿਰਮਾਣ ਟੀਮ ਨੇ ਦੱਸਿਆ ਹੈ ਕਿ ਫਿਲਮ ਜੜ੍ਹਾਂ ਅਤੇ ਸੱਭਿਆਚਾਰ ਤੋਂ ਦੂਰ ਹੁੰਦੀ ਜਾ ਰਹੀ ਨੌਜਵਾਨ ਪੀੜੀ ਨੂੰ ਦੁਬਾਰਾ ਆਪਣੇ ਵਿਰਸੇ ਅਤੇ ਕਦਰਾਂ-ਕੀਮਤਾਂ ਨਾਲ ਜੋੜਨ ਦੀ ਕੋਸ਼ਿਸ਼ ਕਰੇਗੀ। ਫਿਲਮ ਦੀ ਕਹਾਣੀ ਦਾ ਮੁੱਖ ਬਿੰਦੂ ਪਰਿਵਾਰਕ ਗੁੰਝਲਾਂ ਹਨ, ਜੋ ਪੁਰਾਣੇ ਸਮੇਂ ਦੀਆਂ ਕਈ ਚੀਜ਼ਾਂ ਦੀ ਤਰਜ਼ਮਾਨੀ ਕਰਦੀਆਂ ਨਜ਼ਰ ਆਉਣਗੀਆਂ। ਫਿਲਮ ਦੇ ਪੋਸਟ ਪ੍ਰੋਡੋਕਸ਼ਨ ਕੰਮ ਚੰਡੀਗੜ੍ਹ ਦੇ ਸਿਮਰਨ ਪ੍ਰੋਡੋਕਸ਼ਨ ਡਬਿੰਗ ਸਟੂਡਿਓਜ਼ ਵਿਚ ਮੁਕੰਮਲ ਕੀਤੇ ਜਾ ਰਹੇ ਹਨ।