ਚੰਡੀਗੜ੍ਹ: ਪੰਜਾਬੀ ਸਿਨੇਮਾ ਖੇਤਰ ਵਿੱਚ ਬਤੌਰ ਕਰੈਕਟਰ ਆਰਟਿਸਟ ਨਿਵੇਕਲੀ ਅਤੇ ਸਫ਼ਲ ਪਹਿਚਾਣ ਕਾਇਮ ਕਰ ਚੁੱਕੇ ਗੁਰਮੀਤ ਸਾਜਨ ਅੱਜਕੱਲ੍ਹ ਗਾਇਕੀ ਜਗਤ ਵਿੱਚ ਨਵੇਂ ਦਿਸਹਿੱਦੇ ਸਿਰਜਣ ਵੱਲ ਵੱਧ ਰਹੇ ਹਨ, ਜੋ ਦੋਗਾਣੇ 'ਮੈਂ ਤੇ ਮਾਹੀ' ਦੁਆਰਾ ਜਲਦ ਦਰਸ਼ਕਾਂ ਅਤੇ ਸਰੋਤਿਆਂ ਸਨਮੁੱਖ ਹੋਣ ਜਾ ਰਹੇ ਹਨ।
'ਜੀ.ਐਸ ਰਿਕਾਰਡਜ਼' ਦੇ ਲੇਬਲ ਅਧੀਨ ਸੰਗੀਤਕ ਮਾਰਕੀਟ ਵਿੱਚ ਜਾਰੀ ਕੀਤੇ ਜਾ ਰਹੇ ਇਸ ਦੋਗਾਣਾ ਗਾਣੇ ਵਿੱਚ ਸਹਿ-ਗਾਇਕਾ ਵਜੋਂ ਪਾਲੀ ਸਿੱਧੂ ਵੱਲੋਂ ਆਪਣੀ ਆਵਾਜ਼ ਦਿੱਤੀ ਗਈ ਹੈ, ਜੋ ਇਸ ਸੰਬੰਧਤ ਮਿਊਜ਼ਿਕ ਵੀਡੀਓ ਵਿੱਚ ਵੀ ਗੁਰਮੀਤ ਸਾਜਨ ਨਾਲ ਫ਼ੀਚਰਿੰਗ ਕਰਦੀ ਵਿਖਾਈ ਦੇਵੇਗੀ।
ਜਲਦ ਵੱਖ-ਵੱਖ ਚੈਨਲਾਂ ਅਤੇ ਸੰਗੀਤਕ ਪਲੇਟਫ਼ਾਰਮ 'ਤੇ ਜਾਰੀ ਕੀਤੇ ਜਾ ਰਹੇ ਇਸ ਗਾਣੇ ਦਾ ਮਿਊਜ਼ਿਕ ਬਿੱਟਾ ਗਿੱਲ ਦੁਆਰਾ ਤਿਆਰ ਕੀਤਾ ਗਿਆ ਹੈ, ਜਿੰਨ੍ਹਾਂ ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਆਰ, ਸਨੇਹ ਭਰੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦੇ ਇਸ ਗਾਣੇ ਵਿੱਚ ਪੰਜਾਬੀ ਵੰਨਗੀਆਂ ਦੇ ਵੀ ਰੰਗ ਸੁਣਨ ਅਤੇ ਵੇਖਣ ਨੂੰ ਮਿਲਣਗੇ।
ਉਨ੍ਹਾਂ ਦੱਸਿਆ ਕਿ ਗਾਣੇ ਦੇ ਬੋਲ ਸ਼ੈਰੀ ਕਟਾਰੀਆ ਅਤੇ ਗਿੱਲ ਛੱਤੇਆਣਾ ਨੇ ਲਿਖੇ ਹਨ, ਜੋ ਸੰਗੀਤਕ ਖੇਤਰ ਵਿੱਚ ਮਿਆਰੀ ਗੀਤਕਾਰੀ ਨੂੰ ਹੁਲਾਰਾ ਦੇਣ ਵਿੱਚ ਪਿਛਲੇ ਕਾਫ਼ੀ ਸਮੇਂ ਤੋਂ ਅਹਿਮ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮੋਲੋਡੀਅਸ ਸੰਗੀਤ ਨਾਲ ਸੰਜੋਏ ਗਏ ਇਸ ਦੋਗਾਣਾ ਗਾਣੇ ਵਿੱਚ ਇੱਕ ਜੋੜੇ ਦੀਆਂ ਨੋਕ-ਝੋਕ ਭਰੀਆਂ ਆਪਸੀ ਭਾਵਨਾਵਾਂ ਦਾ ਵਰਣਨ ਬਹੁਤ ਹੀ ਪ੍ਰਭਾਵੀ ਅਤੇ ਖੂਬਸੂਰਤ ਅੰਦਾਜ਼ ਵਿੱਚ ਕੀਤਾ ਗਿਆ ਹੈ, ਜਿਸ ਨੂੰ ਦੋਨੋਂ ਕਲਾਕਾਰਾਂ ਅਤੇ ਫ਼ਨਕਾਰਾਂ ਵੱਲੋਂ ਬਹੁਤ ਹੀ ਸ਼ਾਨਦਾਰ ਅੰਦਾਜ਼ ਵਿੱਚ ਅੰਜ਼ਾਮ ਦਿੱਤਾ ਗਿਆ ਹੈ।
ਉਕਤ ਸੰਗੀਤਕ ਪ੍ਰੋਜੈਕਟ ਸੰਬੰਧੀ ਅਦਾਕਾਰ ਅਤੇ ਹੁਣ ਗਾਇਕ ਦੇ ਤੌਰ 'ਤੇ ਵੀ ਬਰਾਬਰ ਆਪਣੀ ਪ੍ਰਭਾਵਸ਼ਾਲੀ ਮੌਜੂਦਗੀ ਦਾ ਇਜ਼ਹਾਰ ਕਰਵਾਉਣ ਵੱਲ ਵੱਧ ਰਹੇ ਗੁਰਮੀਤ ਸਾਜਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਹਾਲ ਹੀ ਵਿੱਚ ਜਾਰੀ ਕੀਤੇ ਗਏ ਅਤੇ ਪੰਜਾਬ ਦੇ ਕਰੰਟ ਮੁੱਦਿਆਂ ਦੀ ਤਰਜ਼ਮਾਨੀ ਕਰਦੇ ਉਨ੍ਹਾਂ ਦੇ ਸੰਗੀਤਕ ਟਰੈਕ 'ਫਿਕਰ ਏ ਪੰਜਾਬ' ਨੂੰ ਉਨ੍ਹਾਂ ਦੇ ਚਾਹੁੰਣ ਵਾਲਿਆਂ ਅਤੇ ਮਿਆਰੀ ਗੀਤ ਸੰਗੀਤ ਸੁਣਨ ਦੀ ਤਾਂਘ ਰੱਖਦੇ ਸਰੋਤਿਆਂ ਅਤੇ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਸੀ, ਜਿਸ ਨੂੰ ਮਿਲੇ ਹੁੰਗਾਰੇ ਉਪਰੰਤ ਹੀ ਉਹ ਆਪਣਾ ਇਹ ਨਵਾਂ ਗਾਣਾ ਦੋਗਾਣੇ ਦੇ ਰੂਪ ਵਿੱਚ ਦਰਸ਼ਕਾਂ ਸਨਮੁੱਖ ਕਰਨ ਜਾ ਰਹੇ ਹਨ।
ਆਪਣੀਆਂ ਆਗਾਮੀ ਫਿਲਮੀ ਯੋਜਨਾਵਾਂ ਸੰਬੰਧੀ ਗੱਲ ਕਰਦਿਆਂ ਉਹਨਾਂ ਨੇ ਦੱਸਿਆ ਕਿ ਉਹਨਾਂ ਦੀਆਂ ਕਈ ਪੰਜਾਬੀ ਫਿਲਮਾਂ ਫਲੌਰ 'ਤੇ ਹਨ, ਜਿਸ ਤੋਂ ਇਲਾਵਾ ਜਲਦ ਹੀ ਕੁਝ ਰਿਲੀਜ਼ ਵੀ ਹੋਣ ਜਾ ਰਹੀਆਂ ਹਨ।