ਚੰਡੀਗੜ੍ਹ: ਪੰਜਾਬੀ ਸਾਹਿਤ, ਕਲਾ ਅਤੇ ਫਿਲਮੀ ਗਲਿਆਰਿਆਂ ਵਿਚ ਸਤਿਕਾਰਿਤ ਅਤੇ ਮੰਨੀ ਪ੍ਰਮੰਨੀ ਸ਼ਖ਼ਸ਼ੀਅਤ ਵਜੋਂ ਆਪਣਾ ਨਾਂ ਦਰਜ ਕਰਵਾਉਂਦੇ ਵਰਿਆਮ ਮਸਤ, ਜਿੰਨ੍ਹਾਂ ਵੱਲੋਂ ਨਿਰਦੇਸ਼ਿਤ ਕੀਤੇ ਜਾ ਰਹੇ ਨਾਟਕ 'ਅੱਜ ਦੀ ਸਾਹਿਬਾਂ' ਦਾ ਇੰਨ੍ਹੀਂ ਦਿਨ੍ਹੀਂ ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਵਿਚ ਸਫ਼ਲ ਮੰਚਨ ਜਾਰੀ ਹੈ।
ਨਿਰਦੇਸ਼ਕ ਸੌਂਗ ਅਤੇ ਡਰਾਮਾ ਡਿਵੀਜ਼ਨ ਮਨਿਸਟਰੀ ਆਫ਼ ਇੰਨਫ਼ਰੋਮੇਸ਼ਨ ਅਤੇ ਬਰਾਡਕਾਸਟਿੰਗ ਗੌਰਮਿੰਟ ਆਫ਼ ਇੰਡੀਆਂ ਦੇ ਤੌਰ 'ਤੇ ਲੰਮਾ ਸਮਾਂ ਕਾਰਜਸ਼ੀਲ ਰਹੇ ਵਰਿਆਮ ਮਸਤ ਪਿਛਲੇ ਲੰਮੇ ਸਮੇਂ ਤੋਂ ਪੰਜਾਬੀਅਤ ਵੰਨਗੀਆਂ ਨੂੰ ਦੇਸ਼, ਵਿਦੇਸ਼ ਵਿਚ ਪ੍ਰਫੁੱਲਤ ਕਰਨ ਵਿਚ ਅਹਿਮ ਯੋਗਦਾਨ ਪਾ ਰਹੇ ਹਨ, ਜਿੰਨ੍ਹਾਂ ਵੱਲੋਂ ਸੱਤ ਸੁਮੰਦਰ ਪਾਰ ਤੱਕ ਕੀਤੇ ਜਾ ਰਹੇ ਇੰਨ੍ਹਾਂ ਉਪਰਾਲਿਆਂ ਦੇ ਸਦਕਾ ਪੰਜਾਬ ਦੀਆਂ ਕਈ ਨਾਮਵਰ ਸੰਸਥਾਵਾਂ ਵੱਲੋਂ ਉਨ੍ਹਾਂ ਨੂੰ ਕਈ ਵਾਰ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ।
ਪੰਜਾਬ ਅਤੇ ਪੰਜਾਬੀਅਤ ਕਦਰਾਂ ਕੀਮਤਾਂ ਨੂੰ ਜਿਉਂਦਿਆਂ ਰੱਖਣ ਲਈ ਲਗਾਤਾਰ ਯਤਨਸ਼ੀਲ ਇਹ ਮਾਣਮੱਤੀ ਹਸਤੀ ਪੰਜਾਬੀ ਸਿਨੇਮਾ ਨੂੰ ਵੀ ਅਸਲ ਮੁਹਾਂਦਰਾ ਦੇਣ ਲਈ ਦਿਨ-ਰਾਤ ਇਕ ਕਰ ਰਹੀ ਹੈ, ਜਿਸ ਦੇ ਮੱਦੇਨਜ਼ਰ ਉਨਾਂ ਵੱਲੋਂ ਮਾਲਵਾ ਖਿੱਤੇ ਵਿਚ ਅਜਿਹੀ ਫਿਲਮਸਿਟੀ ਵੀ ਸਥਾਪਨਾ ਕੀਤੀ ਜਾ ਚੁੱਕੀ ਹੈ, ਜਿਸ ਵਿਚ ਅਸਲ ਵਿਰਸੇ ਅਤੇ ਵੰਨਗੀਆਂ ਦੀ ਝਲਕ ਹਰ ਪਾਸੇ ਨਜ਼ਰੀ ਆਉਂਦੀ ਹੈ, ਜਿਸ ਨੂੰ ਆਉਣ ਵਾਲੇ ਦਿਨ੍ਹਾਂ ਵਿਚ ਸਿਲਵਰ ਸਕਰੀਨ 'ਤੇ ਪ੍ਰਤੀਬਿੰਬ ਕਰਨ ਲਈ ਵੀ ਉਹ ਵਿਸ਼ੇਸ਼ ਤਰੱਦਦ ਕਰਨ ਵਿਚ ਜੁੱਟ ਚੁੱਕੇ ਹਨ।
ਨਿਰਦੇਸ਼ਕ ਦੇ ਤੌਰ 'ਤੇ ਕੈਨੇਡੀਅਨ ਦਰਸ਼ਕਾਂ ਸਨਮੁੱਖ ਪੇਸ਼ ਕੀਤੇ ਜਾ ਰਹੇ ਉਕਤ ਨਾਟਕ ਸੰਬੰਧੀ ਉਨਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਰੰਗਲੇ ਰਹੇ ਪੰਜਾਬ ਅਤੇ ਅਜੌਕੇ ਸਮੇਂ ਵਿਚ ਆਏ ਆਧੁਨਿਕ ਸੋਚ ਬਦਲਾਅ 'ਤੇ ਆਧਾਰਿਤ ਇਸ ਨਾਟਕ ਦੁਆਰਾ ਨੌਜਵਾਨ ਪੀੜ੍ਹੀ ਦੀ ਪੱਛਮੀ ਰੰਗਾਂ ਵਿਚ ਰੰਗ ਰਹੀ ਅਜੋਕੀ ਮਾਨਸਿਕਤਾ, ਆਪਸੀ ਰਿਸ਼ਤਿਆਂ ਪ੍ਰਤੀ ਉਨਾਂ ਦੀ ਗੰਭੀਰਤਾ ਜਿਹੇ ਪਹਿਲੂਆਂ ਨੂੰ ਬਹੁਤ ਹੀ ਭਾਵਨਾਤਮਕ ਅਤੇ ਦਿਲਚਸਪ ਢੰਗ ਨਾਲ ਉਜ਼ਾਗਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਟਰਾਂਟੋਂ ਅਤੇ ਉਥੋਂ ਦੇ ਆਸਪਾਸ ਹੋਰ ਕਈ ਸ਼ਹਿਰਾਂ ਵਿਚ ਵਿਖਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਰਿਸ਼ਤੇ ਚਾਹੇ ਸਮਾਜਿਕ ਹੋਣ ਜਾਂ ਫਿਰ ਪਰਿਵਾਰਿਕ ਉਨਾਂ ਵਿਚ ਪਹਿਲਾਂ ਵਾਲੀਆਂ ਸਾਂਝਾ ਹੁਣ ਅਤੀਤ ਦੀਆਂ ਗਹਿਰਾਈਆਂ ਵਿਚ ਦਫ਼ਨ ਹੋ ਚੁੱਕੀਆਂ ਹਨ, ਜਿਸ ਅਧੀਨ ਟੁੱਟ ਚੁੱਕੀਆਂ ਆਪਸੀ ਤੰਦਾਂ ਨੂੰ ਜੋੜਨ ਲਈ ਹੀ ਇਕ ਉਪਰਾਲੇ ਵਜੋਂ ਵਜ਼ੂਦ ਵਿਚ ਲਿਆਂਦਾ ਗਿਆ ਹੈ ਇਹ ਨਾਟਕ, ਜਿਸ ਨੂੰ ਹਰ ਵਰਗ ਖਾਸ ਕਰ ਨੌਜਵਾਨ ਵਰਗ ਦਾ ਵੀ ਭਰਵਾਂ ਹੁੰਗਾਰਾਂ ਮਿਲ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਮਿਆਰੀ ਨਾਟਕ, ਸਾਹਿਤ ਦੇ ਨਾਲ ਨਾਲ ਚੰਗੀਆਂ ਫਿਲਮਾਂ ਪ੍ਰਤੀ ਲੋਕਾਂ ਅਤੇ ਨੌਜਵਾਨਾਂ ਨੂੰ ਜੋੜਨ ਲਈ ਹਰ ਸੰਭਵ ਕੋਸ਼ਿਸ਼ਾਂ ਦੀ ਲੜ੍ਹੀ ਉਨਾਂ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਦੇ ਚਲਦਿਆਂ ਜਲਦ ਹੀ ਉਹ ਨਿਰਦੇਸ਼ਕ ਦੇ ਤੌਰ 'ਤੇ ਆਪਣੀ ਪਲੇਠੀ ਪੰਜਾਬੀ ਫਿਲਮ ਵੀ ਸ਼ੁਰੂ ਕਰਨ ਜਾ ਰਹੇ ਹਨ, ਜੋ ਬਹੁਤ ਹੀ ਦਿਲ ਨੂੰ ਛੂਹ ਜਾਣ ਵਾਲੀ ਪੰਜਾਬੀਅਤ ਤਰਜ਼ਮਾਨੀ ਕਰਦੀ ਕਹਾਣੀ ਆਧਾਰਿਤ ਹੋਵੇਗੀ।