ਚੰਡੀਗੜ੍ਹ: ਦੁਬਈ ਵਿਖੇ ਆਯੋਜਿਤ ਹੋਣ ਜਾ ਰਹੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਪੰਜਾਬੀ ਫਿਲਮ 'ਅੱਜ ਦੇ ਲੱਫੰਗੇ' ਵੀ ਆਪਣੀ ਸ਼ਾਨਦਾਰ ਮੌਜੂਦਗੀ ਦਰਜ ਕਰਵਾਉਣ ਜਾ ਰਹੀ ਹੈ, ਜਿਸ ਦਾ ਲੇਖਨ ਅਤੇ ਨਿਰਦੇਸ਼ਨ ਅਲਹਦਾ ਫਿਲਮਜ਼ ਦੀ ਸਿਰਜਨਾ ਵਿੱਚ ਲਗਾਤਾਰ ਅਹਿਮ ਭੂਮਿਕਾ ਨਿਭਾ ਰਹੇ ਫਿਲਮਕਾਰ ਬਲਜਿੰਦਰ ਸਿੰਘ ਸਿੱਧੂ ਵੱਲੋਂ ਕੀਤਾ ਗਿਆ ਹੈ।
'ਬੀਆਰ ਪੰਨਾ ਫਿਲਮਜ਼' ਦੁਆਰਾ ਪੇਸ਼ ਕੀਤੀ ਜਾ ਰਹੀ ਹੈ ਅਤੇ 'ਪਨਾਗ ਫਿਲਮਜ਼ ਦੇ ਬੈਨਰ' ਹੇਠ ਬਣੀ ਇਸ ਫਿਲਮ ਦਾ ਨਿਰਮਾਣ ਬਲਦੇਵ ਰਾਜ ਪੰਨਾ, ਪ੍ਰੇਮ ਪਨਾਗ ਅਤੇ ਡਾ. ਬਲਜਿੰਦਰ ਭੱਲਾ ਵੱਲੋਂ ਕੀਤਾ ਗਿਆ ਹੈ।
ਉਕਤ ਫਿਲਮ ਦੇ ਅਹਿਮ ਪਹਿਲੂਆਂ ਅਤੇ ਫੈਸਟੀਵਲ ਵਿੱਚ ਇਸ ਦੀ ਹੋਣ ਜਾ ਰਹੀ ਸ਼ਮੂਲੀਅਤ ਸੰਬੰਧੀ ਨਿਰਦੇਸ਼ਕ ਬਲਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਨੌਜਵਾਨੀ ਮਨ੍ਹਾਂ ਦੀ ਤਰਜ਼ਮਾਨੀ ਕਰਦੀ ਇਸ ਫਿਲਮ ਦਾ ਸੰਗੀਤ ਫ਼ੋਕ ਸਟਾਈਲ, ਦੇਸੀ ਰੂਟਜ, ਕੰਵਲਜੀਤ ਬਬਲੂ ਨੇ ਤਿਆਰ ਕੀਤਾ ਹੈ, ਜਦਕਿ ਇਸ ਦੇ ਗੀਤਾਂ ਦੀ ਰਚਨਾ ਅਵਤਾਰ ਮਲ, ਰਾਜੂ ਜੋਟਾਣਾ, ਸੋਨੂੰ ਪਨਾਹ, ਮਨਜਿੰਦਰ ਕੈਲੀ ਨੇ ਕੀਤੀ ਹੈ ਅਤੇ ਪਿੱਠਵਰਤੀ ਗਾਇਕਾਂ ਵਜੋਂ ਆਵਾਜ਼ਾਂ ਪ੍ਰਭ ਗਿੱਲ, ਜੈਸਮੀਨ ਅਖਤਰ, ਨਛੱਤਰ ਗਿੱਲ, ਰਾਜਨ ਗਿੱਲ ਨੇ ਦਿੱਤੀਆਂ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਨਵੇਂ ਅਤੇ ਪ੍ਰਤਿਭਾਵਾਨ ਚਿਹਰਿਆਂ ਨਾਲ ਸਜੀ ਇਸ ਫਿਲਮ ਦੀ ਸਿਟੇਮਾਟੋਗ੍ਰਾਫ਼ਰੀ ਨੰਦਲਾਲ ਚੌਧਰੀ ਦੀ ਹੈ, ਜੋ ਬਾਲੀਵੁੱਡ ਅਤੇ ਪੰਜਾਬੀ ਸਿਨੇਮਾ ਦੀਆਂ ਕਈ ਵੱਡੀਆਂ ਫਿਲਮਾਂ ਨੂੰ ਬਤੌਰ ਕੈਮਰਾਮੈਨ ਖੂਬਸੂਰਤ ਮੁਹਾਂਦਰਾ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਪੂਰੀ ਟੀਮ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਦੁਬਈ ਵਿਖੇ ਹੋਣ ਜਾ ਰਹੇ ਉਕਤ ਪਲੇਠੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਇਸ ਫਿਲਮ ਨੂੰ ਆਪਣੀ ਭਾਗੀਦਾਰੀ ਦਰਜ ਕਰਵਾਉਣ ਦਾ ਅਵਸਰ ਮਿਲ ਰਿਹਾ ਹੈ, ਜੋ ਪੰਜਾਬੀ ਸਿਨੇਮਾ ਦਾ ਪਸਾਰਾ ਹੋਰ ਗਲੋਬਲੀ ਕਰਨ ਵਿੱਚ ਵੀ ਅਹਿਮ ਯੋਗਦਾਨ ਪਾਵੇਗੀ।
ਫਿਲਮ ਦੇ ਥੀਮ ਸੰਬੰਧੀ ਚਰਚਾ ਕਰਦਿਆਂ ਉਨਾਂ ਕਿਹਾ ਕਿ ਫਿਲਮ ਦੀ ਕਹਾਣੀ ਅਜਿਹੇ ਨੌਜਵਾਨਾਂ 'ਤੇ ਆਧਾਰਿਤ ਹੈ, ਜੋ ਆਪਣੇ ਕਰੀਅਰ ਨੂੰ ਗੰਭੀਰਤਾ ਨਾਲ ਲੈਣ ਦੀ ਬਜਾਏ ਲਾਪਰਵਾਹੀ ਭਰਿਆ ਜੀਵਨ ਜੀਣਾ ਜਿਆਦਾ ਪਸੰਦ ਕਰਦੇ ਹਨ, ਪਰ ਇੱਕ ਦਿਨ ਉਨਾਂ ਦੀ ਜਿੰਦਗੀ ਪ੍ਰਤੀ ਇਹੀ ਸੋਚ ਉਨਾਂ ਲਈ ਬਹੁਤ ਸਾਰੀਆਂ ਔਕੜਾਂ ਪੈਦਾ ਕਰਨ ਦਾ ਵੀ ਸਬੱਬ ਬਣ ਜਾਂਦੀ ਹੈ, ਜਿਨ੍ਹਾਂ ਨਾਲ ਉਹ ਕਿੰਝ ਜੂਝਦੇ ਹਨ ਅਤੇ ਕਿਸ ਤਰ੍ਹਾਂ ਲੀਹ 'ਤੇ ਆਉਂਦੇ ਹਨ, ਇਸੇ 'ਤੇ ਆਧਾਰਿਤ ਹੈ ਉਨਾਂ ਦੀ ਇਹ ਫਿਲਮ, ਜਿਸ ਦੁਆਰਾ ਨੌਜਵਾਨ ਵਰਗ ਨੂੰ ਜੀਵਨ ਵਿਚ ਸਹੀ ਦਿਸ਼ਾ ਅਪਨਾਉਣ ਅਤੇ ਆਵਾਰਾਗਰਦੀ ਨੂੰ ਹੀ ਆਪਣਾ ਮਕਸਦ ਸਮਝਣ ਦੀ ਬਜਾਏ ਇੱਕ ਟਾਰਗੇਟ ਨਿਰਧਾਰਿਤ ਕਰਕੇ ਅੱਗੇ ਵਧਣ ਲਈ ਪ੍ਰੇਰਣਾ ਵੀ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਫਿਲਮ ਦਾ ਖਾਸ ਆਕਰਸ਼ਨ ਨੌਜਵਾਨ ਅਦਾਕਾਰ ਦੀਪ ਮਾਂਡੀਆ ਵੀ ਹੋਣਗੇ, ਜੋ ਇਸ ਤੋਂ ਪਹਿਲਾਂ 'ਕੱਚੇ ਧਾਗੇ' ਅਤੇ 'ਯੈਸ ਆਈ ਐਮ ਸਟੂਡੈਂਟ' ਜਿਹੀਆਂ ਕਈ ਚਰਚਿਤ ਫਿਲਮਾਂ ਵਿਚ ਪ੍ਰਭਾਵੀ ਕਿਰਦਾਰ ਅਦਾ ਕਰ ਚੁੱਕੇ ਹਨ।